ਚੰਡੀਗੜ੍ਹ, 26 ਮਈ, 2023: ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਖ਼ਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਪ੍ਰਸ਼ਾਸਨ ਨੇ ਯਾਤਰਾ ਨੂੰ ਪਿਛਲੇ ਦੋ ਦਿਨਾਂ ਤੋਂ ਰੋਕ ਦਿੱਤਾ ਸੀ। ਹਾਲਾਂਕਿ ਅੱਜ ਸਾਫ਼ ਮੌਸਮ ਅਤੇ ਧੁੱਪ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਟਰੱਸਟ ਦੇ ਸੇਵਾਦਾਰਾਂ ਨੇ ਗਲੇਸ਼ੀਅਰ ਅਤੇ ਗੁਰਦੁਆਰੇ ਵੱਲ ਜਾਣ ਵਾਲੀਆਂ ਪੌੜੀਆਂ ਤੋਂ ਬਰਫ਼ ਸਾਫ਼ ਕੀਤੀ ਜਾ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਮੌਸਮ ਅਜਿਹਾ ਹੀ ਰਿਹਾ ਤਾਂ ਸ਼ਰਧਾਲੂ ਭਲਕੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।
ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ‘ਚ ਬਰਫਬਾਰੀ ਕਾਰਨ ਘੰਗਰੀਆ ਤੋਂ ਹੇਮਕੁੰਟ ਜਾ ਰਹੇ 180 ਯਾਤਰੀਆਂ ਨੂੰ ਵੀਰਵਾਰ ਨੂੰ ਅਟਲਾਕੋਟੀ ਤੋਂ ਵਾਪਸ ਪਰਤਣਾ ਪਿਆ। ਸ਼ੁੱਕਰਵਾਰ ਨੂੰ ਵੀ ਯਾਤਰਾ ਸੁਖਾਵੀਂ ਨਹੀਂ ਹੋ ਸਕੀ। ਬਰਫਬਾਰੀ ਕਾਰਨ ਹੇਮਕੁੰਟ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ । ਯਾਤਰੀਆਂ ਨੂੰ ਗੋਵਿੰਦਘਾਟ ਅਤੇ ਘੰਗਰੀਆ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ।
ਬੁੱਧਵਾਰ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਵਿੱਚ ਅਟਲਾਕੋਟੀ ਤੋਂ ਅੱਗੇ ਬਰਫਬਾਰੀ ਕਾਰਨ ਪੈਦਲ ਰਸਤਾ ਬੰਦ ਹੋ ਗਿਆ ਹੈ। ਦੱਸਿਆ ਗਿਆ ਕਿ ਰਸਤੇ ‘ਤੇ ਇਕ ਫੁੱਟ ਤੋਂ ਜ਼ਿਆਦਾ ਬਰਫ ਪਈ ਹੋਈ ਹੈ।
ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਪ੍ਰਸ਼ਾਸਨ ਨੇ ਦੋ ਦਿਨਾਂ ਲਈ ਹੇਮਕੁੰਟ ਯਾਤਰਾ ਰੋਕਣ ਦਾ ਫੈਸਲਾ ਕੀਤਾ ਹੈ। ਗੁਰਦੁਆਰੇ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਹੇਮਕੁੰਟ ਯਾਤਰਾ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜੇਕਰ ਸ਼ੁੱਕਰਵਾਰ ਨੂੰ ਮੌਸਮ ਸਾਫ ਰਿਹਾ ਤਾਂ ਹੀ ਯਾਤਰੀਆਂ ਨੂੰ ਸੁਰੱਖਿਅਤ ਰਸਤਾ ਬਣਾ ਕੇ ਹੇਮਕੁੰਟ ਯਾਤਰਾ ‘ਤੇ ਭੇਜਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਜੋਸ਼ੀਮੱਠ, ਗੋਵਿੰਦਘਾਟ, ਘੰਗਰੀਆ ਵਿਖੇ ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ 1100 ਤੋਂ ਵੱਧ ਸ਼ਰਧਾਲੂ ਪੈਦਲ ਮਾਰਗ ਦੇ ਸੁਚਾਰੂ ਹੋਣ ਦੀ ਉਡੀਕ ਕਰ ਰਹੇ ਹਨ।