ਚੰਡੀਗੜ੍ਹ, 24 ਅਗਸਤ 2024: ਵਿਧਾਇਕ ਗੁਰਪ੍ਰੀਤ ਗੋਗੀ (MLA Gurpreet Gogi) ਵੱਲੋਂ ਨੀਂਹ ਪੱਥਰ ਤੋੜਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਉਹ ਅੱਜ ਗੁਰਪ੍ਰੀਤ ਗੋਗੀ ਨੂੰ ਮਿਲ ਕੇ ਪੂਰੀ ਰਿਪੋਰਟ ਲੈਣਗੇ | ਦਰਅਸਲ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ । ਉਹ ਇੱਥੇ ਗੁਰੂ ਨਾਨਕ ਪਬਲਿਕ ਸਕੂਲ ‘ਚ ਆਈਸੀਐਸਈ ਦੀ ਅੰਤਰ ਜ਼ੋਨਲ ਬੈਠਕ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ।
ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਲੁਧਿਆਣਾ ‘ਚ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ (MLA Gurpreet Gogi) ਨੇ ਖੁਦ ਨੀਂਹ ਪੱਥਰ ਤੋੜ ਦਿੱਤਾ ਸੀ, ਜਿਸ ਉੱਤੇ ਉਨ੍ਹਾਂ ਦਾ ਨਾਮ ਲਿਖਿਆ ਹੋਇਆ ਸੀ। ਗੋਗੀ ਨੇ ਸਰਕਾਰੀ ਅਧਿਕਾਰੀਆਂ ‘ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਧਿਕਾਰੀ ਉਸ ਦੀ ਗੱਲ ਨਹੀਂ ਸੁਣਦੇ ਅਤੇ ਅਧਿਕਾਰੀ ਸਰਕਾਰ ਨੂੰ ਗਲਤ ਰਿਪੋਰਟਾਂ ਭੇਜ ਰਹੇ ਹਨ। ਵਿਧਾਇਕ ਗੋਗੀ ਨੇ ਕਿਹਾ ਕਿ ਬੁੱਢਾ ਨਾਲੇ ਦੀ ਸਫ਼ਾਈ ਲਈ ਕਰੋੜਾਂ ਰੁਪਏ ਲਏ ਗਏ ਸਨ ਪਰ ਅੱਜ ਤੱਕ ਬੁੱਢਾ ਨਾਲੇ ਦੀ ਸਫ਼ਾਈ ਨਹੀਂ ਹੋਈ |