ਚੰਡੀਗੜ੍ਹ, 16 ਜਨਵਰੀ 2025: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (CM Devendra Fadnavis) ਦੀ ਅਦਾਕਾਰ ਸੈਫ ਅਲੀ ਖਾਨ (Saif Ali Khan) ‘ਤੇ ਹੋਏ ਹਮਲੇ ‘ਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਦਾਕਾਰ ਨਾਲ ਵਾਪਰੀ ਘਟਨਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਹਮਲਾ ਕਿਸ ਇਰਾਦੇ ਨਾਲ ਕੀਤਾ ਗਿਆ, ਇਹ ਸਭ ਤੁਹਾਡੇ ਸਾਹਮਣੇ ਹੈ। ਜਿਕਰਯੋਗ ਹੈ ਕਿ ਸੀਐਮ ਫੜਨਵੀਸ ਅੱਜ ਵੀਰਵਾਰ ਨੂੰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਦੀ ਸਕ੍ਰੀਨਿੰਗ ‘ਚ ਸ਼ਾਮਲ ਹੋਏ ਸਨ। ਇਸ ਦੌਰਾਨ ਮੀਡੀਆ ਨੇ ਉਨ੍ਹਾਂ ਸਾਹਮਣੇ ਇਸ ਘਟਨਾ ਦਾ ਜ਼ਿਕਰ ਕੀਤਾ।
ਸੈਫ ਅਲੀ ਖਾਨ ‘ਤੇ ਹੋਏ ਹਮਲੇ ‘ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਮੁੰਬਈ ਅਸੁਰੱਖਿਅਤ ਹੈ। ਮੁੰਬਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਹਮਲੇ ਪਿੱਛੇ ਕੀ ਮਕਸਦ ਸੀ, ਇਹ ਸਭ ਜਲਦੀ ਹੀ ਸਾਹਮਣੇ ਆ ਜਾਵੇਗਾ।
ਸੀਐਮ ਫੜਨਵੀਸ ਨੇ ਮੀਡੀਆ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਵੱਡੇ ਸ਼ਹਿਰਾਂ ‘ਚੋਂ ਮੁੰਬਈ ਸਭ ਤੋਂ ਸੁਰੱਖਿਅਤ ਹੈ।’ ਇਹ ਸੱਚ ਹੈ ਕਿ ਕਈ ਵਾਰ ਕੁਝ ਘਟਨਾਵਾਂ ਵਾਪਰਦੀਆਂ ਹਨ ਅਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਪਰ ਇਹ ਕਹਿਣਾ ਕਿ ਅਜਿਹੀਆਂ ਘਟਨਾਵਾਂ ਕਾਰਨ ਮੁੰਬਈ ਅਸੁਰੱਖਿਅਤ ਹੈ, ਸਹੀ ਨਹੀਂ ਹੈ। ਅਜਿਹੀਆਂ ਟਿੱਪਣੀਆਂ ਮੁੰਬਈ ਦੀ ਛਵੀ ਨੂੰ ਖਰਾਬ ਕਰਦੀਆਂ ਹਨ। ਸਰਕਾਰ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਲਈ ਜ਼ਰੂਰ ਯਤਨ ਕਰੇਗੀ।ਅਦਾਕਾਰ ਸੈਫ ਅਲੀ ਖਾਨ ‘ਤੇ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਤੇ ਹਮਲਾ ਹੋਇਆ ਸੀ । ਹਮਲਾਵਰ ਨੇ ਉਸ ‘ਤੇ ਛੇ ਵਾਰ ਚਾਕੂ ਨਾਲ ਵਾਰ ਕੀਤੇ। ਅਦਾਕਾਰ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਆਪ੍ਰੇਸ਼ਨ ਸਫਲ ਰਿਹਾ ਹੈ। ਅਦਾਕਾਰ ਲੀਲਾਵਤੀ ਹਸਪਤਾਲ ‘ਚ ਦਾਖਲ ਹਨ ਅਤੇ ਖ਼ਤਰੇ ਤੋਂ ਬਾਹਰ ਹਨ।
ਦੂਜੇ ਪਾਸੇ ਸੈਫ ਅਲੀ ਖਾਨ (Saif Ali Khan) ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ, ਪੁਲਿਸ ਅਦਾਕਾਰ ਦੇ ਘਰ ਦੀ ਲਗਾਤਾਰ ਜਾਂਚ ਕਰ ਰਹੀ ਹੈ। ਮੁੰਬਈ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ।
ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਅੱਗ ਤੋਂ ਬਚਣ ਵਾਲੇ ਖੇਤਰ ‘ਚ ਪੌੜੀਆਂ ਦੀ ਮੱਦਦ ਨਾਲ ਸੈਫ ਦੇ ਘਰ ‘ਚ ਦਾਖਲ ਹੋਇਆ। ਉਕਤ ਵਿਅਕਤੀ ਲੁੱਟ ਦੇ ਇਰਾਦੇ ਨਾਲ ਅਦਾਕਾਰ ਦੇ ਘਰ ਦਾਖਲ ਹੋਇਆ ਸੀ। ਇਸ ਮਾਮਲੇ ‘ਤੇ 10 ਜਾਂਚ ਟੀਮਾਂ ਕੰਮ ਕਰ ਰਹੀਆਂ ਹਨ। ਬਾਂਦਰਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।