Coach Devi Dayal

ਖੇਡ ਮੰਤਰੀ ਮੀਤ ਹੇਅਰ ਵੱਲੋਂ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 17 ਜਨਵਰੀ 2024: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਕਬੱਡੀ ਦੇ ਮਹਾਨ ਖਿਡਾਰੀ ਤੇ ਕੋਚ ਦੇਵੀ ਦਿਆਲ (Coach Devi Dayal) ਦੇ ਦਿਹਾਂਤ ਉੱਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਵੀ ਦਿਆਲ ਜੋ 76 ਵਰ੍ਹਿਆਂ ਦੇ ਸਨ, ਬੀਤੀ ਸ਼ਾਮ ਅਕਾਲ ਚਲਾਣਾ ਕਰ ਗਏ। ਮੀਤ ਹੇਅਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਕਬੱਡੀ ਖੇਡ ਨੂੰ ਦੇਵੀ ਦਿਆਲ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਕਬੱਡੀ ਖੇਡ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਉਨ੍ਹਾਂ ਦੇ ਤੁਰ ਜਾਣ ਨਾਲ ਕਬੱਡੀ ਖੇਡ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਖੇਡ ਮੰਤਰੀ (Meet Hayer) ਨੇ ਕਿਹਾ ਕਿ ਦੇਵੀ ਦਿਆਲ ਨੇ ਬਤੌਰ ਖਿਡਾਰੀ ਦੇਸ਼ ਤੇ ਵਿਦੇਸ਼ ਵਿੱਚ ਨਾਮ ਚਮਕਾਉਣ ਤੋਂ ਬਾਅਦ ਖੇਡ ਵਿਭਾਗ ਵਿੱਚ ਬਤੌਰ ਕੋਚ (Coach Devi Dayal) ਤੇ ਖੇਡ ਅਫਸਰ ਕਬੱਡੀ ਖੇਡ ਦੀ ਵੀ ਲੰਬੀ ਸੇਵਾ ਕੀਤੀ। ਉਹ ਖੇਡ ਵਿਭਾਗ ਤੋਂ 2005 ਵਿੱਚ ਖੇਡ ਅਫਸਰ ਸੇਵਾ ਮੁਕਤ ਹੋਏ ਸਨ। ਉਨ੍ਹਾਂ ਉਚੇਰੀ ਵਿੱਦਿਆ ਵੀ ਹਾਸਲ ਕੀਤੀ ਅਤੇ ਖਿਡਾਰੀਆਂ ਲਈ ਚਾਨਣ ਮੁਨਾਰਾ ਬਣੇ।

ਮੀਤ ਹੇਅਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਦੇਵੀ ਦਿਆਲ ਦੀ ਆਤਮਿਕ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Scroll to Top