ਲਿਖਾਰੀ
ਗਿਆਨੀ ਸੰਤੋਖ ਸਿੰਘ, ਰਣਧੀਰ ਸਿੰਘ
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੇ ਗ੍ਰਿਹ ਵਿਖੇ, ਪੋਹ ਸੁਦੀ ਸੱਤਵੀਂ, 22 ਦਸੰਬਰ ਸੰਨ 1666 ਨੂੰ, ਸ੍ਰੀ ਪਟਨਾ ਸਾਹਿਬਵਿਚ ਹੋਇਆ। ਬਚਪਨ ਦੀ ਅਵਸਥਾ ਵਿਚ ਹੀ, ਪਿਤਾ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਆਪ ਜੀ ਨੂੰ ਪਟਨੇ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਜਿਥੇ ਕਿ ਯੋਗ ਵਿਦਵਾਨਾਂ ਪਾਸੋਂ ਆਪ ਜੀ ਨੂੰ ਦੁਨਿਆਵੀ ਵਿੱਦਿਆ ਦਿਵਾਉਣ ਦਾ, ਪਿਤਾ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਢੁਕਵਾਂ ਤੇ ਸੁਚੱਜਾ ਪ੍ਰਬੰਧ ਕੀਤਾ ਗਿਆ। ਆਪ ਜੀ ਨੇ, ਉਸ ਸਮੇ ਦੇ ਪ੍ਰਸਿੱਧ ਅਤੇ ਪ੍ਰਬੀਨ ਸਿੱਖ, ਹਿੰਦੂ ਅਤੇ ਮੁਸਲਮਾਨ ਵਿਦਵਾਨਾਂ ਪਾਸੋਂ ਗੁਰਮੁਖੀ, ਗੁਰਬਾਣੀ, ਹਿੰਦੀ, ਸੰਸਕ੍ਰਿਤ, ਅਰਬੀ, ਫ਼ਾਰਸੀ, ਪੁਰਾਤਨ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਸ਼ਸਤਰ ਵਿੱਦਿਆ ਵਿਚ ਵੀ ਪ੍ਰਬੀਨਤਾ ਹਾਸਲ ਕੀਤੀ।
ਸੰਨ 1675 ਵਿਚ, ਜਦੋਂ ਕਿ ਆਪ ਜੀ ਦੀ ਅਜੇ ਨੌਂ ਸਾਲ ਦੀ ਸਰੀਰਕ ਉਮਰ ਹੀ ਸੀ ਕਿ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ, ਗੰਭੀਰ ਵਿਚਾਰ ਵਿਚ ਪ੍ਰਵਿਰਤ ਵੇਖ, ਪਿਤਾ ਗੁਰੂ ਜੀ ਨੂੰ, ਧਰਮ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਵਾਸਤੇ ਬੇਨਤੀ ਕੀਤੀ।
11 ਨਵੰਬਰ ਸੰਨ 1675 ਵਿਚ ਪਿਤਾ ਗੁਰੂ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਤੇ ਆਦਰਸ਼ਕ ਕੁਰਬਾਨੀ, ਜਿਸ ਨੂੰ ਆਪ ਜੀ ਨੇ, “ਤਿਲਕ ਜੰਞੂ ਰਾਖਾ ਪ੍ਰਭ ਤਾ ਕਾ। ਕੀਨੋ ਬਡੋ ਕਲੂ ਮਹਿ ਸਾਕਾ।” ਆਖ ਕੇ ਬਿਆਨਿਆ। ਇਸ ‘ਬਡੋ ਸਾਕਾ’ ਉਪ੍ਰੰਤ ਸਿੱਖ ਸਮਾਜ ਦੀ ਸਰਬਪੱਖੀ ਅਗਵਾਈ ਦੀ ਜੁੰਮੇਵਾਰੀ ਆਪ ਜੀ ਦੇ ਮੋਢਿਆਂ ਉਪਰ ਆ ਗਈ।
ਸਮੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਪ ਜੀ ਨੇ ਲੋੜ ਅਨੁਸਾਰ ਸਿੱਖ ਸੰਗਤਾਂ ਨੂੰ ਸ਼ਸਤਰਧਾਰੀਹੋਣ ਦਾ ਉਪਦੇਸ਼ ਦਿੱਤਾ ਅਤੇ ਇਸ ਪੱਖ ਦੀ ਸਫਲਤਾ ਵਾਸਤੇ ਹਰ ਸੰਭਵ ਯਤਨ ਵੀ ਕੀਤਾ। ਆਪ ਜੀ ਨੇ ਸਿੱਖਾਂ ਨੂੰ ਧਾਰਮਿਕ, ਸਰੀਰਕ, ਆਤਮਿਕ, ਵਿਦਿਅਕ, ਨੀਤਕ ਆਦਿ ਪੱਖਾਂ ਵਿਚ ਪ੍ਰੌੜ੍ਹਤਾ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ।
ਆਪ ਨੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ, ਸ੍ਰੀ ਦਮਦਮਾ ਸਾਹਿਬ ਆਦਿ ਸਥਾਨਾਂ ’ਤੇ, ਜਦੋਂ ਤੇ ਜਿਥੇ ਜਿਥੇ ਵੀ ਨਿਵਾਸ ਕੀਤਾ, ਆਪਣੇ ਦਰਬਾਰ ਵਿਚ, ਨਿਪੁੰਨ ਤੇ ਚੋਣਵੇਂ ਸਾਹਿਤਕਾਰਾਂ, ਯੋਧਿਆਂ, ਵਿਦਵਾਨਾਂ, ਕਵੀਆਂ, ਪ੍ਰਬੰਧਕਾਂ, ਪ੍ਰੇਮੀਆਂ, ਸੇਵਕਾਂ, ਸਿੱਖਾਂ, ਗੱਲ ਕੀ ਜਿਥੋਂ ਤੱਕ ਵੀ ਸੰਭਵ ਹੋ ਸਕਿਆ, ਹਰ ਪੱਖ ਦੇ ਮਾਹਰ ਵਿਅਕਤੀਆਂ ਨੂੰ, ਪੂਰਾ ਪੂਰਾ ਮਾਣ ਸਤਿਕਾਰ ਦੇ ਕੇ ਰੱਖਿਆ ਤੇ ਉਹਨਾਂ ਪਾਸੋਂ ਆਪਣੇ ਸਿੱਖਾਂ ਨੂੰ ਹਰ ਪ੍ਰਕਾਰ ਦੀ ਵਿੱਦਿਆ ਦਿਵਾਈ। ਅਜਿਹੇ ਮਾਹਰਾਂ ਨੂੰ ਆਪਣੇ ਪਾਸ ਰੱਖਣ ਅਤੇ ਮਾਣ ਦੇਣ ਸਮੇ ਆਪ ਜੀ ਨੇ ਮਜ਼ਹਬੀ ਵਿਖਰੇਵਿਆਂ ਤੋਂ ਉਪਰ ਉਠ ਕੇ ਵਰਤਾਰਾ ਕੀਤਾ।
ਕਈ ਇਤਿਹਾਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਨੂੰ ਸੁਚੱਜਤਾ ਸਹਿਤ ਸਮਝ ਸਕਣ ਦੀ ਸਮਰੱਥਾ ਨਾ ਰੱਖ ਸਕਣ ਕਾਰਨ, ਦਸਮ ਗੁਰੂ ਜੀ ਦੁਆਰਾ ਸਮੇ ਦੀ ਲੋੜ ਅਨੁਸਾਰ ਕੀਤੇ ਗਏ ਕਰਤਬਾਂ ਤੋਂ ਭੁਲੇਖਾ ਖਾ ਕੇ, ਇਉਂ ਸਮਝਣ ਦੀ ਗ਼ਲਤੀ ਖਾ ਜਾਂਦੇ ਹਨ ਕਿ ਜਿਵੇਂ ਗੁਰੂ ਜੀ ਦਾ ਮੁਖ ਉਦੇਸ਼ ਜੰਗ ਕਰਨਾ ਹੀ ਸੀ। ਪਰ ਜੋ ਆਪ ਜੀ ਦੀ ਖ਼ੁਦ ਦੀ ਲਿਖੀ ਬਾਣੀ ਅਤੇ ਇਤਿਹਾਸਕ ਘਟਨਾਵਾਂ ਨੂੰ ਗੰਭੀਰਤਾ ਸਹਿਤ ਵਾਚਦੇ ਹਨ, ਉਹ ਜਾਣਦੇ ਹਨ ਕਿ ਗੁਰੂ ਜੀ ਦਾ ਉਦੇਸ਼ ਜੰਗ ਕਰਨਾ ਨਹੀਂ ਸੀ ਬਲਕਿ ਉਹਨਾਂ ਦੇ ਆਪਣੇ ਸ਼ਬਦਾਂ ਵਿਚ, “ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕਉ ਮੂਲ ਉਪਾਰਨ॥” ਸੀ।
ਆਪਣੇ ਮਨੁੱਖੀ ਭਲਾਈ ਦੇ ਉਦੇਸ਼ ਨੂੰ ਸਦਾ ਲਈ ਸੁਚਾਰੂ ਰੂਪ ਵਿਚ ਚਾਲੂ ਰੱਖਣ ਹਿਤ, ਆਪ ਜੀ ਨੇ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਣਾ ਕਰ ਕੇ, ਇਸ ਸੰਤ ਸਿਪਾਹੀਆਂ ਦੀ ਜਥੇਬੰਦੀ ਨੂੰ ਪੱਕੇ ਜ਼ਬਤ ਵਿਚ ਬੰਨ੍ਹ ਦਿੱਤਾ ਤਾਂ ਕਿ ਕਿਤੇ ਉਹਨਾਂ ਦਾ ਖ਼ਾਲਸਾ ਵੀ, ਯੁੱਧ ਸਮੇ ਦੇ ਜੋਸ਼ ਵਿਚ, ਬਦਲੇ ਦੀ ਭਾਵਨਾ ਅੰਦਰ ਵਹਿ ਕੇ, ਆਪ ਜ਼ਾਲਮ ਹਾਕਮਾਂ ਵਾਲੇ ਨੀਵੇਂ ਪਧਰ ’ਤੇ ਨਾ ਡਿਗ ਪਵੇ।
ਗੁਰੂ ਜੀ ਨੂੰ ਸਮੇ ਦੇ ਜ਼ਾਲਮ ਹਾਕਮਾਂ ਅਤੇ ਉਹਨਾਂ ਦੇ ਅਧੀਨ ਰਜਵਾੜਿਆਂ ਨਾਲ, ਛੋਟੀਆਂ ਵੱਡੀਆਂ ਚੌਦਾਂ ਲੜਾਈਆਂ ਲੜਨ ਲਈ ਮਜਬੂਰ ਹੋਣਾ ਪਿਆ। ਵੈਸੇ ਆਪ ਜੀ ਦਾ ਸਦਾ ਲਈ ਹੀ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਹੈ ਕਿ ਕਦੀ ਵੀ ਕਿਸੇ ’ਤੇ ਵਾਧਾ ਨਹੀਂ ਕਰਨਾ ਬਲਕਿ ਹਰ ਸੰਭਵ ਯਤਨ ਕਰਨਾ ਹੈ ਜ਼ਾਲਮ ਨੂੰ ਜ਼ੁਲਮ ਤੋਂ ਰੋਕਣ ਦਾ। ਜੇਕਰ ਸਾਰੇ ਵਸੀਲੇ ਵਰਤ ਲੈਣ ਉਪ੍ਰੰਤ ਵੀ ਜ਼ਾਲਮ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਫੇਰ ਹੀ ਮਜ਼ਲੂਮ ਦੀ ਰੱਖਿਆ ਖ਼ਾਤਰ ਸ਼ਸਤਰ ਵਰਤਣਾ ਹੈ।
ਆਪਣੇ ਆਦਰਸ਼ ਖ਼ਾਤਰ ਆਪ ਜੀ ਨੇ ਸਾਰਾ ਪਰਵਾਰ ਹੀ ਕੁਰਬਾਨ ਕਰ ਦਿੱਤਾ।
ਅੰਤ ਵਿਚ ਅਕਾਲ ਪੁਰਖ ਦੇ ਸੱਦੇ ਅਨੁਸਾਰ, ਪਰਮ ਜੋਤਿ ਵਿਚ ਆਪਣੀ ਜੋਤਿ ਨੂੰ ਅਭੇਦ ਕਰਨ ਤੋਂ ਪਹਿਲਾਂ, ਆਪਣੇ ਸਿੱਖਾਂ ਨੂੰ, “ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ” ਦੀ ਆਗਿਆ ਕਰ ਕੇ, “ਜਿਉ ਜਲ ਮਹਿ ਜਲੁ ਆਇ ਖਟਾਨਾ। ਤਿਉ ਜੋਤੀ ਸੰਗਿ ਜੋਤਿ ਸਮਾਨਾ।” ਅਨੁਸਾਰ, ਇਸ ਅਸਾਰ ਸੰਸਾਰ ਤੋਂ ਆਪ ਜੀ ਸਰੀਰ ਕਰਕੇ ਅਲੋਪ ਹੋ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ:
1. ਕਿਰਤ ਧਰਮ ਦੀ ਕਰਨੀ
2. ਦਸਵੰਧ ਦੇਣਾ
3. ਗੁਰਬਾਣੀ ਕੰਠ ਕਰਨੀ
4. ਅੰਮ੍ਰਿਤ ਵੇਲ਼ੇ ਜਾਗਣਾ
5. ਪਿਆਰ ਨਾਲ਼ ਗੁਰਸਿੱਖਾਂ ਦੀ ਸੇਵਾ ਕਰਨੀ
6. ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ
7. ਪੰਜ ਕਕਾਰਾਂ ਦੀ ਰਹਿਤ ਦ੍ਰਿੜ੍ਹ ਰੱਖਣੀ
8. ਸ਼ਬਦ ਦਾ ਅਭਿਆਸ ਕਰਨਾ
9. ਧਿਆਨ ਸਤਿ-ਸਰੂਪ ਦਾ ਕਰਨਾ
10. ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ
11. ਸਭ ਕਾਰਜਾਂ ਦੇ ਆਰੰਭ ਵੇਲ਼ੇ ਅਰਦਾਸ ਕਰਨੀ
12. ਜੰਮਣ, ਮਰਨ, ਵਿਆਹ ਆਨੰਦ ਸਮੇ, ਜਪੁ ਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸ਼ਾਦ ਤਿਆਰ ਕਰਕੇ, ਆਨੰਦ ਸਾਹਿਬ ਦਾ ਪਾਠ, ਅਰਦਾਸ ਕਰਕੇ, ਪੰਜਾਂ ਪਿਆਰਿਆਂ ਦਾ ਵਰਤਾਰਾ ਵਰਤਾ ਕੇ ਅਤੇ ਹਜੂਰੀ ਗ੍ਰੰਥੀ ਸਿੰਘ ਦਾ ਵਰਤਾਰਾ ਰੱਖਣ ਉਪ੍ਰੰਤ, ਸੰਗਤਾਂ ਨੂੰ ਵਰਤਾ ਦੇਣਾ।
13. ਜਦੋਂ ਤੱਕ ਕੜਾਹ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ।
14. ਵਿਆਹ ਆਨੰਦ ਬਿਨਾ ਗ੍ਰਿਹਸਤ ਨਹੀਂ ਕਰਨਾ
15. ਪਰ ਇਸਤਰੀ ਮਾਂ-ਭੈਣ ਕਰ ਜਾਨਣੀ
16. ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ
17. ਜਗਤ ਜੂਠ ਤਮਾਕੂ ਬਿਖਿਆ ਦਾ ਤਿਆਗ ਕਰਨਾ
18. ਰਹਿਤਵਾਨ ਤੇ ਨਾਮ ਜਪਣ ਵਾਲ਼ੇ ਗੁਰਸਿੱਖਾਂ ਦੀ ਸੰਗਤ ਕਰਨੀ
19. ਜਿੰਨੇ ਕੰਮ ਆਪਣੇ ਕਰਨ ਵਾਲ਼ੇ ਹੋਣ ਉਹਨਾਂ ਦੇ ਕਰਨ ਵਿਚ ਆਲਸ ਨਹੀਂ ਕਰਨਾ
20. ਗੁਰਬਾਣੀ ਦਾ ਕੀਰਤਨ ਰੋਜ ਸੁਣਨਾ ਤੇ ਕਰਨਾ
21. ਕਿਸੇ ਦੀ ਨਿੰਦਿਆ, ਚੁਗਲੀ ਤੇ ਈਰਖਾ ਨਹੀਂ ਕਰਨੀ
22. ਧਨ, ਜਵਾਨੀ ਤੇ ਕੁਲ, ਜਾਤ ਦਾ ਮਾਣ ਨਹੀਂ ਕਰਨਾ
23. ਮੱਤ ਉਚੀ ਤੇ ਸੁੱਚੀ ਰੱਖਣੀ
24. ਸ਼ੁਭ ਕੰਮ ਕਰਦੇ ਰਹਿਣਾ
25. ਬੁਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
26. ਕਸਮ ਚੁੱਕਣ ਵਾਲ਼ੇ ਤੇ ਇਤਬਾਰ ਨਹੀਂ ਕਰਨਾ
27. ਸੁਤੰਤਰ ਵਿਚਰਨਾ
28. ਰਾਜਨੀਤੀ ਵੀ ਪੜ੍ਹਨੀ
29. ਸ਼ੱਤਰੂ ਨਾਲ਼ ਸਾਮ ਦਾਮ ਦੰਡ ਭੇਦ ਆਦਿ ਉਪਾ ਵਰਤਣੇ, ਯੁਧ ਕਰਨਾ ਧਰਮ ਹੈ
30. ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਦਾ ਅਭਿਆਸ ਕਰਨਾ
31. ਦੂਸਰੇ ਮੱਤਾਂ ਦੀਆਂ ਪੁਸਤਕਾਂ, ਵਿੱਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ੍ਹ ਗੁਰਬਾਣੀ ਅਤੇ ਅਕਾਲ ਪੁਰਖ ਤੇ ਹੀ ਰੱਖਣਾ
32. ਗੁਰੂ ਉਪਦੇਸ਼ ਧਾਰਨ ਕਰਨੇ
33. ਰਹਰਾਸਿ ਸਾਹਿਬ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਨੀ
34. ਸੌਣ ਸਮੇ ਸੋਹਿਲੇ ਦਾ ਪਾਠ ਕਰਨਾ
35. ਕੇਸ ਨੰਗੇ ਨਹੀਂ ਰੱਖਣੇ
36. ਸਿੰਘਾਂ ਦਾ ਪੂਰਾ ਨਾਂ ਲੈ ਕੇ ਬੁਲਾਉਣਾ, ਅੱਧਾ ਨਹੀਂ
37. ਸ਼ਰਾਬ ਨਹੀਂ ਸੇਵਨੀ
38. ਭਾਦਣੀ (ਸਿਰ ਮੁੰਨੇ) ਨੂੰ ਕੰਨਿਆਂ ਨਹੀਂ ਦੇਣੀ; ਉਸ ਘਰ ਦੇਣੀ ਜਿਥੇ ਅਕਾਲ ਪੁਰਖ ਦੀ ਸਿੱਖੀ ਹੋਵੇ
39. ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ ਕਰਨੇ
40. ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ
41. ਕੌੜਾ ਬਚਨ ਕਰਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ
42. ਦਰਸ਼ਨ ਯਾਤਰਾ ਕੇਵਲ ਗੁਰਦੁਆਰਿਆਂ ਦੀ ਹੀ ਕਰਨੀ
43. ਬਚਨ ਕਰਕੇ ਪਾਲਣਾ
44. ਅਤਿਥੀ, ਪਰਦੇਸੀ, ਦੁਖੀ, ਲੋੜਵੰਦ, ਅਪੰਗ ਮਨੁਖ ਦੀ ਯਥਾਸ਼ਕਤ ਸਹਾਇਤਾ ਕਰਨੀ
45. ਧੀ ਦੀ ਕਮਾਈ ਦਾ ਧਨ ਬਿਖ ਕਰਕੇ ਜਾਨਣਾ
46. ਦਿਖਾਵੇ ਦੇ ਸਿੱਖ ਨਹੀਂ ਬਣਨਾ
47. ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ, ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
48. ਚੋਰੀ, ਜਾਰੀ, ਠੱਗੀ, ਧੋਖਾ ਨਹੀਂ ਕਰਨਾ
49. ਗੁਰਸਿੱਖ ਦਾ ਇਤਬਾਰ ਕਰਨਾ
50. ਝੂਠੀ ਗਵਾਹੀ ਨਹੀਂ ਦੇਣੀ
51. ਝੂਠ ਨਹੀਂ ਬੋਲਣਾ
52. ਲੰਗਰ ਪ੍ਰਸ਼ਾਦ ਇਕ ਰਸ ਵਰਤਾਉਣਾ
ਸ਼ਾਹ ਮਹੁੰਮਦ ਸ਼ਾਹ ਲਤੀਫ ਲਿਖਦਾ ਹੈ ,,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਇੱਕ ਰੂਪ ਨਹੀਂ ਹੈ ,, ਬਹੁਤ ਰੂਪ ਹਨ ,,
ਮੈਂ ਲਿਖਣ ਵਿੱਚ ਅਸਮਰਥ ਹਾਂ ,,
ਉਹ ਕਹਿੰਦਾ ,,
ਜਦ ਮੈਂ ਦੇਖਦਾਂ ਹੱਥ ਵਿੱਚ ਕਲਮ ਹੈ ,,
ਲਿਖਣ ਵਿੱਚ ਉਹ ਲੀਨ ਹੈ ,,
ਜਮੁਨਾ ਦੇ ਤੱਟ ਤੇ ਬੈਠਾ ਹੋਇਆ ਹੈ ,,
ਤਾਂ ਐਸਾ ਪ੍ਰਤੀਤ ਹੁੰਦਾ ਹੈ ,,
ਕੋਈ ਸ਼ਾਇਰ ਹੈ ,,
ਕੋਈ ਕਵੀ ਹੈ ,,
ਫਿਰ ਜਦ ਮੈਂ ਦੇਖਦਾਂ ਹੱਥ ਵਿੱਚ ਤਲਵਾਰ ਹੈ ,,
ਭੰਗਾਣੀ ਦੇ ਯੁਧ ਵਿੱਚ ਤਲਵਾਰ ਚੱਲ ਰਹੀ ਹੈ ,,
ਜਿਸ ਹੱਥ ਵਿੱਚ ਕਲਮ ਸੀ ਉਸੇ ਹੱਥ ਵਿੱਚ ਤਲਵਾਰ ਹੈ ,,
ਫਿਰ ਖਿਆਲ ਆ ਜਾਂਦਾ ,,
ਇਹ ਕੋਈ ਸੂਰਮਾ ਹੈ ,,
ਇਹ ਕੋਈ ਯੋਧਾ ਹੈ ,,
ਫਿਰ ਜਦ ਮੈਂ ਦੇਖਦਾਂ ਇਹ ਉਪਦੇਸ਼ ਵੀ ਕਰਦਾ ਹੈ ਵਾਹਿਦ ਅੱਲਾ ਦਾ ,,
ਫਿਰ ਉਦੋਂ ਇਹ ਇੱਕ ਰਹਿਬਰ ਪ੍ਰਤੀਤ ਹੁੰਦਾ ,,
ਉਦੋਂ ਇੱਕ ਰਹਿਨੁਮਾ ਪ੍ਰਤੀਤ ਹੁੰਦਾ ,,
ਉਦੋਂ ਇੱਕ ਗੁਰੂ ਪ੍ਰਤੀਤ ਹੁੰਦਾ ,,
ਫਿਰ ਮੈਂ ਦੇਖਦਾਂ ਉਹ ਸੋਨੇ ਦੇ ਸਿੰਘਾਸਨ ਉੱਤੇ ਬੈਠਾ ਹੈ ,,
ਗਲੇ ਵਿੱਚ ਮੋਤੀਆਂ ਦੀ ਮਾਲਾ ਪਹਿਨੀ ਹੋਈ ਹੈ ,,
ਸੀਸ ਉੱਤੇ ਕਲਗੀ ਲਾਈ ਹੈ ,,
ਉੱਪਰ ਚੌਰ ਹੋ ਰਹੀ ਹੈ ,,
ਉਦੋਂ ਬਾਦਸ਼ਾਹ ਪ੍ਰਤੀਤ ਹੁੰਦਾਂ ,,
ਕੋਈ ਸ਼ਹਿਨਸ਼ਾਹ ਪ੍ਰਤੀਤ ਹੁੰਦਾ ,,
ਪਰ ਫਿਰ ਜਦ ਮੈਂ ਦੇਖਦਾਂ ,,
ਹੱਥ ਜੋੜ ਕੇ ਪੰਜ ਪਿਆਰਿਆਂ ਦੇ ਅੱਗੇ ਖੜਾ ,,
ਉਦੋਂ ਮੰਗਤਾ ਪ੍ਰਤੀਤ ਹੁੰਦਾ ,,
ਭਿਖਾਰੀ ਪ੍ਰਤੀਤ ਹੁੰਦਾਂ ,,
ਇਸ ਬਾਰੇ ਭਾਈ ਨੰਦ ਲਾਲ ਜੀ ਵੀ ਲਿਖਦੇ ਹਨ ,,
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ।।
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ।।
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ।।
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ।।
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ।।
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ।।
ਭਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ।।
ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ।।
ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿਨ ਕੋਟਿ ਮੁਬਾਰਕਾਂ