Chhatbir Zoo News

Chhatbir Zoo News: ਛੱਤਬੀੜ ਚਿੜੀਆਘਰ ‘ਚ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਚੰਡੀਗੜ੍ਹ, 27 ਦਸੰਬਰ 2025: Chhatbir Zoo News: ਸਰਦੀਆਂ ਦੀ ਆਮਦ ਅਤੇ ਖ਼ਰਾਬ ਮੌਸਮ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਛੱਤਬੀੜ ਦੇ ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ ‘ਚ ਜਾਨਵਰਾਂ ਲਈ ਸੁਰੱਖਿਆਤ ਵਾਤਾਵਰਣ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਇਸ ਦੌਰਾਨ ਮਾਸਾਹਾਰੀ ਜਾਨਵਰਾਂ ਬਾਘ, ਚੀਤੇ, ਸ਼ੇਰ ਅਤੇ ਹੋਰਨਾਂ ਬਿੱਲੀ ਪ੍ਰਜਾਤੀਆਂ ਲਈ ਰਾਤ ਦੇ ਆਸਰਾ ਸਥਾਨਾਂ ‘ਚ ਰੂਮ ਹੀਟਰ ਅਤੇ ਹੀਟ ਕੰਵੈਕਟਰ ਲਗਾਏ ਗਏ ਹਨ | ਸਾਰੀਆਂ ਖਿੜਕੀਆਂ ਅਤੇ ਖੁੱਲ੍ਹਿਆਂ ਥਾਵਾਂ ਨੂੰ ਪੌਲੀਥੀਨ ਸ਼ੀਟ ਜਾਂ ਫਾਈਬਰ ਸ਼ੀਟ ਅਤੇ ਸਰਕੰਡੇ ਘਾਹ ਦੀ ਛੱਤ ਨਾਲ ਢੱਕਿਆ ਗਿਆ ਹੈ। ਸਾਰੇ ਵਧੇਰੀ ਉਮਰ ਅਤੇ ਛੋਟੀ ਉਮਰ ਦੇ ਜਾਨਵਰਾਂ ਲਈ ਵਿਸ਼ੇਸ਼ ਤਾਪਮਾਨ ਨਿਯੰਤਰਣ ਪ੍ਰਬੰਧ ਕੀਤੇ ਹਨ।

ਸ਼ਾਕਾਹਾਰੀ ਜਾਨਵਰਾਂ ਲਈ ਬੰਨ੍ਹਣ ਵਾਲੀਆਂ ਤਾਰਾਂ ਅਤੇ ਰੱਸੀਆਂ ਦੀ ਮੱਦਦ ਨਾਲ ਅਸਥਾਈ ਆਸਰਾ/ਝੌਂਪੜੀਆਂ ਬਣਾਈਆਂ ਹਨ, ਜਿਸ ਨਾਲ ਇਨ੍ਹਾਂ ਸ਼ਾਕਾਹਾਰੀ ਜਾਨਵਰਾਂ ਦੇ ਸਾਰੇ ਵਾੜਿਆਂ ‘ਚ ਵਾਟਰ ਪਰੂਫ਼ ਪ੍ਰਬੰਧਾਂ (ਛੱਤਾਂ ਨੂੰ ਕਾਲੀ ਤਰਪਾਲ ਨਾਲ ਢੱਕਣ) ਦੀ ਸਹੂਲਤ ਦਿੱਤੀ ਹੈ। ਸਾਰੇ ਸ਼ਾਕਾਹਾਰੀ ਜਾਨਵਰਾਂ ਵਾਸਤੇ ਆਰਾਮਦਾਇਕ ਫਰਸ਼ ਲਈ ਪਰਾਲੀ ਅਤੇ ਤੂੜੀ ਦੇ ਬਿਸਤਰੇ ਦੀ ਵਿਵਸਥਾ ਕੀਤੀ ਹੈ।

ਇਸਦੇ ਨਾਲ ਹੀ ਸਾਰੇ ਪੰਛੀਆਂ ਦੇ ਪਿੰਜਰਿਆਂ ਨੂੰ ਫਾਈਬਰ ਕੱਪੜੇ, ਜੂਟ ਮੈਟ ਅਤੇ ਪੌਲੀਥੀਨ ਦੀਆਂ ਚਾਦਰਾਂ ਨਾਲ ਚੰਗੀ ਤਰ੍ਹਾਂ ਢਕਿਆ ਹੈ ਤਾਂ ਜੋ ਉਨ੍ਹਾਂ ਨੂੰ ਠੰਢ ਅਤੇ ਮੀਂਹ ਤੋਂ ਬਚਾਇਆ ਜਾ ਸਕੇ। ਸਾਰੇ ਪੰਛੀਆਂ ਦੇ ਆਲ੍ਹਣਿਆਂ ਨੂੰ ਗਰਮ ਰੱਖਣ ਲਈ ਪਰਾਲੀ, ਤੂੜੀ ਅਤੇ ਚੌਲਾਂ ਦੇ ਭੂਸੇ ਦਾ ਬਿਸਤਰੇ ਦੀ ਵਰਤੋਂ ਕੀਤੀ ਹੈ। ਪੰਛੀਆਂ ਦੇ ਪਿੰਜਰਿਆਂ ਦੇ ਢੱਕਣ ਅਗਲੇ ਪਾਸੇ ਤੋਂ ਫੋਲਡ ਹੋ ਸਕਦੇ ਹਨ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਧੁੱਪ ਪੈਣ ਲਈ ਖੋਲ੍ਹਿਆ ਜਾ ਸਕੇ। ਆਰਾਮਦਾਇਕ ਵਾਤਾਵਰਣ ਲਈ ਸਾਰੇ ਤਿੱਤਰਾਂ ਦੇ ਪਿੰਜਰਿਆਂ ਨੂੰ ਘਾਹ/ਝੋਨੇ ਦੇ ਢਾਂਚੇ ਨਾਲ ਭਰਪੂਰ ਬਣਾਇਆ ਹੈ।

ਇਸਦੇ ਨਾਲ ਹੀ ਰੇਂਗਣ ਵਾਲੇ ਜੰਤੂਆਂ ਦੀਆਂ ਖੱਡਾਂ ‘ਤੇ ਆਇਲ ਫਿਨ ਹੀਟਰ ਲਗਾਏ ਹਨ ਅਤੇ ਇਹ ਹੀਟਰ ਆਲੇ-ਦੁਆਲੇ ਦੀ ਕੁਦਰਤੀ ਨਮੀ ਨੂੰ ਪ੍ਰਭਾਵਤ ਨਹੀਂ ਕਰਦੇ। ਇਸ ਤੋਂ ਇਲਾਵਾ ਰੇਂਗਣ ਵਾਲੇ ਜੰਤੂਆਂ ਦੇ ਸਾਰੇ ਸੈੱਲਾਂ ਲਈ ਤੂੜੀ, ਸੁੱਕੇ ਪੱਤਿਆਂ ਅਤੇ ਭਾਰੀ ਕੰਬਲਾਂ ਦੀ ਵਿਵਸਥਾ ਕੀਤੀ ਹੈ। ਰੇਂਗਣ ਵਾਲੇ ਜੰਤੂਆਂ ਵਾਲੇ ਸੈਕਸ਼ਨ ‘ਚ ਵਿਸ਼ੇਸ਼ ਯੂ.ਵੀ. ਲੈਂਪ ਲਗਾਏ ਹਨ। ਕੱਛੂਆਂ ਅਤੇ ਪਾਣੀ ‘ਚ ਰਹਿਣ ਵਾਲੇ ਕੱਛੂਆਂ ਲਈ ਵਾਟਰ ਸਰਕੂਲੇਸ਼ਨ ਸਿਸਟਮ ਵਾਲੇ ਵਿਸ਼ੇਸ਼ ਐਕੁਏਰੀਅਮ ਵਾਟਰ ਹੀਟਰ ਵੀ ਲਗਾਏ ਹਨ।

Read More: Chhatbir Zoo: ਇੱਕ ਸਾਲ ‘ਚ 90 ਹਜ਼ਾਰ ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਛੱਤਬੀੜ ਚਿੜੀਆਘਰ ਦਾ ਦੌਰਾ

Scroll to Top