ਸਪੋਰਟਸ, 15 ਦਸੰਬਰ 2025: ਭਾਰਤੀ ਮਿਕਸਡ ਟੀਮ ਨੇ ਚੇਨਈ ਦੇ ਐਕਸਪ੍ਰੈਸ ਐਵੇਨਿਊ ਮਾਲ ਵਿਖੇ ਖੇਡੇ ਗਏ ਸਕੁਐਸ਼ ਵਿਸ਼ਵ ਕੱਪ ਦੇ ਫਾਈਨਲ ‘ਚ ਹਾਂਗਕਾਂਗ ਨੂੰ 3-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਮਿਕਸਡ ਟੀਮ ਈਵੈਂਟ ‘ਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਹੈ। ਭਾਰਤ ਦਾ ਪਿਛਲਾ ਸਭ ਤੋਂ ਵਧੀਆ ਪ੍ਰਦਰਸ਼ਨ 2023 ‘ਚ ਕਾਂਸੀ ਦਾ ਤਮਗਾ ਸੀ।
ਸਕੁਐਸ਼ ਟੂਰਨਾਮੈਂਟ ਦੇ ਛੋਟੇ ਅਤੇ ਤੇਜ਼ ਫਾਰਮੈਟ ‘ਚ 12 ਟੀਮਾਂ ਨੇ ਹਿੱਸਾ ਲਿਆ। ਭਾਰਤ ਨੇ ਸੈਮੀਫਾਈਨਲ ‘ਚ ਮਜ਼ਬੂਤ ਮਿਸਰੀ ਟੀਮ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ। ਭਾਰਤੀ ਖਿਡਾਰੀਆਂ ਨੇ ਸ਼ੁਰੂ ਤੋਂ ਅੰਤ ਤੱਕ ਫਾਈਨਲ ‘ਚ ਦਬਦਬਾ ਬਣਾਇਆ।
ਜੋਸ਼ਨਾ ਚਿਨੱਪਾ ਜਿੱਤ ਨਾਲ ਸ਼ੁਰੂਆਤ
ਭਾਰਤੀ ਟੀਮ ਦੀ ਅਗਵਾਈ ਤਜਰਬੇਕਾਰ ਖਿਡਾਰੀ ਜੋਸ਼ਨਾ ਚਿਨੱਪਾ ਕਰ ਰਹੀ ਸੀ। ਫਾਈਨਲ ਦੇ ਪਹਿਲੇ ਮੈਚ ‘ਚ, ਜੋਸ਼ਨਾ ਨੇ ਹਾਂਗਕਾਂਗ ਦੀ ਯੀ ਲੀ (ਵਿਸ਼ਵ ਨੰਬਰ 37) ਨੂੰ 3-1 ਨਾਲ ਹਰਾ ਕੇ ਭਾਰਤ ਨੂੰ ਲੀਡ ਦਿਵਾਈ। ਇਸ ਤੋਂ ਬਾਅਦ ਅਭੈ ਸਿੰਘ ਨੇ ਐਲੇਕਸ ਲਾਉ ਨੂੰ 3-0 ਨਾਲ ਹਰਾਇਆ। ਫੈਸਲਾਕੁੰਨ ਮੈਚ ‘ਚ 17 ਸਾਲਾ ਅਨਾਹਤ ਸਿੰਘ ਨੇ ਟੋਮੈਟੋ ਹੋ ਨੂੰ 3-0 ਨਾਲ ਹਰਾ ਕੇ ਭਾਰਤ ਦੀ ਇਤਿਹਾਸਕ ਜਿੱਤ ਯਕੀਨੀ ਬਣਾਈ।
ਭਾਰਤੀ ਟੀਮ ‘ਚ ਜੋਸ਼ਨਾ ਚਿਨੱਪਾ, ਅਭੈ ਸਿੰਘ, ਵੇਲਾਵਨ ਸੇਂਥਿਲਕੁਮਾਰ ਅਤੇ ਅਨਾਹਤ ਸਿੰਘ ਸ਼ਾਮਲ ਸਨ। ਮੈਚ ਦੇਖਣ ਲਈ ਐਕਸਪ੍ਰੈਸ ਐਵੇਨਿਊ ਮਾਲ ‘ਚ ਵੱਡੀ ਗਿਣਤੀ ‘ਚ ਦਰਸ਼ਕ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਭਾਰਤੀ ਟੀਮ ਨੂੰ ਸਕੁਐਸ਼ ਵਿਸ਼ਵ ਕੱਪ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਕਿ ਭਾਰਤੀ ਟੀਮ ਨੇ SDAT ਸਕੁਐਸ਼ ਵਿਸ਼ਵ ਕੱਪ 2025 ‘ਚ ਪਹਿਲੀ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ।
Read More: Olympics 2028: ਲਾਸ ਏਂਜਲਸ 2028 ਓਲੰਪਿਕ ਦਾ ਪੂਰਾ ਸ਼ਡਿਊਲ ਜਾਰੀ, ਕ੍ਰਿਕਟ ਦੀ ਵਾਪਸੀ




