Farishtey Scheme

ਚੰਡੀਗੜ੍ਹ 18 ਦਸੰਬਰ 2024: ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਦੇ ਪੀੜਤਾਂ ਦਾ ਬਿਨਾਂ ਕਿਸੇ ਮੁਸ਼ਕਿਲਾਂ ਦੇ ਇਲਾਜ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਫਰਿਸ਼ਤੇ ਸਕੀਮ’ (Farishtey Scheme) ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋ ਰਹੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਮੁਤਾਬਕ ਭਾਰਤ ‘ਚ ਹਰ ਰੋਜ਼ ਲਗਭਗ 1,400 ਸੜਕ ਹਾਦਸੇ ਅਤੇ 400 ਮੌਤਾਂ ਹੁੰਦੀਆਂ ਹਨ। ਜਦੋਂ ਕਿ ਇਕੱਲੇ ਪੰਜਾਬ ‘ਚ ਹੀ ਹਰ ਸਾਲ ਕਰੀਬ 5000 ਮੌਤਾਂ ਸੜਕ ਹਾਦਸਿਆਂ ਕਾਰਨ ਹੁੰਦੀਆਂ ਹਨ। ਫਰਿਸ਼ਤੇ ਸਕੀਮ ਦਾ ਉਦੇਸ਼ ਦੁਰਘਟਨਾ ਪੀੜਤਾਂ ਨੂੰ ਬਿਨਾਂ ਕਿਸੇ ਕੈਪਿੰਗ ਰਕਮ ਦੇ ਵਿਆਪਕ ਇਲਾਜ ਪ੍ਰਦਾਨ ਕਰਕੇ ਇਸ ਗੰਭੀਰ ਮੁੱਦੇ ਨੂੰ ਹੱਲ ਕਰਨਾ ਹੈ।

ਪੰਜਾਬ ‘ਚ ਇਸ ਸਕੀਮ ਦਾ ਉਦੇਸ਼ ਸੜਕ ਕਿਨਾਰੇ ਹਾਦਸਿਆਂ ‘ਚ ਜ਼ਖ਼ਮੀ ਹੋਣ ਕਾਰਨ ਮੌਤਾਂ ਦੀ ਦਰ ਨੂੰ ਘਟਾਉਣਾ ਅਤੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ‘ਚ ਤੁਰੰਤ ਇਲਾਜ ਮੁਹੱਈਆ ਕਰਵਾਉਣਾ ਹੈ | ਇਸ ਨੂੰ 25 ਜਨਵਰੀ, 2024 ਨੂੰ ਨੋਟੀਫਾਈ ਕੀਤਾ ਗਿਆ ਸੀ।

ਇਹ ਸਕੀਮ (Farishtey Scheme) ਪੰਜਾਬ ਰਾਜ ਦੇ ਖੇਤਰ ‘ਚ ਵਾਪਰਨ ਵਾਲੇ ਸਾਰੇ ਸੜਕ ਦੁਰਘਟਨਾ ਪੀੜਤਾਂ ‘ਤੇ ਜਾਤੀ, ਧਰਮ, ਰਾਸ਼ਟਰੀਅਤਾ ਅਤੇ ਜਨਮ ਸਥਾਨ ਦੇ ਭੇਦਭਾਵ ਤੋਂ ਬਿਨਾਂ ਲਾਗੂ ਹੁੰਦੀ ਹੈ ਅਤੇ ਦੁਰਘਟਨਾ ਪੀੜਤਾਂ ਨੂੰ ਬਿਨਾਂ ਕਿਸੇ ਸੀਮਾ ਦੇ ਵਿਆਪਕ ਇਲਾਜ ਪ੍ਰਦਾਨ ਕਰਦੀ ਹੈ।

ਰਾਜ ਸਿਹਤ ਏਜੰਸੀ (ਐਸ.ਐਚ.ਏ.) ਪੰਜਾਬ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਮੁਤਾਬਕ ਅਜਿਹੇ ‘ਫਰਿਸ਼ਤੇ’ ਆਮ ਲੋਕਾਂ ਨੂੰ ਦੁਰਘਟਨਾ ਪੀੜਤਾਂ ਦੀ ਮੱਦਦ ਕਰਨ ਅਤੇ ਜਾਨ ਬਚਾਉਣ ਲਈ ਫਰਿਸ਼ਤੇ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜੋ ਕਿਸੇ ਪੀੜਤ ਦੀ ਜਾਨ ਬਚਾਉਂਦਾ ਹੈ ਤਾਂ ਉਸ ਨੂੰ ਪ੍ਰਸ਼ੰਸਾ ਪੱਤਰ ਅਤੇ 2,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ |

ਉਨ੍ਹਾਂ ਦੱਸਿਆ ਕਿ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਸਕੀਮ ਨੇ ਸੜਕ ਹਾਦਸਿਆਂ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ‘ਚ ਆਪਣੀ ਪ੍ਰਭਾਵਸ਼ੀਲਤਾ ਨੂੰ ਸਾਬਤ ਕਰਦੇ ਹੋਏ ਲਗਭਗ 223 ਦੁਰਘਟਨਾ ਪੀੜਤਾਂ ਨੂੰ ਮੁਫਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਰਾਜ ਸਿਹਤ ਏਜੰਸੀ, ਪੰਜਾਬ ਕੋਲ 66 “ਫਰਿਸ਼ਤੇ” ਰਜਿਸਟਰਡ ਹੋਏ ਹਨ।

ਉਨ੍ਹਾਂ ਕਿਹਾ ਕਿ 16 ਫਰਿਸ਼ਤਿਆਂ ਦੇ ਨਿਰਸਵਾਰਥ ਯਤਨਾਂ ਨੂੰ ਮਾਨਤਾ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ 15 ਅਗਸਤ, 2024 ਨੂੰ ਉਨ੍ਹਾਂ ਨੂੰ ਪ੍ਰਤੀ ਪੀੜਤ 2000 ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ “ਫਰਿਸ਼ਤੇ ਐਵਾਰਡ” ਨਾਲ ਸਨਮਾਨਿਤ ਕੀਤਾ ਹੈ।

ਇਸ ਫਰਿਸ਼ਤੇ ਸਕੀਮ ਦੇ ਤਹਿਤ, 90 ਤੀਜੇ ਦਰਜੇ ਦੇ ਹਸਪਤਾਲਾਂ ਸਮੇਤ, 494 ਹਸਪਤਾਲਾਂ ਨੂੰ ਖਾਸ ਤੌਰ ‘ਤੇ ਨਾਜ਼ੁਕ ਸਮੇਂ ਦੌਰਾਨ ਇਲਾਜ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਅਤੇ ਰਾਜ ਮਾਰਗਾਂ/ਸੜਕਾਂ ਦੇ 30 ਕਿਲੋਮੀਟਰ ਦੇ ਹਿੱਸੇ ਨੂੰ ਕਵਰ ਕਰਨ ਲਈ ਸੂਚੀਬੱਧ ਕੀਤਾ ਹੈ। ਇਹ ਹਸਪਤਾਲ ਮੈਪਲ ਐਪਲੀਕੇਸ਼ਨ (ਇੱਕ ਮੋਬਾਈਲ ਐਪ) ਨਾਲ ਜੁੜੇ ਹੋਏ ਹਨ, ਜੋ ਲੋਕਾਂ ਨੂੰ ਨਜ਼ਦੀਕੀ ਸੂਚੀਬੱਧ ਹਸਪਤਾਲ ਦਾ ਪਤਾ ਲਗਾਉਣ ‘ਚ ਮਦਦ ਕਰਦਾ ਹੈ।

ਇਹ ਸਕੀਮ ਸੜਕ ਸੁਰੱਖਿਆ ਫੋਰਸ (SSF) ਦੀਆਂ ਐਮਰਜੈਂਸੀ ਹੈਲਪਲਾਈਨਾਂ – 108, 1033 ਅਤੇ 112 – ਨਾਲ ਵੀ ਜੁੜੀ ਹੋਈ ਹੈ। ਇਸ ਤਹਿਤ ਆਈ.ਟੀ. ਸਿਸਟਮ ਰਾਹੀਂ 30 ਕਿਲੋਮੀਟਰ ਦੇ ਘੇਰੇ ਅੰਦਰ ਨਜ਼ਦੀਕੀ ਹਸਪਤਾਲ ਦਾ ਪਤਾ ਲਗਾਉਣ ਅਤੇ ਪੀੜਤ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ 108 ਐਂਬੂਲੈਂਸ ਦੇ ਸਟਾਫ਼ ਨੂੰ ਦੁਰਘਟਨਾ ਪੀੜਤਾਂ ਨੂੰ ਨਜ਼ਦੀਕੀ ਹਸਪਤਾਲ ਤੱਕ ਪਹੁੰਚਾਉਣ ਅਤੇ ਪ੍ਰਬੰਧਨ ਲਈ ਸਿਖਲਾਈ ਦਿੱਤੀ ਗਈ ਹੈ।

ਜੇਕਰ ਕੋਈ ਸੂਚੀਬੱਧ ਹਸਪਤਾਲ ਭੁਗਤਾਨ ਦੀ ਮੰਗ ਕਰਦਾ ਹੈ, ਤਾਂ ਲਾਭਪਾਤਰੀ ਐਸ.ਐਚ.ਏ ਪੰਜਾਬ ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ 104 ਮੈਡੀਕਲ ਹੈਲਪਲਾਈਨ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Read More: Punjab News: ਡਾ. ਬਲਜੀਤ ਕੌਰ ਵੱਲੋਂ ਗਰਭਵਤੀ ਮਹਿਲਾਵਾਂ ਤੇ ਦੁੱਧ ਚੰਘਾਉਣ ਵਾਲੀਆਂ ਮਾਵਾਂ ਲਈ 28 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਹੁਕਮ

Scroll to Top