ਚੰਡੀਗੜ੍ਹ, 28 ਜੂਨ 2024: (SYL Canal) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱ’ਚ ਅਰਦਾਸ ਕੀਤੀ । ਇਸ ਦੌਰਾਨ ਮੁੱਖ ਮੰਤਰੀ ਨੇ ਲੰਗਰ ਛਕ ਕੇ ਲੰਗਰ ਦੀ ਸੇਵਾ ਕੀਤੀ | ਇਸਤੋਂ ਬਾਅਦ ਨਾਇਬ ਸਿੰਘ ਨੇ ਅੰਮ੍ਰਿਤਸਰ ਨੇੜੇ ਭਗਵਾਨ ਵਾਲਮੀਕਿ ਦੇ ਤੀਰਥ ਅਸਥਾਨ ਰਾਮ ਤੀਰਥ ਮੰਦਰ ‘ਚ ਵੀ ਮੱਥਾ ਟੇਕਿਆ ਅਤੇ ਭਗਵਾਨ ਵਾਲਮੀਕਿ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਚੜ੍ਹਾਈਆਂ।
ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸਿੱਖ ਗੁਰੂਆਂ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਆ ਕੇ ਬਹੁਤ ਸਕੂਨ ਮਹਿਸੂਸ ਹੋ ਰਿਹਾ ਹੈ | ਇਸਦੇ ਨਾਲ ਹੀ ਨਾਇਬ ਸਿੰਘ ਨੇ ਐੱਸ.ਵਾਈ.ਐੱਲ ਨਹਿਰ (SYL Canal) ਦੇ ਮੁੱਦੇ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਤੇ ਵੱਡੇ ਭਰਾ ਦਾ ਫਰਜ਼ ਬਣਦਾ ਹੈ ਕਿ ਉਹ ਛੋਟੇ ਭਰਾ ਨੂੰ ਨਿਰਾਸ਼ ਨਾ ਹੋਣ ਦੇਵੇ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਇੱਕ ਪਰਿਵਾਰ, ਇੱਕ ਘਰ ਹਨ, ਇਸ ਲਈ ਉਹ ਵੱਡੇ ਭਰਾ ਨੂੰ ਬੇਨਤੀ ਕਰਦੇ ਹਨ ਕਿ ਸਾਨੂੰ ਪਾਣੀ ਦਿੱਤਾ ਜਾਵੇ।