South Africa

SA vs NZ: ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 24 ਸਾਲ ਬਾਅਦ ਵਨਡੇ ਵਿਸ਼ਵ ਕੱਪ ‘ਚ ਦਿੱਤੀ ਮਾਤ

ਚੰਡੀਗੜ੍ਹ, 01 ਨਵੰਬਰ 2023: ਦੱਖਣੀ ਅਫਰੀਕਾ (South Africa) ਨੇ 24 ਸਾਲ ਬਾਅਦ ਵਨਡੇ ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਨੂੰ ਹਰਾਇਆ ਹੈ। 1999 ਤੋਂ ਬਾਅਦ ਹੁਣ 2023 ‘ਚ ਟੀਮ ਪੁਣੇ ਦੇ ਮੈਦਾਨ ‘ਤੇ 190 ਦੌੜਾਂ ਨਾਲ ਜੇਤੂ ਰਹੀ। ਇਸ ਦੌਰਾਨ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਲਗਾਤਾਰ 5 ਮੈਚਾਂ ਵਿੱਚ ਹਰਾਇਆ ਸੀ। ਐਮਸੀਏ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਲਈ ਕੁਇੰਟਨ ਡੀ ਕਾਕ ਅਤੇ ਰਾਸੀ ਵੈਨ ਡੇਰ ਡੁਸਨ ਨੇ ਸੈਂਕੜੇ ਜੜੇ, ਜਦਕਿ ਕੇਸ਼ਵ ਮਹਾਰਾਜ ਨੇ 4 ਵਿਕਟਾਂ ਲਈਆਂ।

ਨਿਊਜ਼ੀਲੈਂਡ ‘ਤੇ ਜਿੱਤ ਨਾਲ ਦੱਖਣੀ ਅਫਰੀਕਾ (South Africa) 7 ਮੈਚਾਂ ‘ਚ 6 ਜਿੱਤਾਂ ਨਾਲ 12 ਅੰਕਾਂ ‘ਤੇ ਪਹੁੰਚ ਗਿਆ ਹੈ। ਟੀਮ ਫਿਲਹਾਲ ਅੰਕ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ, ਜਦਕਿ 7 ਮੈਚਾਂ ‘ਚ ਲਗਾਤਾਰ ਤੀਜੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਚੌਥੇ ਸਥਾਨ ‘ਤੇ ਖਿਸਕ ਗਈ ਹੈ। ਹੁਣ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਆਖਰੀ ਦੋ ਮੈਚ ਜਿੱਤਣੇ ਹੋਣਗੇ ਜਦਕਿ ਦੱਖਣੀ ਅਫਰੀਕਾ ਆਖਰੀ ਦੋ ਮੈਚਾਂ ‘ਚੋਂ ਇਕ ਜਿੱਤ ਕੇ ਨਾਕਆਊਟ ਲਈ ਕੁਆਲੀਫਾਈ ਕਰ ਲਵੇਗਾ। ਦੱਖਣੀ ਅਫਰੀਕਾ ਦਾ ਅਗਲਾ ਮੈਚ ਹੁਣ ਭਾਰਤ ਨਾਲ 5 ਨਵੰਬਰ ਨੂੰ ਹੋਵੇਗਾ। ਨਿਊਜ਼ੀਲੈਂਡ ਆਪਣਾ ਅਗਲਾ ਮੈਚ 4 ਨਵੰਬਰ ਨੂੰ ਪਾਕਿਸਤਾਨ ਨਾਲ ਖੇਡੇਗਾ।

ਪੁਣੇ ‘ਚ ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ 4 ਵਿਕਟਾਂ ‘ਤੇ 357 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 35.3 ਓਵਰਾਂ ਵਿੱਚ 167 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

Scroll to Top