ਚੰਡੀਗੜ੍ਹ, 02 ਜੂਨ 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿਖੇ ਖੇਡੇ ਗਏ ਹਾਕੀ ਜੂਨੀਅਰ ਏਸ਼ੀਆ ਕੱਪ (Junior Hockey Asia Cup) ਵਿੱਚ ਖਿਤਾਬੀ ਜਿੱਤ ਹਾਸਲ ਕੀਤੀ ਹੈ। ਬੀਤੀ ਰਾਤ ਖੇਡੇ ਗਏ ਫ਼ਾਈਨਲ ਮੈਚ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਜਿੱਤਿਆ। ਭਾਰਤ ਹੁਣ ਤੱਕ ਸਭ ਤੋਂ ਵੱਧ (ਚਾਰ ਵਾਰ) ਇਹ ਟੂਰਨਾਮੈਂਟ ਜਿੱਤਣ ਵਾਲਾ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਭਾਰਤ ਨੇ 2015, 2008 ਤੇ 2004 ਵਿੱਚ ਜੂਨੀਅਰ ਏਸ਼ੀਆ ਕੱਪ ਜਿੱਤਿਆ ਸੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਖਿਤਾਬੀ ਜਿੱਤ ਉਤੇ ਸਮੁੱਚੀ ਭਾਰਤੀ ਟੀਮ ਨੂੰ ਮੁਬਾਰਦਬਾਦ ਦਿੰਦਿਆਂ ਆਖਿਆ ਕਿ ਮੁੰਡਿਆਂ ਨੇ ਸ਼ਾਨਦਾਰ ਖੇਡ ਦਿਖਾ ਕੇ ਦੇਸ਼ ਨੂੰ ਵੱਡਾ ਮਾਣ ਦਿਵਾਇਆ ਹੈ। ਹਾਕੀ ਖੇਡ ਦੇ ਇਸ ਜੂਨੀਅਰ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਇਸ ਜਿੱਤ ਤੋਂ ਸਪੱਸ਼ਟ ਹੈ ਕਿ ਭਾਰਤ ਦਾ ਹਾਕੀ ਵਿੱਚ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।
ਉਨ੍ਹਾਂ ਕਿਹਾ ਕਿ ਇਹ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਅਤੇ ਹਰ ਖਿਡਾਰੀ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਸਲਾਹੁਣਯੋਗ ਰਿਹਾ। ਮੀਤ ਹੇਅਰ ਨੇ ਭਾਰਤੀ ਟੀਮ ਨੂੰ ਇਸ ਸਾਲ ਦਸੰਬਰ ਮਹੀਨੇ ਕੁਆਲਾ ਲੰਪਰ ਵਿਖੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ।
ਜ਼ਿਕਰਯੋਗ ਹੈ ਕਿ ਸਾਲਾਹ ਵਿਖੇ ਖੇਡੇ ਜੂਨੀਅਰ ਏਸ਼ੀਆ ਕੱਪ (Junior Hockey Asia Cup) ਵਿੱਚ ਭਾਰਤੀ ਟੀਮ ਗਰੁੱਪ ਸਟੇਜ ਵਿੱਚ ਚਾਰ ਮੈਚਾਂ ਵਿੱਚ 10 ਅੰਕਾਂ ਨਾਲ ਪੂਲ ਏ ਵਿੱਚ ਪਹਿਲੇ ਸਥਾਨ ਉਤੇ ਰਹੀ। ਸੈਮੀ ਫ਼ਾਈਨਲ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ਼ 2-1 ਦੀ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਅੰਗਦ ਸਿੰਘ ਨੇ 13ਵੇਂ ਤੇ ਅਰਾਏਜੀਤ ਸਿੰਘ ਹੁੰਦਲ ਨੇ 20ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਟੂਰਨਾਮੈਂਟ ਵਿੱਚ ਅਰਾਏਜੀਤ ਸਿੰਘ ਹੁੰਦਲ 8 ਗੋਲਾਂ ਨਾਲ ਸੈਕੰਡ ਟਾਪ ਸਕੋਰਰ ਰਿਹਾ। ਭਾਰਤ ਦਾ ਗੋਲ ਕੀਪਰ ਐਚ.ਐਸ.ਮੋਹਿਤ ਟੂਰਨਾਮੈਂਟ ਦਾ ਸਰਵੋਤਮ ਗੋਲਚੀ ਐਲਾਨਿਆ ਗਿਆ।