ਚੰਡੀਗੜ੍ਹ, 24 ਅਕਤੂਬਰ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ (Bishan Singh Bedi) ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੇਦੀ ਦਾ ਅੱਜ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ।
ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਮੀਤ ਹੇਅਰ ਨੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।
ਖੇਡ ਮੰਤਰੀ ਨੇ ਕਿਹਾ ਕਿ ਬਿਸ਼ਨ ਸਿੰਘ ਬੇਦੀ ਆਮ ਕਰਕੇ ਦੇਸ਼ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਮਹਾਨ ਖਿਡਾਰੀ ਸਨ, ਜੋ ਨੌਜਵਾਨਾਂ ਲਈ ਰੋਲ ਮਾਡਲ ਬਣੇ ਰਹਿਣਗੇ। ਉਹ ਮਹਾਨ ਸਪਿੰਨਰ ਸੀ ਅਤੇ ਪੰਜਾਬ ਵਿੱਚ ਕ੍ਰਿਕਟ ਨੂੰ ਮਕਬੂਲ ਕੀਤਾ। ਉਨ੍ਹਾਂ ਦਾ ਦੇਹਾਂਤ ਖੇਡ ਦੇ ਨਾਲ-ਨਾਲ ਪੰਜਾਬ ਸੂਬੇ ਲਈ ਵੀ ਵੱਡਾ ਘਾਟਾ ਹੈ।