July 4, 2024 11:05 pm
Patiala

ਗੁਰਦੁਆਰਾ ਦੂਖ ਨਿਵਾਰਨ ਸਾਹਿਬ ‘ਚ ਕਤਲ ‘ਤੇ SSP ਵਰੁਣ ਸ਼ਰਮਾ ਦਾ ਬਿਆਨ, ਮਾਨਸਿਕ ਤੌਰ ‘ਤੇ ਬਿਮਾਰ ਸੀ ਮ੍ਰਿਤਕ ਔਰਤ

ਚੰਡੀਗੜ੍ਹ,15 ਮਈ 2023: ਪਟਿਆਲਾ (Patiala) ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਐਤਵਾਰ ਦੇਰ ਰਾਤ ਵਜੇ ਇੱਕ ਸ਼ਰਧਾਲੂ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਕਤਲ ਕਰਦਾ ਦਿੱਤਾ । ਦੋਸ਼ ਹੈ ਕਿ ਔਰਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਰੋਵਰ ਕੋਲ ਸ਼ਰਾਬ ਪੀ ਰਹੀ ਸੀ। ਗੋਲੀਬਾਰੀ ‘ਚ ਇਕ ਸੇਵਾਦਾਰ ਵੀ ਜ਼ਖਮੀ ਹੋ ਗਿਆ। ਗੋਲੀਆਂ ਮਾਰਨ ਵਾਲੇ ਦਾ ਨਾਂ ਨਿਰਮਲਜੀਤ ਸਿੰਘ ਹੈ ਅਤੇ ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਉਹ ਪ੍ਰਾਪਰਟੀ ਡੀਲਰ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਸੀ। ਉਹ ਪਹਿਲਾਂ ਪੀਜੀ ਵਿੱਚ ਰਹਿੰਦੀ ਸੀ। ਪਤਾ ਲੱਗਾ ਕਿ ਔਰਤ ਸ਼ਰਾਬ ਦੀ ਆਦੀ ਸੀ। ਉਹ ਵੀ ਪਟਿਆਲਾ ਦੇ ਹੀ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਜ਼ੇਰੇ ਇਲਾਜ ਸੀ। ਇਹ ਔਰਤ ਬੀਤੇ ਦਿਨ ਜ਼ੀਰਕਪੁਰ ਤੋਂ ਬੱਸ ਵਿੱਚ ਬੈਠ ਕੇ ਪਟਿਆਲਾ ਆਈ ਸੀ। ਜਿਸ ਰਿਵਾਲਵਰ ਤੋਂ ਗੋਲੀ ਚਲਾਈ ਗਈ ਉਹ ਲਾਇਸੈਂਸੀ ਹੈ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ।

ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠੀ ਸ਼ਰਾਬ ਪੀ ਰਹੀ ਸੀ। ਜਿਸ ਕਾਰਨ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਹ ਔਰਤ ਨੂੰ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਸ਼ਰਾਬ ਦੀ ਬੋਤਲ ਨਾਲ ਸਟਾਫ ‘ਤੇ ਹਮਲਾ ਕਰ ਦਿੱਤਾ।

ਸੇਵਾਦਾਰ ਔਰਤ ਤੋਂ ਪੁੱਛ-ਪੜਤਾਲ ਕਰ ਰਹੇ ਸਨ ਤਾਂ ਦੋਸ਼ੀ ਨਿਰਮਲਜੀਤ ਉਥੇ ਆ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਗੋਲੀਆਂ ਚਲਾਈਆਂ। ਔਰਤ ਨੂੰ ਤਿੰਨ ਗੋਲੀਆਂ ਲੱਗੀਆਂ, ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਸੇਵਾਦਾਰ ਸਾਗਰ ਕੁਮਾਰ ਨੂੰ ਵੀ ਗੋਲੀ ਲੱਗੀ। ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਹੈ।

ਸੇਵਾਦਾਰ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ

ਜ਼ਖਮੀ ਸੇਵਾਦਾਰ ਸਾਗਰ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਾਗਰ ਦੀ ਮਾਂ ਨੇ ਕਿਹਾ- ਮੇਰਾ ਪੁੱਤਰ ਸੇਵਾ ਕਰਨ ਗਿਆ ਸੀ। ਮੈਨੂੰ ਹੋਰ ਕੁਝ ਨਹੀਂ ਪਤਾ। ਉਹ 5 ਸਾਲਾਂ ਤੋਂ ਸੇਵਾ ਕਰ ਰਿਹਾ ਸੀ। ਉਮਰ 26-27 ਸਾਲ ਹੈ।

SGPC ਨੇ ਕਿਹਾ ਕਤਲ ਨਹੀਂ, ਸਿੱਖ ਦਾ ਰੋਹ

ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਨੂੰ ਕਤਲ ਨਹੀਂ ਕਿਹਾ ਜਾ ਸਕਦਾ। ਇਹ ਸਿੱਖ ਦਾ ਰੋਹ ਹੈ , ਜਿਸ ਕਾਰਨ ਉਸ ਨੇ ਗੁਰੂ ਘਰ ਦੀ ਬੇਅਦਬੀ ਕਰਨ ਕਾਰਨ ਔਰਤ ਨੂੰ ਗੋਲੀ ਮਾਰ ਦਿੱਤੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਗੁਰਦੁਆਰਿਆਂ ਦੇ ਦਰਵਾਜ਼ਿਆਂ ‘ਤੇ ਕੋਈ ਅਜਿਹੀ ਚੀਜ਼ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਕੋਈ ਵੀ ਅਜਿਹੀਆਂ ਚੀਜ਼ਾਂ ਨੂੰ ਅੰਦਰ ਨਾ ਲੈ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਖ਼ਮੀ ਸੇਵਾਦਾਰ ਦੇ ਇਲਾਜ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਉਠਾਇਆ ਜਾਵੇਗਾ।