July 7, 2024 1:43 pm

11 ਜਨਵਰੀ ਸ਼ਹੀਦੀ ਦਿਨ ‘ਤੇ ਵਿਸ਼ੇਸ਼: ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ

ਲਿਖਾਰੀ
ਡਾ. ਗੁਰਵਿੰਦਰ ਸਿੰਘ

ਇੱਕ ਵਾਰ ਸ਼੍ਰੋਮਣੀ ਸਾਹਿਤਕਾਰ ਗਿਆਨੀ ਕੇਸਰ ਸਿੰਘ ਕੈਨੇਡੀਅਨ ਨੇ ਹੱਡਬੀਤੀ ਸੁਣਾਈ। ਕੈਨੇਡਾ ਦਾ ਇੱਕ ਪ੍ਰਮੁੱਖ ਗੁਰਦੁਆਰਾ ਸੀ ਅਤੇ ਸਵੇਰ ਦੇ ਦੀਵਾਨਾਂ ਦਾ ਸਮਾਂ ਸੀ। ਗਿਆਨੀ ਜੀ ਨੇ ਮੱਥਾ ਟੇਕ ਕੇ, ਕੁਝ ਸਮਾਂ ਦੀਵਾਨ ‘ਚ ਵਿਚਾਰਾਂ ਸੁਣੀਆਂ। ਜਦੋਂ ਬਾਹਰ ਆਏ, ਤਾਂ ਮੁਖੀ ਪ੍ਰਬੰਧਕ ਨੂੰ ਕਹਿਣ ਲੱਗੇ, ”ਕਿਉਂ ਬਈ, ਅੱਜ ਮੇਵਾ ਸਿੰਘ ਦਾ ਸ਼ਹੀਦੀ ਦਿਨ ਸੀ। ਉਨ੍ਹਾਂ ਬਾਰੇ ਵੀ ਪ੍ਰੋਗਰਾਮ ਰੱਖ ਲੈਣਾ ਸੀ।” ਨਾਵਲਕਾਰ ਕੇਸਰ ਸਿੰਘ ਦੀ ਹੈਰਾਨੀ ਤੇ ਗੁੱਸੇ ਤੇ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਅੱਗਿਓਂ ਪ੍ਰਬੰਧਕ ਨੇ ਪੁੱਛ ਲਿਆ, ”ਮੇਵਾ ਸਿੰਘ ਕੌਣ ਸੀ?” ਬੱਸ ਫੇਰ ਕੀ ਸੀ, ਤੱਤੇ ਸੁਭਾਅ ਦੇ ਮਾਲਕ ਗਿਆਨੀ ਜੀ ਨੇ ਉਸ ਨੰ ਸਖ਼ਤ ਝਾੜ ਪਾਉਂਦਿਆਂ ਇਥੋਂ ਤੱਕ ਕਹਿ ਦਿੱਤਾ, ”ਉਹ ਤੇਰਾ ਪਿਓ ਸੀ।

ਓਏ, ਤੁਸੀਂ ਸ਼ਹੀਦ ਮੇਵਾ ਸਿੰਘ ਬਾਰੇ ਪੁੱਛਦੇ ਹੋ, ਉਹ ਕੌਣ ਸੀ? ਤੁਹਾਨੂੰ ਸ਼ਰਮ ਨਹੀਂ ਆਉਂਦੀ, ਜਿਨ੍ਹਾਂ ਦੀ ਕੁਰਬਾਨੀ ਸਦਕੇ ਇਥੇ ਬੈਠੇ ਹੋ, ਅਕ੍ਰਿਤਘਣੋ, ਉਨ੍ਹਾਂ ਨੂੰ ਹੀ ਭੁਲਾਈ ਬੈਠੇ ਹੋ? ਸ਼ੇਰਾਂ ਦੀਆਂ ਮਾਰਾਂ ‘ਤੇ ਗਿੱਦੜ ਕਲੋਲਾਂ ਕਰ ਰਹੇ ਹਨ ।” ਦਰਅਸਲ ਇਹ ਤਲਖ ਹਕੀਕਤ ਕਿਸੇ ਇੱਕ ਪ੍ਰਬੰਧਕ ਜਾਂ ਅਸਥਾਨ ‘ਤੇ ਹੀ ਨਹੀਂ ਢੁੱਕਦੀ, ਬਲਕਿ ਦੇਸ਼-ਵਿਦੇਸ਼ਾਂ ਅੰਦਰ ਅਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ, ਜਦੋਂ ਮੋਢੀ ਯੋਧਿਆਂ ਨੂੰ ਭੁਲਾਂ ਕੇ ਮੌਕਾਪ੍ਰਸਤ ਲੀਡਰਾਂ ਦੇ ਸੋਹਲੇ ਗਾਏ ਜਾਂਦੇ ਹਨ।

ਸ਼ਹੀਦ ਭਾਈ ਮੇਵਾ ਸਿੰਘ ਦੀ ਮਹਾਨ ਕੁਰਬਾਨੀ ਨੂੰ ਨਾ ਤਾਂ ਸਿੱਖ ਜਗਤ ਨੇ ਬਣਦੀ ਮਾਨਤਾ ਦਿੱਤੀ ਹੈ ਤੇ ਨਾ ਹੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ‘ਚ ਹੀ ਉਨ੍ਹਾਂ ਦਾ ਬਹੁਤਾ ਜ਼ਿਕਰ ਮਿਲਦਾ ਹੈ। ਇਹ ਜਾਣਦਿਆਂ ਕਈਆਂ ਨੂੰ ਹੈਰਾਨੀ ਹੋਵੇਗੀ ਕਿ ਭਾਈ ਮੇਵਾ ਸਿੰਘ ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਭਾਈ ਮੇਵਾ ਸਿੰਘ ਨੂੰ ਫਾਂਸੀ ਕਿਉਂ ਦਿੱਤੀ ਗਈ, ਇਹ ਇਤਿਹਾਸ ਜਾਨਣਾ ਇਸ ਕਰਕੇ ਵੀ ਜ਼ਰੂਰੀ ਹੈ, ਕਿਉਂਕਿ ਇਹ ਕੁਰਬਾਨੀ ਹੀ ਅੱਗਿਓ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਸਣੇ, ਅਨੇਕਾਂ ਗਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਕਾਰਨ ਬਣੀ।

21 ਅਕਤੂਬਰ 1914 ਈ. ਨੂੰ ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬਿਆਂ ਪ੍ਰੋਵਿੰਸ਼ਿਅਲ ਕੋਰਟ ਵਿੱਚ, ਇੱਕ ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਬਦਨਾਮ ਤੇ ਗ਼ੱਦਾਰ, ਐਂਗਲੋ-ਇੰਡੀਅਨ ਅਧਿਕਾਰੀ ਹਾਪਕਿਨਸਨ ਨੂੰ ਸੋਧਿਆ ਸੀ ਤੇ ਮਗਰੋਂ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ। ਇਹ ਕਹਾਣੀ ਊਧਮ ਸਿੰਘ ਵਲੋਂ ਲੰਡਨ ‘ਚ ਪੰਜਾਬ ਦੇ ਸਾਬਕਾ ਗਵਰਨਰ, ਮਾਈਕਲ ਉਡਵਾਇਰ ਨੂੰ ਸੰਨ 1940 ਵਿੱਚ ਮਾਰਨ ਨਾਲ ਕਾਫੀ ਮਿਲਦੀ ਹੈ, ਫਰਕ ਸਿਰਫ਼ ਏਨਾ ਹੈ ਕਿ ਸ਼ਹੀਦ ਮੇਵਾ ਸਿੰਘ ਨੇ ਇਹ ਕਾਰਨਾਮਾ 26 ਸਾਲ ਪਹਿਲਾਂ ਕੀਤਾ ਸੀ, ਜਿਹੜਾ ਇਤਿਹਾਸ ਦੀਆਂ ਕਿਤਾਬਾਂ ਦੇ ਅਣਗੌਲੇ ਪੰਨਿਆਂ ਦੀ ਧੂੜ ‘ਚ ਹੀ ਗੁਆਚ ਗਿਆ। ਕਿੰਨਾ ਚੰਗਾ ਹੋਵੇ ਘੱਟੋ-ਘੱਟ ਪੰਜਾਬ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਹੀਦ ਮੇਵਾ ਸਿੰਘ ਦੀ ਕੁਰਬਾਨੀ ਬਾਰੇ ਪੜ੍ਹਾਇਆ ਜਾਵੇ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਲਈ ਸੇਧ ਲਈ ਜਾਵੇ।

ਸ਼ਹੀਦ ਮੇਵਾ ਸਿੰਘ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ‘ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ ਸੰਨ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। 20ਵੀਂ ਸਦੀ ਦੇ ਸ਼ੁਰੂ ‘ਚ ਹੋਰਨਾਂ ਪੰਜਾਬੀਆਂ ਵਾਂਗ ਮੇਵਾ ਸਿੰਘ ਦੀ ਸੁਨਹਿਰੀ ਭਵਿੱਖ ਸਿਰਜਨ ਲਈ 1906 ਈਂ ਵਿੱਚ ਵੈਨਕੂਵਰ ਆ ਵਸੇ। ਉਨ੍ਹਾਂ ਦਿਨੀਂ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨਾਉਣੀ ਮਿਸਾਲ, 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਿਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊਵੈਸਟ ਮਿਨਿਸਟਰ ਦੀ ਫਰੇਜ਼ਰ ਮਿੱਲ ‘ਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ।

ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ -ਸੁੱਚੇ ਮਨੁੱਖਾਂ ਅੰਦਰ ਆਜ਼ਾਦੀ ਦੀ ਚਿਣਗ ਕਿਤੇ ਨਾ ਕਿਤੇ ਅਵਚੇਤਨ ਮਨ ਅਤੇ ਪਰੋਖ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ।ਜੋ ਲੇਖਕ ਇਹ ਸਾਬਤ ਕਰ ਦੀ ਕੋਸ਼ਿਸ਼ ਕਰਦੇ ਹਨ ਕਿ ਗਦਰੀ ਯੋਧਿਆਂ ਅੰਦਰ ਜਾਗ੍ਰਿਤੀ ਕੇਵਲ ਬਾਹਰਲੇ ਮੁਲਕਾਂ ਜਾਂ ਬਾਹਰੀ ਫਲਸਫਿਆਂ ਕਰਕੇ ਆਈ ਸੀ, ਉਹ ਭੁਲੇਖੇ ਪੈਦਾ ਕਰਦੇ ਹਨ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ।

ਇਥੇ ਹੀ 21 ਜੂਨ 1908 ਨੂੰ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜੁਲਮ ਖਿਲਾਫ਼ ਲੜਨ ਅਤੇ ਸੱਚ ‘ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਹੱਕ ਸੱਚ ਅਤੇ ਇਨਸਾਫ਼ ਲਈ ਮਰ ਮਿੱਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਨ੍ਹਾਂ ਵਿਆਹ ਨਹੀਂ ਸੀ ਕਰਾਇਆ, ਜਦੋਂ ਉਹ ਭਰ ਜੁਆਨੀ ‘ਚ ਸ਼ਹੀਦੀ ਪਾ ਗਏ।

ਸ਼ਹੀਦ ਮੇਵਾ ਸਿੰਘ ਦੇ ਜੀਵਨ ‘ਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ ਜਹਾਜ਼) ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ‘ਚ ‘ਗੁਰੂ ਨਾਨਕ ਜਹਾਜ਼’ ਜਿਸਨੂੰ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਵਜੋਂ ਜਾਣਿਆ ਜਾਂਦਾ ਹੈ, ਦੇ ਵੈਨਕੂਵਰ ਪੁੱਜਣ ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ। ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ ‘ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ।

6 ਜੁਲਾਈ ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚਚ ਮੋਢੀ ਗਦਰੀ ਬਾਬਿਆਂ ਨੇ ਫੈਸਲਾ ਕੀਤਾ ਕਿ ਕਾਮਾਗਾਟਾਮਾਰੂ ਦੇ ਵਾਪਿਸ ਜਾਣ ਤੋਂ ਪਹਿਲਾਂ ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਸਾਹਰੀ ਸਮੰਤ, ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ ਅਗਲੇ ਦਿਨ ਵਾਪਿਸ ਪਰਤੇ। ਕੈਨੇਡਾ ਦੇ ਸ਼ਹਿਰ ਐਬਟਸਫੋਰਡ ‘ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਮੇਵਾ ਸਿੰਘ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।

ਉਨ੍ਹਾਂ ਨੂੰ ਹਿੰਦ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇੰਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ, ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰੰਤੂ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ 7 ਅਗਸਤ ਨੂੰ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।

ਇਸ ਦੌਰਾਨ ਹੀ 23 ਜੁਲਾਈ ਨੂੰ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜਵਾਦ ਖਿਲਾਫ਼ ਵਿਰੋਧ ਸਿਖਰਾਂ ‘ਤੇ ਸੀ। ਉਧਰ 4 ਅਗਸਤ ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਇੱਕ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਾਪਨਿਸਨ ਦੀ ਸ਼ਹਿ ‘ਤੇ ਵੋਹਿਸ਼ੀਆਨਾ ਕਾਰਵਾਈ ਕਰਦਿਆਂ, 5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ।

ਦੀਵਾਨ ਹਾਲ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਨ੍ਹਾਂ ਨੂੰ ਬਚਾਉਂਦਿਆਂ ਭਾਈ ਬਦਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਉਨ੍ਹਾਂ ਦੀ ਨਜ਼ਰ ‘ਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ, ਜਿਵੇਂ ਕੁਝ ਵਰ੍ਹਿਆਂ ਬਾਅਦ ਸੰਨ 1919 ‘ਚ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ਼ ‘ਚ ਸ਼ਾਂਤਮਈ ਇਕੱਠ ਤੇ ਗੋਲ਼ੀਆਂ ਚਲਦਿਆਂ ਬੇਕਸੂਰ ਸੈਂਕੜੇ ਲੋਕਾਂ ਦਾ ਸ਼ਹੀਦੀ ਦ੍ਰਿਸ਼ ਵੇਖ ਕੇ ਊਧਮ ਸਿੰਘ ਦਾ ਖ਼ੂਨ ਖੌਲ ਉਠਿਆ ਸੀ ਤੇ ਉਸਨੇ ਖੂਨੀ ਸਾਕੇ ਲਈ ਜਨਰਲ ਡਾਇਰ ਤੇ ਮਾਈਕਲ ਉਦਵਾਇਰ ਨੂੰ ਦੋਸ਼ੀ ਮੰਨਦਿਆਂ ਸੋਧਣ ਦੀ ਸਹੁੰ ਖਾਈ ਸੀ।

ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖਿਲਾਫ਼, ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ, ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਉਹ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ ‘ਚ ਵਾਰੀ -ਵਾਰੀ ਲੈ ਕੇ, ਗੋਲੀਆਂ ਦਾਗ਼ ਦਿੱਤੀਆਂ। ਹਾਪਕਿਨਸਨ ਮੌਕੇ ‘ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ।

30 ਅਕਤੂਬਰ ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ ‘ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ ‘ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ ‘ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਇੰਟਰਪਰੇਟਰ ਮਿਸਟਰ ਡਾਲਰਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ, ਜਿੰਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਵਿੱਚ ਇਉਂ ਲਿਖਿਆ ਹੈ: ”ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ।

ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ… ਅਸੀਂ ਸਿੱਖ ਗੁਰਦੁਆਰੇ ‘ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ ‘ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ ‘ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ‘ਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ।

ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ ‘ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ,ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ।

ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ…।” ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ ‘ਚ ਉਨ੍ਹਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ। ਆਪਣੇ ਸ਼ਬਦਾਂ ‘ਚ ਕਤਲ ਦੀ ਜ਼ਿੰਮੇਵਾਰੀ ਕਬੂਲਣ ਮਗਰੋਂ ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ ‘ਚ ਫੈਸਲਾ ਕਰਦਿਆਂ ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਸਵੇਰੇ ਪੌਣੇ ਅੱਠ ਵਜੇ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ”ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੋਰੋ” ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਹਾਜ਼ਰ ਚਾਰ ਸੌ ਦੇ ਕਰੀਬ ਲੋਕ ਵੈਰਾਗ ‘ਚ ‘ਸ਼ਹੀਦ ਮੇਵਾ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਕੇ ਧਰਮੀ ਯੋਧੇ ਦੀ ਜੈ ਜੈ ਕਾਰ ਕਰ ਰਹੇ ਸਨ।