ਹੁਨਰ ਸਿਖਲਾਈ

ਪੰਜਾਬ ਸਰਕਾਰ ਵੱਲੋਂ 3 ਫ਼ਰਵਰੀ ਨੂੰ ‘ਹੁਨਰ ਸਿਖਲਾਈ’ ’ਚ ਭਵਿੱਖ ’ਤੇ ਵਿਸ਼ੇਸ਼ ਗੱਲਬਾਤ

ਨਵਾਂਸ਼ਹਿਰ, 1 ਫ਼ਰਵਰੀ, 2023: ਪੰਜਾਬ ਘਰ-ਘਰ ਰੁਜ਼ਗਾਰ ਮਿਸ਼ਨ ਅਤੇ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ 3 ਫ਼ਰਵਰੀ, 2023 ਨੂੰ ‘ਖਵਾਇਸ਼ਾਂ ਦੀ ਉਡਾਨ’ ਪ੍ਰੋਗਰਾਮ ਤਹਿਤ ‘ਕਰੀਅਰ ਟਾਕ’ (ਮਾਹਿਰਾਂ ਦੀ ਵਿਸ਼ੇਸ਼ ਗੱਲਬਾਤ) ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ, ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਰੁਜ਼ਗਾਰ ਸਬੰਧੀ ਹੁਨਰ ਸਿਖਲਾਈ ਪ੍ਰੋਗਰਾਮ ਰਾਹੀਂ ਕਿੱਤਾਮੁਖੀ ਭਵਿੱਖ ਬਾਰੇ ਵਿਸ਼ੇਸ਼ ਮਾਹਿਰਾਨਾਂ ਗੱਲਬਾਤ ਕਰਵਾਈ ਜਾਵੇਗੀ, ਜਿਸ ਵਿੱਚ ਸ਼੍ਰੀਮਤੀ ਅਮਨਦੀਪ ਕੌਰ ਅਤੇ ਡਾ. ਪਰਵਿੰਦਰ ਕੌਰ, ਪ੍ਰੋਜੈਕਟ ਕੋਆਰਡੀਨੇਟਰ, ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਾਰਥੀਆਂ ਨੂੰ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਕੋਰਸਾਂ ਅਤੇ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਕੋਰਸ ਕਰਨ ਉਪਰੰਤ ਰੋਜ਼ਗਾਰ/ਸਵੈ ਰੁਜ਼ਗਾਰ ਦੇ ਮੌਕਿਆਂ ’ਤੇ ਚਾਨਣਾ ਪਾਇਆ ਜਾਵੇਗਾ।

ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਦਾ ਸਥਾਨਕ ਬਿਊਰੋ ਦਫ਼ਤਰ ਵਿੱਚ 3 ਫ਼ਰਵਰੀ ਨੂੰ ਸਵੇਰੇ 11:00 ਵਜੇ ਸਿੱਧਾ ਪ੍ਰਸਾਰਣ ਕਰਵਾਇਆ ਜਾਵੇਗਾ। ਹੁਨਰ ਸਿਖਲਾਈ ਕੋਰਸਾਂ ਸਬੰਧੀ ਜਾਣਕਾਰੀ ਦੇ ਚਾਹਵਾਨ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਹਾਜ਼ਰ ਹੋ ਕੇ ਇਸ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਪ੍ਰਾਰਥੀ ਦੇ ਹੁਨਰ ਵਿਕਾਸ ਸਬੰਧੀ ਕੋਈ ਪ੍ਰਸ਼ਨ ਹੋਣਗੇ ਤਾਂ ਉਨ੍ਹਾਂ ਦਾ ਵੀ ਮੌਕੇ ਤੇ ਹੀ ਮਾਹਿਰਾਂ ਵੱਲੋਂ ਹੱਲ ਦੱਸਿਆ ਜਾਵੇਗਾ। ਇਹ ‘ਕਰੀਅਰ ਟਾਕ’ ਰੁਜ਼ਗਾਰ ਵਿਭਾਗ ਦੇ ਫੇਸਬੁਕ ਪੇਜ਼ ’ਤੇ ‘ਲਾਈਵ’ ਵੀ ਦੇਖੀ ਜਾ ਸਕਦੀ ਹੈ।

Scroll to Top