ਚੰਡੀਗੜ੍ਹ, 2 ਅਗਸਤ 2023: ਬੁੱਧਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ ‘ਚ ਹੰਗਾਮਾ ਹੋਇਆ। ਮਣੀਪੁਰ ਹਿੰਸਾ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ । ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜ ਸਭਾ ਵਿੱਚ ਮੌਜੂਦਗੀ ਦੀ ਮੰਗ ਕੀਤੀ ਹੈ। ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਰਾਜ ਸਭਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ।
ਇਸਦੇ ਨਾਲ ਹੀ ਦਿੱਲੀ ਆਰਡੀਨੈਂਸ ਕੱਲ੍ਹ ਲੋਕ ਸਭਾ (Lok Sabha) ਵਿੱਚ ਪੇਸ਼ ਕੀਤਾ ਗਿਆ ਸੀ। ਅੱਜ ਇਸ ‘ਤੇ ਚਰਚਾ ਹੋਣੀ ਸੀ। ਪਰ ਇਸ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੇ ਕੰਮਕਾਜ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਤੋਂ ਡੂੰਘੀ ਨਾਰਾਜ਼ਗੀ ਪ੍ਰਗਟਾਈ ਹੈ। ਬਿਰਲਾ ਨੇ ਦੋਵਾਂ ਪਾਰਟੀਆਂ ਨੂੰ ਕਿਹਾ ਕਿ ਉਹ ਉਦੋਂ ਤੱਕ ਲੋਕ ਸਭਾ ਵਿੱਚ ਨਹੀਂ ਆਉਣਗੇ ਜਦੋਂ ਤੱਕ ਸੰਸਦ ਮੈਂਬਰ ਸਦਨ ਦੀ ਮਰਿਆਦਾ ਮੁਤਾਬਕ ਵਿਹਾਰ ਨਹੀਂ ਕਰਦੇ। ਬੁੱਧਵਾਰ ਨੂੰ ਵੀ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਬਿਰਲਾ ਸਪੀਕਰ ਦੀ ਸੀਟ ‘ਤੇ ਨਹੀਂ ਆਏ। ਉਨ੍ਹਾਂ ਦੀ ਥਾਂ ‘ਤੇ ਆਂਧਰਾ ਪ੍ਰਦੇਸ਼ ਦੇ ਰਾਜਮਪੇਟ ਤੋਂ ਸੰਸਦ ਮੈਂਬਰ ਪੀਵੀ ਮਿਧੁਨ ਰੈੱਡੀ ਨੇ ਲੋਕ ਸਭਾ ਦੀ ਕਾਰਵਾਈ ਸੰਭਾਲੀ ।
ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਨੂਹ ‘ਚ ਵਾਪਰੀ ਘਟਨਾ ਵੱਡੀ ਪ੍ਰਸ਼ਾਸਨਿਕ ਨਾਕਾਮੀ ਹੈ। ਜੇਕਰ ਸਰਕਾਰ ਸਮੇਂ ਸਿਰ ਸੁਚੇਤ ਹੁੰਦੀ, ਪੁਲਿਸ ਪ੍ਰਸ਼ਾਸਨ ਤਾਇਨਾਤ ਕੀਤਾ ਹੁੰਦਾ ਤਾਂ ਇਸ ਘਟਨਾ ਤੋਂ ਬਚਿਆ ਜਾ ਸਕਦਾ ਸੀ। ਨੈਸ਼ਨਲ ਕਾਨਫਰੰਸ (ਐੱਨ. ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਨੂਹ ਨੇ ਹਿੰਸਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਫਾਰੂਕ ਨੇ ਕਿਹਾ ਕਿ ਨੂਹ ‘ਚ ਜੋ ਵੀ ਹੋਇਆ, ਉਹ ਦਿਲ ਕੰਬਾਊ ਹੈ। ਧਰਮ ਨੂੰ ਲੈ ਕੇ ਲੜਨਾ ਭਾਰਤ ਲਈ ਠੀਕ ਨਹੀਂ ਹੈ। ਭਾਰਤ ਸਾਰਿਆਂ ਦਾ ਦੇਸ਼ ਹੈ ਅਤੇ ਇੱਥੇ ਹਰ ਧਰਮ ਨੂੰ ਅੱਗੇ ਵਧਣ ਦਾ ਅਧਿਕਾਰ ਹੈ।
ਮਣੀਪੁਰ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਨੂੰ ਮਣੀਪੁਰ ਦੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਮਣੀਪੁਰ ਮੁੱਦੇ ‘ਤੇ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਸੰਸਦ ‘ਚ ਚਰਚਾ ਕਰਨਾ ਚਾਹੁੰਦੇ ਹਾਂ ਪਰ ਸਰਕਾਰ ਜਵਾਬ ਨਹੀਂ ਦੇ ਰਹੀ ਹੈ।