ਸ੍ਰੀ ਅਨੰਦਪੁਰ ਸਾਹਿਬ 25 ਮਾਰਚ ,2024: ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਨਿਰੰਤਰ ਹੋਲਾ ਮਹੱਲਾ ਮੌਕੇ ਮੇਲਾ ਖੇਤਰ ਵਿੱਚ ਵੱਖ-ਵੱਖ ਥਾਵਾ ਤੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜਾ ਲਿਆ ਜਾ ਰਿਹਾ ਹੈ। ਉਹ ਅੱਜ ਝਿੰਜੜੀ ਨਾਕੇ ਤੇ ਪਹੁੰਚੇ ਜਿੱਥੇ ਅੱਠ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਸਨ। ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵੀ ਮੋਜੂਦ ਸਨ।
ਮਹਿਲਾ ਅਧਿਕਾਰੀਆਂ ਨੂੰ ਹੋਲਾ ਮਹੱਲਾ ਲਈ ਮੁੱਖ ਦਾਖਲੇ ਨਾਕੇ ਤੇ ਪ੍ਰਬੰਧ ਕਰਦੇ ਹੋਏ ਦੇਖ ਕੇ ਆ ਰਹੇ ਸ਼ਰਧਾਲੂ ਵੀ ਬਹੁਤ ਉਤਸੁੱਕ ਹੋ ਰਹੇ ਸਨ। ਡਿਪਟੀ ਕਮਿਸ਼ਨਰ ਨੇ ਇਸ ਉਪਰੰਤ ਸਟਲ ਬੱਸ ਸਰਵਿਸ ਅਤੇ ਰੈਡ ਕਰਾਸ ਦੀ ਫਸਟ ਏਡ ਪੋਸਟ ਦਾ ਵੀ ਜਾਇਜਾ ਲਿਆ। ਸਾਰੇ ਮਹਿਲਾ ਅਧਿਕਾਰੀ ਡਿਪਟੀ ਕਮਿਸ਼ਨਰ ਨਾਲ ਸੈਲਫੀ ਲੈ ਰਹੇ ਸਨ, ਉਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਨਾਲ ਡਿਊਟੀ ਕਰਕੇ ਹੋਰ ਆਤਮ ਵਿਸ਼ਵਾਸ ਭਰ ਰਿਹਾ ਸੀ।
ਡਿਪਟੀ ਕਮਿਸ਼ਨਰ ਨੇ ਭਲਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਨਗਰ ਕੀਰਤਨ ਦੇ ਰੂਟ ਪਲਾਨ ਅਤੇ ਇਸ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਚਰਨ ਗੰਗਾ ਸਟੇਡੀਅਮ ਵਿਚ ਜਾਹੋ ਜਲਾਲ ਨਾਲ ਹੋਣ ਵਾਲੇ ਮੁਕਾਬਲਿਆਂ ਦੇ ਪ੍ਰਬੰਧਾਂ ਦਾ ਵੀ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੱਧ ਆਮਦ ਹੋਣ ਕਾਰਨ ਵਧੇਰੇ ਪ੍ਰਬੰਧ ਕੀਤੇ ਗਏ ਹਨ, ਸ਼ਰਧਾਲੂਆਂ ਵਿਚ ਬਹੁਤ ਹੀ ਉਤਸ਼ਾਹ ਹੈ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਐਸ.ਜੀ.ਪੀ.ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਡੇਰਾ ਮੁਖੀਆਂ ਤੇ ਧਾਰਮਿਕ ਜਥੇਬੰਦੀਆਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਸਮੁੱਚੇ ਪ੍ਰਬੰਧਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਅਧਿਕਾਰੀਆਂ/ਕਰਮਚਾਰੀਆਂ ਨੇ ਵੀ ਸੇਵਾ ਦੀ ਭਾਵਨਾ ਨਾਲ ਕੰਮ ਕੀਤਾ ਹੈ, ਸਮਾਜ ਸੇਵੀ ਸੰਗਠਨ ਵੀ ਵਲੰਟੀਅਰ ਦੀ ਤਰਾਂ ਦਿਨ ਰਾਤ ਲੱਗੇ ਹੋਏ ਹਨ। ਹੋਲਾ ਮਹੱਲਾ ਦੀ ਸੰਪੂਰਨਤਾ ਉਪਰੰਤ ਸਮੁੱਚੇ ਮੇਲਾ ਖੇਤਰ ਦੀ ਸਾਫ ਸਫਾਈ ਅਤੇ ਢੁਕਵੇ ਪ੍ਰਬੰਧ ਕਰਨ ਤੱਕ ਅਧਿਕਾਰੀਆਂ ਨੂੰ ਤੈਨਾਤ ਕੀਤਾ ਜਾਵੇਗਾ।