ਚੰਡੀਗੜ੍ਹ, 13 ਸਤੰਬਰ 2024: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਉੱਘੇ ਭਾਰਤੀ ਰਾਜਨੇਤਾ ਸੀਤਾਰਾਮ ਯੇਚੁਰੀ (Sitaram Yechury) ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਯੇਚੂਰੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੇ ਪ੍ਰਧਾਨ ਰਹੇ ਸਨ । ਸੀਤਾਰਾਮ ਨੇ ਸਾਲ 1975 ‘ਚ ਸੀ.ਪੀ.ਆਈ. (ਐਮ) ਪਾਰਟੀ ਜੁਆਇਨ ਕੀਤੀ ਸੀ।
ਸਪੀਕਰ ਨੇ ਦੱਸਿਆ ਕਿ ਸੀਤਾਰਾਮ ਯੇਚੂਰੀ ਨੇ ਕਈਂ ਕਿਤਾਬਾਂ ਲਿਖੀਆਂ, ਸਾਲ 1992 ਤੋਂ ਸੀ.ਪੀ.ਆਈ. (ਐਮ) ਦੇ ਪੋਲਿਟ ਬਿਊਰੋ ਮੈਂਬਰ ਅਤੇ ਸਾਲ 2015 ਤੋਂ ਹੁਣ ਤੱਕ ਜਨਰਲ ਸਕੱਤਰ ਵਜੋਂ ਸੇਵਾ ਕੀਤੀ । ਇਸਦੇ ਨਾਲ ਹੀ ਯੇਚੂਰੀ ਦੋ ਵਾਰ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤੀ ਰਾਜਨੀਤੀ ਦੇ ਖੇਤਰ ਉਨ੍ਹਾਂ ਦੇ ਵੱਡਮੁਲੇ ਯੋਗਦਾਨ ਅਤੇ ਪ੍ਰਭਾਵਸ਼ਾਲੀ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ (Kultar Singh Sandhwan) ਦੱਸਿਆ ਕਿ ਸੀਤਾਰਾਮ ਯੇਚੁਰੀ (72) ਨੂੰ ਨਮੂਨੀਆ ਤੋਂ ਪੀੜਤ ਸਨ ਅਤੇ ਇਲਾਜ ਲਈ 19 ਅਗਸਤ 2024 ਨੂੰ ਏਮਜ਼ ‘ਚ ਦਾਖਲ ਕਰਵਾਇਆ ਸੀ ਅਤੇ ਬੀਤੇ ਦਿਨ ਯਾਨੀ 12 ਸਤੰਬਰ 2024 ਨੂੰ ਉਨ੍ਹਾਂ (Sitaram Yechury) ਦਾ ਦਿਹਾਂਤ ਹੋ ਗਿਆ। ਯੇਚੁਰੀ ਦੇ ਪਰਿਵਾਰ ਨੇ ਉਨ੍ਹਾਂ ਦਾ ਸਰੀਰ ਅਧਿਆਪਨ ਅਤੇ ਖੋਜ ਦੇ ਉਦੇਸ਼ਾਂ ਲਈ ਏਮਜ਼, ਨਵੀਂ ਦਿੱਲੀ ਨੂੰ ਦਾਨ ਕਰ ਦਿੱਤਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।