July 4, 2024 3:02 pm
Maithripala Sirisena

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਸਿਰੀਸੇਨਾ ਨੇ ਕੈਥੋਲਿਕ ਭਾਈਚਾਰੇ ਤੋਂ ਮੰਗੀ ਮੁਆਫ਼ੀ, ਧਮਾਕਿਆਂ ‘ਚ 270 ਜਣਿਆਂ ਦੀ ਗਈ ਸੀ ਜਾਨ

ਚੰਡੀਗੜ੍ਹ, 31 ਜਨਵਰੀ 2023: ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ (Maithripala Sirisena) ਨੇ 2019 ਈਸਟਰ ਸੰਡੇ ਦੇ ਦਿਨ ਬੰਬ ਧਮਾਕਿਆਂ ਲਈ ਕੈਥੋਲਿਕ ਈਸਾਈਆਂ ਤੋਂ ਮੁਆਫ਼ੀ ਮੰਗੀ ਹੈ। ਮੰਗਲਵਾਰ ਨੂੰ ਕੋਲੰਬੋ ‘ਚ ਆਪਣੀ ਫਰੀਡਮ ਪਾਰਟੀ ਦੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਿਰੀਸੇਨਾ ਨੇ ਕਿਹਾ ਕਿ ਮੈਂ ਦੂਜਿਆਂ ਦੁਆਰਾ ਕੀਤੇ ਗਏ ਅੱਤਵਾਦੀ ਕਾਰੇ ਲਈ ਕੈਥੋਲਿਕ ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ।

21 ਅਪ੍ਰੈਲ, 2019 ਨੂੰ ISIS ਨਾਲ ਜੁੜੇ ਇਸਲਾਮੀ ਕੱਟੜਪੰਥੀ ਸਮੂਹ ਨੈਸ਼ਨਲ ਤੌਹੀਦ ਜਮਾਤ (NTJ) ਨਾਲ ਸਬੰਧਤ ਨੌਂ ਆਤਮਘਾਤੀ ਹਮਲਾਵਰਾਂ ਨੇ ਤਿੰਨ ਕੈਥੋਲਿਕ ਚਰਚਾਂ ਅਤੇ ਕਈ ਲਗਜ਼ਰੀ ਹੋਟਲਾਂ ਵਿੱਚ ਲੜੀਵਾਰ ਧਮਾਕੇ ਕੀਤੇ, ਜਿਸ ਵਿੱਚ 270 ਤੋਂ ਵੱਧ ਲੋਕ ਮਾਰੇ ਗਏ। ਇਸ ਬੰਬ ਧਮਾਕੇ ਤੋਂ ਬਾਅਦ ਸ਼੍ਰੀਲੰਕਾ ‘ਚ ਸਿਆਸੀ ਤੂਫਾਨ ਆ ਗਿਆ ਸੀ। ਤਤਕਾਲੀ ਰਾਸ਼ਟਰਪਤੀ ਸਿਰੀਸੇਨਾ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਪਹਿਲਾਂ ਤੋਂ ਖੁਫੀਆ ਜਾਣਕਾਰੀ ਹੋਣ ਦੇ ਬਾਵਜੂਦ ਹਮਲਿਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਦੱਸ ਦਈਏ ਕਿ 12 ਜਨਵਰੀ ਨੂੰ ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ (Maithripala Sirisena) ਨੂੰ ਪੀੜਤਾਂ ਨੂੰ ਮੁਆਵਜ਼ੇ ਵਜੋਂ 10 ਕਰੋੜ ਸ਼੍ਰੀਲੰਕਾਈ ਰੁਪਏ ਦੇਣ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੁਆਫੀ ਸਾਹਮਣੇ ਆਈ ਸੀ। ਪੀੜਤਾਂ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਹਿਣ ‘ਤੇ ਅਦਾਲਤ ਵਲੋਂ ਮਾਣਹਾਨੀ ਲਈ ਜੇਲ੍ਹ ਵੀ ਹੋ ਸਕਦੀ ਹੈ।