ਲਖਨਊ , 19 ਮਈ 2025: SRH ਬਨਾਮ LSG: ਅੱਜ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ‘ਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਇਹ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ (ਏਕਾਨਾ), ਲਖਨਊ ਵਿਖੇ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ ਅਤੇ ਸ਼ਾਮ 7:30 ਵਜੇ ਮੈਚ ਸ਼ੁਰੂ ਹੋਵੇਗਾ | ਪਿਛਲੇ ਮੈਚ ‘ਚ ਲਖਨਊ ਸੁਪਰ ਜਾਇੰਟਸ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ ਸੀ।
ਪ੍ਰਸ਼ੰਸਕ ਇਹ ਦੇਖਣ ਲਈ ਉਤਸੁਕ ਹਨ ਕਿ ਕੀ ਇਸ ਮੈਚ (SRH ਬਨਾਮ LSG) ਨਾਲ ਲਖਨਊ ਸੁਪਰ ਜਾਇੰਟਸ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖ ਪਾਉਂਦੇ ਹਨ। ਇਹ ਮੈਚ ਆਈਪੀਐਲ 2025 ਸੀਜ਼ਨ ਦਾ ਇੱਕ ਮਹੱਤਵਪੂਰਨ ਪੜਾਅ ਹੈ। ਘੱਟ ਮੈਚ ਬਾਕੀ ਹੋਣ ਕਰਕੇ ਪਲੇਆਫ ਦੀ ਦੌੜ ਦਿਲਚਸਪ ਹੁੰਦੀ ਜਾ ਰਹੀ ਹੈ।
ਦਿੱਲੀ ਕੈਪੀਟਲਜ਼ ਦੀ ਹਾਲੀਆ ਹਾਰ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਹੋਰ ਵੀ ਘਟਾ ਦਿੱਤਾ ਹੈ। ਲਖਨਊ ਸੁਪਰ ਜਾਇੰਟਸ ਦੀਆਂ ਉਮੀਦਾਂ ਇਸ ਮੈਚ ਦੇ ਨਤੀਜੇ ‘ਤੇ ਨਿਰਭਰ ਕਰਦੀਆਂ ਹਨ। ਜੇਕਰ (ਲਖਨਊ) LSG ਇਹ ਮੈਚ ਜਿੱਤ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਉਮੀਦਾਂ ਜ਼ਿੰਦਾ ਰਹਿਣਗੀਆਂ ਪਰ ਜੇਕਰ ਉਹ ਹਾਰ ਜਾਂਦੇ ਹਨ ਤਾਂ ਉਹ ਪਲੇਆਫ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਣਗੇ। ਲਖਨਊ ਦੇ 11 ਮੈਚਾਂ ‘ਚ 10 ਅੰਕ ਹਨ ਅਤੇ ਉਸਦੇ 3 ਮੈਚ ਬਾਕੀ ਹਨ। ਇਸ ਦੇ ਨਾਲ ਹੀ ਪਲੇਆਫ ਤੋਂ ਬਾਹਰ ਹੋ ਚੁੱਕੀ ਹੈਦਰਾਬਾਦ ਦੇ 11 ਮੈਚਾਂ ‘ਚ 3 ਜਿੱਤਾਂ ਨਾਲ 6 ਅੰਕ ਹਨ।
ਏਕਾਨਾ ਦੀ ਪਿੱਚ ਰਿਪੋਰਟ
ਆਈਪੀਐਲ ‘ਚ ਏਕਾਨਾ ਪਿੱਚ ‘ਤੇ ਸਿਰਫ਼ ਸਪਿੰਨਰਾਂ ਦਾ ਦਬਦਬਾ ਰਿਹਾ ਹਰ। ਇੱਥੇ ਹੁਣ ਤੱਕ ਕੁੱਲ 19 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 8 ਮੈਚ ਜਿੱਤੇ ਅਤੇ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੇ 10 ਮੈਚ ਆਪਣੇ ਨਾਂ ਕੀਤੇ ਹਨ। ਇਨ੍ਹਾਂ ‘ਚ ਇੱਕ ਮੈਚ ਵੀ ਬੇਨਤੀਜਾ ਰਿਹਾ। ਏਕਾਨਾ ਦੇ ਮੈਦਾਨ ‘ਤੇ ਸਭ ਤੋਂ ਵੱਧ ਟੀਮ ਸਕੋਰ 235/6 ਹੈ, ਜੋ ਕੋਲਕਾਤਾ ਨਾਈਟ ਰਾਈਡਰਜ਼ ਨੇ ਪਿਛਲੇ ਸਾਲ ਲਖਨਊ ਵਿਰੁੱਧ ਬਣਾਇਆ ਸੀ।
ਮੌਸਮ ਦੇ ਹਾਲਾਤ
ਸੋਮਵਾਰ ਨੂੰ ਲਖਨਊ ‘ਚ ਤੇਜ਼ ਧੁੱਪ ਅਤੇ ਗਰਮੀ ਰਹੇਗੀ, ਹਵਾ ਵੀ ਤੇਜ਼ ਰਹੇਗੀ। ਹਵਾ ਦੀ ਗਤੀ 19 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਮੈਚ ਵਾਲੇ ਦਿਨ ਇੱਥੇ ਤਾਪਮਾਨ 29 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
Read More: IPL Playoff 2025: ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਸਮੇਤ ਤਿੰਨ ਟੀਮਾਂ ਲਈ ਪਲੇਆਫ ਦਾ ਰਸਤਾ ਸਾਫ਼