Meet Hayer

ਖੇਡ ਮੰਤਰੀ ਮੀਤ ਹੇਅਰ ਨੇ ਕੌਮੀ ਰਿਕਾਰਡ ਹੋਲਡਰ ਅਥਲੀਟ ਮੰਜੂ ਰਾਣੀ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 21 ਫਰਵਰੀ 2023: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਰਾਂਚੀ ਵਿਖੇ 10ਵੀਂ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿੱਚ 35 ਕਿਲੋਮੀਟਰ ਪੈਦਲ ਤੋਰ ਵਿੱਚ 2.57.54 ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਣ ਵਾਲੀ ਅਥਲੀਟ ਮੰਜੂ ਰਾਣੀ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ।

ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿਖੇ ਇਸ ਅਥਲੀਟ ਦਾ ਸਨਮਾਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਹੋਣਹਾਰ ਖਿਡਾਰਨ ਨੇ ਕੌਮੀ ਪੱਧਰ ਉਤੇ ਪੰਜਾਬ ਦਾ ਨਾਮ ਚਮਕਾਇਆ ਹੈ। ਮਾਨਸਾ ਜ਼ਿਲੇ ਦੇ ਪਿੰਡ ਖੈਰਾ ਖੁਰਦ ਦੀ ਅਥਲੀਟ ਮੰਜੂ ਰਾਣੀ ਨੇ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ।

ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡ ਪੱਖੀ ਮਾਹੌਲ ਸਿਰਜਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਕੁਆਲੀਫਾਈ ਹੋ ਸਕਣ। ਉਨ੍ਹਾਂ ਮੰਜੂ ਰਾਣੀ ਨੂੰ ਵੀ ਓਲੰਪਿਕਸ ਕੁਆਲੀਫਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮੱਦਦ ਕਰੇਗੀ। ਇਸ ਮੌਕੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਅਥਲੀਟ ਦੇ ਪਿਤਾ ਜਗਦੀਸ਼ ਰਾਮ ਤੇ ਕੋਚ ਵੀਰਪਾਲ ਕੌਰ ਵੀ ਹਾਜ਼ਰ ਸਨ।

Scroll to Top