June 30, 2024 7:42 pm
Sri Muktsar Sahib

ਸ੍ਰੀ ਮੁਕਤਸਰ ਸਾਹਿਬ: ਮੁੱਖ ਖੇਤੀਬਾੜੀ ਅਫਸਰ ਨੇ ਖਾਦ, ਬੀਜ ਅਤੇ ਪੈਸਟੀਸਾਈਡ ਵਿਕਰੇਤਾਵਾਂ ਨੂੰ ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ

ਸ੍ਰੀ ਮੁਕਤਸਰ ਸਾਹਿਬ 12 ਅਪ੍ਰੈਲ 2024: ਡਾ. ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੀ ਪ੍ਰਧਾਨਗੀ ਹੇਠ ਬਲਾਕ ਲੰਬੀ ਦੇ ਸਮੂਹ ਪੈਸਟੀਸਾਈਡ ਡੀਲਰਾਂ ਨਾਲ ਬੈਠਕ ਦਾ ਕਰਵਾਈ । ਬੈਠਕ ਵਿੱਚ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਹਨਾਂ ਸਮੂਹ ਡੀਲਰਾਂ ਨੂੰ ਆਉਣ ਵਾਲੇ ਨਰਮੇ ਅਤੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਿਸ਼ਾ ਮੁਤਾਬਿਕ ਚੰਗੇ ਅਤੇ ਮਿਆਰੀ ਖੇਤੀ ਇਨ-ਪੁਟਸ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਹਦਾਇਤ ਕੀਤੀ।

ਉਨ੍ਹਾ ਅੱਗੇ ਕਿਹਾ ਕਿ ਕਿਸਾਨ ਡੀਲਰਾ ਪਾਸੋਂ ਜੋ ਵੀ ਇਨ-ਪੁਟਸ ਖ਼ਰੀਦਦੇ ਹਨ, ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਬੇਲੋੜੀ ਸਮੱਗਰੀ ਨਾ ਦਿੱਤੀ ਜਾਵੇ। ਚੈਕਿੰਗ ਦੌਰਾਨ ਜੇਕਰ ਕੋਈ ਡੀਲਰ ਬਗੈਰ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਕੀੜੇਮਾਰ ਜ਼ਹਿਰ ਜਾ ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਇਸ ਸਬੰਧੀ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਦੇ ਧਿਆਨ ਵਿੱਚ ਜਰੂਰ ਲਿਆਂਦਾ ਜਾਵੇ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਜੇਕਰ ਕਿਸੇ ਡੀਲਰ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾ ਦੀ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇਗਾ।

ਡਾ. ਵਿਜੈ ਸਿੰਘ, ਖੇਤੀਬਾੜੀ ਅਫਸਰ, ਬਲਾਕ ਲੰਬੀ ਨੇ ਡੀਲਰਾ ਨੂੰ ਕਿਹਾ ਕਿ ਬਾਸਮਤੀ ਦੀ ਕਾਸ਼ਤ ਵਿੱਚ 10 ਕੀੜੇਮਾਰ ਅਤੇ ਉੱਲੀਨਾਸ਼ਕ ਦਵਾਈਆ ਬੈਨ ਹਨ। ਇਹ ਜ਼ਹਿਰ ਬਾਸਮਤੀ ਦੀ ਫ਼ਸਲ ਉੱਪਰ ਨਾ ਕਰਵਾਏ ਜਾਣ ਤਾਂ ਜੋ ਬਾਸਮਤੀ ਦੇ ਐਕਸਪੋਰਟ ਵਿੱਚ ਰੁਕਾਵਟ ਨਾ ਪਵੇ ਅਤੇ ਭਵਿੱਖ ਵਿੱਚ ਕਿਸਾਨਾਂ ਨੂੰ ਬਾਸਮਤੀ ਦਾ ਵਧੀਆ ਭਾਅ ਮਿਲਦਾ ਰਹੇ।

ਇਸ ਸਮੇਂ ਲਖਵੀਰ ਸਿੰਘ, ਜਿਲ੍ਹਾ (Sri Muktsar Sahib) ਪ੍ਰਧਾਨ, ਪੈਸਟੀਸਾਈਡ ਯੂਨੀਅਨ ਅਤੇ ਗੁਰਮੇਜ਼ ਸਿੰਘ, ਬਲਾਕ ਪ੍ਰਧਾਨ, ਪੈਸਟੀਸਾਈਡ ਯੂਨੀਅਨ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਜੀ ਦਾ ਬਲਾਕ ਲੰਬੀ ਵਿਖੇ ਆਉਣ ਤੇ ਜੀ ਆਇਆ ਕਹਿੰਦੇ ਹੋਏ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਸਮੂਹ ਡੀਲਰ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਹੀ ਕੰਮ ਕਰਨਗੇ ਅਤੇ ਕਿਸਾਨ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿਣਗੇ। ਇਸ ਮੌਕੇ ਡਾ. ਸੁਖਚੈਨ ਸਿੰਘ, ਏ.ਡੀ.ਓ-ਕਮ-ਖਾਦ/ਬੀਜ ਇੰਸਪੈਕਟਰ, ਡਾ. ਗੁਰਜੀਤ ਸਿੰਘ, ਏ.ਡੀ.ਓ-ਕਮ-ਇੰਸੈਕਟੀਸਾਈਡ ਇੰਸਪੈਕਟਰ, ਡਾ. ਜਸ਼ਨਪ੍ਰੀਤ ਸਿੰਘ, ਏ.ਡੀ.ਓ-ਕਮ-ਜਿਲ੍ਹਾ ਇੰਨਫੋਰਸਮੈਂਟ ਆਦਿ ਹਾਜ਼ਰ ਸਨ।