9 ਅਪ੍ਰੈਲ 2023
ਐਤਵਾਰ
ਭਾਰਤੀ ਸਾਹਿਤ ਜਗਤ ਅੰਦਰ ਰਾਹੁਲ ਸੰਕਰਤਾਂਇਨ ਦਾ ਨਾਮ ਕਿਸੇ ਵੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ।ਉਨ੍ਹਾਂ ਦਾ ਕਾਰਜ ਏਨਾ ਵੱਡਾ ਹੈ ਕਿ ਉਹਨਾਂ ਦੇ ਕੰਮਾਂ ਵੱਲ ਦੇਖਦੇ ਹੋਏ ਸਤਿਕਾਰ ਵਿਚ ਸੀਸ ਖੁਦ-ਬ-ਖੁਦ ਝੁਕ ਜਾਂਦਾ ਹੈ।ਧਰਮ, ਸਾਹਿਤ, ਇਤਿਹਾਸ, ਭਾਸ਼ਾ ਆਦਿ ਤੋਂ ਇਲਾਵਾ ਆਲੋਚਨਾ ਦੇ ਖੇਤਰ ਵਿਚ ਉਨ੍ਹਾਂ ਦੇ ਪਾਏ ਪੂਰਨਿਆਂ ਦਾ ਲੋਹਾ ਵੱਡੇ ਤੋਂ ਵੱਡੇ ਵਿਦਵਾਨ ਨੇ ਸਵੀਕਾਰ ਕੀਤਾ ਹੈ।ਉਨ੍ਹਾਂ ਬਾਰੇ ਕੁੱਝ ਆਖਣਾ, ਜਾਂ ਘੱਟੋ-ਘੱਟ ਉਨ੍ਹਾਂ ਦੇ ਕਾਰਜਾਂ ਉੱਪਰ ਵਿਸ਼ਲੇਸ਼ਣ ਦ੍ਰਿਸ਼ਟੀ ਪਾਉਣਾ ਪਹਾੜ ਨਾਲ ਮੱਥਾ ਲੈਣ ਬਰਾਬਰ ਹੈ, ਪਰ ਆਲੋਚਨਾ, ਆਲੋਚਨਾ ਹੈ।ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ।ਇਹੀ ਇਸ ਦੀ ਪਹਿਚਾਣ ਹੈ।
ਰਾਹੁਲ ਸੰਕਰਤਾਂਇਨ ਦੀਆਂ ਮੈਂ ਹੁਣ ਤੱਕ ਕੁੱਲ ਅੱਠ ਕਿਤਾਬਾਂ ਪੜ੍ਹੀਆਂ ਹਨ। ਦਰਸ਼ਨ-ਦਿਗਦਰਸ਼ਨ ਉਸ ਦਾ ਇੱਕ ਪ੍ਰਮੁੱਖ ਗ੍ਰੰਥ ਹੈ।ਜਦੋਂ ਮੈਂ ਇਸ ਦਾ ਪਾਠ ਕਰ ਰਿਹਾ ਸੀ, ਉਸ ਸਮੇਂ ਤੋਂ ਹੀ ਰਾਹੁਲ ਦੀਆਂ ਲਿਖਤਾਂ ਪ੍ਰਤੀ ਮੇਰਾ ਨਜ਼ਰੀਆ, ਉਨ੍ਹਾਂ ਦੀ ਸਖ਼ਸ਼ੀਅਤ ਦੇ ਉਲਟ ਸ਼ੰਕਾਮਈ ਬਣ ਗਿਆ ਸੀ।ਦਰਸ਼ਨ-ਦਿਗਦਰਸਨ ਅਨੇਕਾਂ ਤਰੁੱਟੀਆਂ ਭਰਪੂਰ ਲਿਖਤ ਹੈ।
ਰਾਹੁਲ ਇਸ ਕਿਤਾਬ ਅੰਦਰ ਨਾ ਤਾਂ ਦਰਸਨ ਨਾਲ ਹੀ ਪੂਰੀ ਤਰ੍ਹਾਂ ਨਿਆਂ ਕਰ ਪਾਏ ਤੇ ਨਾ ਹੀ ਉਹ ਮਾਰਕਸਵਾਦ ਦੀ ਸ਼ਰਣ ਵਿਚ ਆਉਣ ਤੋਂ ਬਾਅਦ ਪੈਦਾ ਹੋਈ ਉਪਭਾਵੁਕਤਾ ਤੋਂ ਖੁਦ ਦਾ ਪਿੱਛਾ ਛੁਡਵਾ ਸਕੇ।ਭਾਰਤ ਇੱਕ ‘ਬਾਂਝ’ ਦੇਸ਼ ਹੈ, ਉਨ੍ਹਾਂ ਦੀ ਇਹ ਧਾਰਨਾ ਦਰਸ਼ਨ-ਦਿਗਦਰਸ਼ਨ ਦੇ ਹਰ ਇੱਕ ਪੰਨੇ ਉੱਪਰ ਪਸਰੀ ਦਿਖਾਈ ਦਿੰਦੀ ਹੈ।
ਭਾਰਤ ਦੇ ਹੀ ਇੱਕ ਹੋਰ ਪ੍ਰਸਿੱਧ ਵਿਦਵਾਨ ਰਾਮਧਾਰੀ ਸਿੰਘ ਦਿਨਕਰ ਦੇ ਉਲਟ ਰਾਹੁਲ ਭਾਰਤ ਦੀ ਹਰ ਇੱਕ ਪਰੰਪਰਾ, ਸਿਧਾਂਤ, ਫਲਸਫੇ ਆਦਿ ਨੂੰ ਇੱਥੋਂ ਦੀ ਪੈਦਾਇਸ਼ ਨਾ ਹੋ ਕਿ ਕਿਸੇ ਬਾਹਰੀ ਧਰਤ ਖਾਸ ਕਰ ਯੂਨਾਨ ਦੀ ‘ਰੀਸ’ ਸਾਬਤ ਕਰਨ ਉੱਪਰ ਅੜੇ ਹੋਏ ਹਨ।ਇਸ ਕਾਰਨ ਉਹ ਕਿਧਰੇ ਵੀ ਭਾਰਤੀ ਦਰਸ਼ਨ ਦੀਆਂ ਪ੍ਰਾਪਤੀਆਂ ਨੂੰ ਪ੍ਰਗਟ ਕਰਨ ਵਿਚ ਉਸ ਪੱਧਰ ਤੱਕ ਕਾਮਯਾਬ ਨਹੀਂ ਹੋ ਸਕੇ, ਜਿਸ ਪੱਧਰ ਦੀ ਰਾਹੁਲ ਵਰਗੇ ਵਿਦਵਾਨਾਂ ਪਾਸੋਂ ਅਕਸਰ ਉਮੀਦ ਕੀਤੀ ਜਾਂਦੀ ਹੈ।ਬੁੱਧਧਰਮ ਦੇ ਪ੍ਰਬੁੱਧ ਆਚਾਰੀਆ ਹੋਣ ਦੇ ਬਾਵਜੂਦ ਵੀ ਉਹ ਇਹ ਸਪਸਟ ਨਹੀਂ ਕਰ ਪਾਏ ਕਿ ਉਨ੍ਹਾਂ ਦੇ ‘ਇਸ਼ਟ’ ਬੁੱਧ ਧਰਮ ਦਾ ਦਰਸ਼ਨ ਜਦੋਂ ਭੌਤਿਕਵਾਦੀ ਸੀ, ਫਿਰ ਭਾਰਤ ਨੂੰ ਭੌਤਿਕਵਾਦ ਯੂਨਾਨ ਤੋਂ ਲੈਣ ਦੀ ਲੋੜ ਕਿਉਂ ਪਈ?
ਰਾਹੁਲ ਇਹ ਵੀ ਨਹੀਂ ਦੱਸ ਪਾਏ ਕਿ ਉਨ੍ਹਾਂ ਦੀਆਂ ਲਿਖਤਾਂ ਅੰਦਰ ਪ੍ਰਾਪਤ ਭਾਰਤੀ ਦਾਸ ਪ੍ਰਥਾ ਦਾ ਹਾਨੀਕਾਰਕ ਸਰੂਪ ਜੇਕਰ ਦਰਸ਼ਨ ਸਾਸਤਰ ਦੇ ਰਾਹ ਵਿਚ ਵੱਡੀ ਰੁਕਾਵਟ ਵਜੋਂ ਦੇਖਿਆ ਗਿਆ ਹੈ, ਤਾਂ ਇਹ ਉਨ੍ਹਾਂ ਦੇ ‘ਪਿਆਰੇ ਯੂਨਾਨ ਅੰਦਰ ਫਿਲਾਸਫੀ ਦੇ ਵਿਕਾਸ ਲਈ ਸਹਾਇਕ ਕਿਵੇਂ ਹੋ ਗਿਆ?
ਇਸ ਦੇ ਨਾਲ ਹੀ ਉਹ ਆਪਣੀਆਂ ਲਿਖਤਾਂ ਅੰਦਰ ਜਿੰਨਾਂ ਵਿਰੋਧ ਰੱਬ ਦਾ ਕਰਦੇ ਰਹੇ, ਓਨਾ ਵਿਰੋਧ ਭਾਰਤੀ ਕੁਪ੍ਰਥਾਵਾਂ ਜਿਵੇਂ ਕਿ ਜਮੀਂਦਾਰੀ ਪ੍ਰਥਾ ਆਦਿ ਦਾ ਨਹੀਂ ਕਰ ਸਕੇ, ਇਸ ਦਾ ਕਾਰਨ ਵੀ ਉਹੀ ਜਾਣਦੇ ਹਨ।ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਰਾਹੁਲ ਨੇ ਜਿਹੜਾ ਈਸ਼ਵਰ ਦਾ ਵਿਰੋਧ ਕੀਤਾ ਹੈ, ਉਹ ਨਾ ਤਾਂ ਤਰਕ-ਪੂਰਨ ਹੈ ਅਤੇ ਨਾ ਹੀ ਮਾਰਕਸੀ, ਸਗੋਂ ਇਸ ਦਾ ਸਰੂਪ ਮਾਰਕਸ ਵਿਰੋਧੀ ਹੈ।
ਇਸ ਤੋਂ ਇਲਾਵਾ ਰਾਹੁਲ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਭਾਰਤ ਅੰਦਰ ਧਰਮ ਦੇ ਨਾਮ ਉੱਪਰ ਪੈਦਾ ਹੋਈ ਸੰਪਰਦਾਇਕਤਾ ਨੂੰ ਭਟਕਾਉਣ ਦਾ ਮੁੱਖ ਕਾਰਨ ਅੰਗਰੇਜ ਸਨ।ਉਨ੍ਹਾਂ ਇਸ ਦਾ ਸਾਰਾ ਦੋਸ਼ ਹਿੰਦੂਆਂ ਸਿਰ ਮੜ੍ਹ ਦਿੱਤਾ ਹੈ।ਹਿੰਦੂਆਂ ਪ੍ਰਤੀ ਉਨ੍ਹਾਂ ਨੂੰ ਸ਼ਾਇਦ ਕਾਫ਼ੀ ਸ਼ਿਕਾਇਤ ਜਾਂ ਪਤਾ ਨਹੀਂ ਕੀ ਸੀ, ਉਹ ਹਿੰਦੂਆਂ ਦੇ ਨਾਲ ਕਿਧਰੇ ਵੀ ਨਿਆਂ ਕਰਦੇ ਦਿਖਾਈ ਨਹੀਂ ਦਿੰਦੇ।ਸ਼ਾਇਦ ਇਹੀ ਵਜ੍ਹਾ ਹੋ ਸਕਦੀ ਹੈ ਕਿ ਰਾਹੁਲ ਨੂੰ ਨਾ ਵੇਦਾਂਤ ਦੀ ਸਹੀ ਸਮਝ ਆਈ ਅਤੇ ਨਾ ਹੀ ਉਹ ਭਾਰਤੀ ਮੁਸਲਮਾਨਾਂ ਦੀ ਸੰਸਕ੍ਰਿਤੀ ਨੂੰ ਸਮਝਣ ਵਿਚ ਸਫਲ ਹੋ ਸਕੇ।
ਆਪਣੀਆਂ ਕਿਤਾਬਾਂ ‘ਰਿਗਵੇਦਿਕ ਆਰੀਆ’ ਅਤੇ ‘ਵੋਲਗਾ ਤੋਂ ਗੰਗਾ’ ਦੀਆਂ ਸਥਾਪਨਾਵਾਂ ਦੇ ਇਤਿਹਾਸਿਕ ਵਿਸ਼ਲੇਸਣ ਤੋਂ ਬਾਅਦ ਅਸੀਂ ਇਹ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਰਾਹੁਲ ਆਰੀਆ ਲੋਕਾਂ ਬਾਰੇ ਵੀ ਆਪਣੀ ਕੋਈ ਪੁਖ਼ਤਾ ਸਮਝ ਸਥਾਪਿਤ ਨਹੀਂ ਕਰ ਪਾਏ। ‘ਰਿਗਵੇਦਿਕ ਆਰੀਆ’ ਅੰਦਰ ਉਨ੍ਹਾਂ ਜਿਸ ਵਹੀਲਰ ਦੀਆਂ ਧਾਰਨਾਵਾਂ ਅਤੇ ਤੱਥਾਂ ਦੀ ਵਰਤੋਂ ਕੀਤੀ ਹੈ, ਉਸ ਵਹੀਲਰ ਦੀਆਂ ਗੱਲਾਂ ਦਾ ਅਮਰੀਕੀ ਪੁਰਾਤਤਵ-ਖੋਜਕਰਤਾ ਡੇਲਸ ਨੇ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਪਰ ਵਹੀਲਰ ਦੀਆਂ ਧਾਰਨਾਵਾਂ ਉੱਪਰ ਬਣੀ ਰਾਹੁਲ ਦੀ ਸਮਝ ਨੂੰ ਅਸੀਂ ਹੁਣ ਤੱਕ ਮਾਨਤਾ ਪ੍ਰਦਾਨ ਕਰਦੇ ਆ ਰਹੇ ਹਨ।
ਉਨ੍ਹਾਂ ਦੀ ਇੱਕ ਨਿੱਕੀ ਜਿਹੀ ਪੁਸਤਕ ‘ਵਿਗਿਆਨਕ ਭੌਤਿਕਵਾਦ’ ਦੇ ਪਾਠਕ ਜਾਣਦੇ ਹੋਣਗੇ ਕਿ ਰਾਹੁਲ ਦੀ ਭੌਤਿਕਵਾਦ ਬਾਰੇ ਸਮਝ ਵੀ ਅਨੇਕਾਂ ਥਾਵਾਂ ਤੇ ਪੂਰੀ ਤਰ੍ਹਾਂ ਗਲਤ ਹੈ।ਸ਼ਾਇਦ ਮਾਰਕਸਵਾਦ ਦੇ ਅਧਿਐਨ ਤੋਂ ਉਹ ਕਾਫੀ ਜਿਆਦਾ ਪ੍ਰਭਾਵਿਤ ਹੋ ਗਏ ਸਨ।ਇਸ ਲਈ ਉਨ੍ਹਾਂ ਨੇ ਇਸ ਦੇ ਹਰ ਇੱਕ ਪੱਖ ਨੂੰ ਜਲਦੀ ਤੋਂ ਜਲਦੀ ਛੂਹਣਾ ਸ਼ੁਰੂ ਕਰ ਦਿੱਤਾ।ਸਟਾਲਿਨ ਅਤੇ ਮਾਓ ਦੀਆਂ ਜੀਵਨੀਆਂ ਦੇ ਨਾਲ ਹੀ ਮਾਰਕਸਵਾਦ ਦੀਆਂ ਸਿਧਾਂਤਿਕ ਸਮਝਾਂ ਨੂੰ ਬਿਆਨ ਕਰਨ ਦੀਆਂ ਕੋਸ਼ਿਸ਼ਾਂ ਵਿਚ ਉਹ ਕਾਫੀ ਕਾਹਲੀ ਦਿਖਾ ਗਏ।ਇਸ ਲਈ ਹੀ ਹੋ ਸਕਦਾ ਹੈ ਰਾਮਵਿਲਾਸ ਸ਼ਰਮਾ ਦਾ ਆਖਣਾ ਹੈ ਕਿ ਰਾਹੁਲ ਬੇਹੱਦ ਕਲਪਨਾਸ਼ੀਲ ਲੇਖਕ ਸੀ।
ਨੋਟ: ਇਸ ਪੋਸਟ ਲਈ ਰਾਮਵਿਲਾਸ ਸ਼ਰਮਾ ਦੇ ਲੇਖ ਇਤਿਹਾਸ ਦਰਸਨ ਅਤੇ ਰਾਹੁਲ ਸੰਕਰਤਾਇਨ ਦੀ ਮਦਦ ਲਈ ਗਈ ਹੈ।