ਵਿਸ਼ਵ ਟੈਸਟ ਚੈਂਪੀਅਨਸ਼ਿਪ

ਦੱਖਣੀ ਅਫਰੀਕਾ 27 ਸਾਲ ਬਾਅਦ ਬਣੀ ਚੈਂਪੀਅਨ, ਜਾਣੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂਆਂ ਦੀ ਸੂਚੀ

ICC WTC Winners List: ਦੱਖਣੀ ਅਫਰੀਕਾ ਦਾ ਆਈਸੀਸੀ ਟਰਾਫੀ ਜਿੱਤਣ ਲਈ 27 ਸਾਲਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। 1998 ‘ਚ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਇੱਕ ਤੋਂ ਬਾਅਦ ਇੱਕ ਆਈਸੀਸੀ ਟਰਾਫੀ ‘ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੂਰੇ ਟੂਰਨਾਮੈਂਟ ਦੌਰਾਨ ਧਮਾਕੇਦਾਰ ਖੇਡ ਦਿਖਾਉਣ ਦੇ ਬਾਵਜੂਦ, ਟੀਮ ਨਾਕਆਊਟ ‘ਚ ਦਮ ਤੋੜਦੀ ਰਹਿੰਦੀ ਸੀ, ਪਰ ਹੁਣ ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ​​ਦੇ ਖਿਤਾਬੀ ਆਪਣੇ ਨਾਂ ਕਰ ਲਿਆ ਹੈ |

ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਵਾਲੀ ਤੀਜੀ ਟੀਮ

ਵਿਸ਼ਵ ਟੈਸਟ ਚੈਂਪੀਅਨਸ਼ਿਪ

ਏਡਨ ਮਾਰਕਰਾਮ ਦੇ ਸੰਘਰਸ਼ਸ਼ੀਲ ਸੈਂਕੜੇ ਅਤੇ ਟੇਂਬਾ ਬਵੁਮਾ ਦੀ ਕਪਤਾਨੀ ਪਾਰੀ ਨੇ ਦੱਖਣੀ ਅਫਰੀਕਾ ਨੂੰ ਇਹ ਜਿੱਤ ਦਿਵਾਈ। ਲੰਡਨ ਦੇ ਇਤਿਹਾਸਕ ਲਾਰਡਜ਼ ਕ੍ਰਿਕਟ ਗਰਾਊਂਡ ‘ਤੇ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ, ਦੱਖਣੀ ਅਫਰੀਕਾ ਨੂੰ ਜਿੱਤਣ ਲਈ 282 ਦੌੜਾਂ ਦਾ ਟੀਚਾ ਮਿਲਿਆ | ਦੱਖਣੀ ਅਫਰੀਕਾ ਨੇ ਚੌਥੇ ਦਿਨ ਪਹਿਲੇ ਸੈਸ਼ਨ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 285 ਦੌੜਾਂ ਬਣਾਈਆਂ। ਇਸ ਤਰ੍ਹਾਂ ਟੀਮ ਨੇ 5 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਵਾਲੀ ਤੀਜੀ ਟੀਮ ਬਣੀ ਹੈ |

ਨਿਊਜ਼ੀਲੈਂਡ ਬਣਿਆ ਪਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਚੈਂਪੀਅਨ

ਵਿਸ਼ਵ ਟੈਸਟ ਚੈਂਪੀਅਨਸ਼ਿਪ

ਪਹਿਲਾ ਐਡੀਸ਼ਨ 2019 ਐਸ਼ੇਜ਼ ਸੀਰੀਜ਼ ਨਾਲ ਸ਼ੁਰੂ ਹੋਇਆ ਅਤੇ ਜੂਨ 2021 ‘ਚ ਖਤਮ ਹੋਇਆ ਸੀ। ਦਿ ਰੋਜ਼ ਬਾਊਲ ਵਿਖੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2019-21 ਦਾ ਫਾਈਨਲ ਮੈਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਇਆ ਸੀ | ਇਸ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਹਰਾ ਦਿੱਤਾ ਸੀ। ਇਸ ਖ਼ਿਤਾਬੀ ਮੈਚ ‘ਚ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਨ | ਫਾਈਨਲ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।

ਨਿਊਜ਼ੀਲੈਂਡ ਨੇ ਆਪਣੇ ਦੋ ਸਭ ਤੋਂ ਤਜਰਬੇਕਾਰ ਬੱਲੇਬਾਜ਼ਾਂ ਰੌਸ ਟੇਲਰ ਅਤੇ ਕਪਤਾਨ ਕੇਨ ਵਿਲੀਅਮਸਨ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਖਿਤਾਬ ਜਿੱਤਿਆ ਸੀ। ਪਹਿਲੇ ਅਤੇ ਚੌਥੇ ਦਿਨ ਮੀਂਹ ਕਾਰਨ ਮੈਚ ਛੇਵੇਂ ਦਿਨ ਤੱਕ ਵਧਾ ਦਿੱਤਾ ਗਿਆ ਜਿਸਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਰਿਜ਼ਰਵ ਡੇ ਵਜੋਂ ਰੱਖਿਆ।

ਭਾਰਤ ਨੇ ਪਹਿਲੀ ਪਾਰੀ ‘ਚ 217 ਅਤੇ ਦੂਜੀ ਪਾਰੀ ‘ਚ 170 ਦੌੜਾਂ ਬਣਾਈਆਂ ਅਤੇ 138 ਦੌੜਾਂ ਦੀ ਲੀਡ ਲਈ ਅਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 139 ਦੌੜਾਂ ਦਾ ਟੀਚਾ ਦਿੱਤਾ। ਇਸਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ ਨੇ ਦੋ ਵਿਕਟਾਂ ‘ਤੇ 140 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਅਤੇ WTC ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ | ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 249 ਦੌੜਾਂ ਬਣਾਈਆਂ ਸਨ |

ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ WTC ਖਿਤਾਬ

ਵਿਸ਼ਵ ਟੈਸਟ ਚੈਂਪੀਅਨਸ਼ਿਪ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਸ਼ੈਸਨ ਯਾਨੀ ਸਾਲ 2021-2023 ਦੇ ਖ਼ਿਤਾਬੀ ਮੈਚ ‘ਚ ਭਾਰਤ ਅਤੇ ਆਸਟ੍ਰੇਲੀਆ ਆਹਮੋ-ਸਾਹਮਣੇ ਸਨ | ਇਸਦਾ ਖ਼ਿਤਾਬੀ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਇਆ ਸੀ। ਲੰਡਨ ‘ਚ ਖੇਡੇ ਗਏ ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਉਸ ਸਮੇਂ ਭਾਰਤੀ ਟੀਮ ਦੀ ਅਗਵਾਈ ਰੋਹਿਤ ਸ਼ਰਮਾ ਕਰ ਰਹੇ ਸਨ।

ਭਾਰਤੀ ਟੀਮ ਲਗਾਤਾਰ ਦੂਜੀ ਵਾਰ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਗਈ ਸੀ। ਇਸ ਤੋਂ ਪਹਿਲਾਂ, ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਭਾਰਤ ਦੇ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚਣ ਤੋਂ ਬਾਅਦ, ਉਮੀਦ ਕੀਤੀ ਜਾ ਰਹੀ ਸੀ ਕਿ ਟੀਮ ਇੰਡੀਆ ਇਸ ਵਾਰ ਜਿੱਤੇਗੀ, ਪਰ ਅਜਿਹਾ ਨਹੀਂ ਹੋਇਆ। ਇਸ ਮੈਚ ‘ਚ ਭਾਰਤ ਪਹਿਲੇ ਦਿਨ ਦੇ ਦੂਜੇ ਸੈਸ਼ਨ ਤੋਂ ਹੀ ਪਿੱਛੇ ਰਹਿ ਗਿਆ। ਇਸ ਤੋਂ ਬਾਅਦ ਭਾਰਤੀ ਟੀਮ ਵਾਪਸੀ ਨਹੀਂ ਕਰ ਸਕੀ।

ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ‘ਚ 469 ਦੌੜਾਂ ਬਣਾਈਆਂ ਸਨ। ਇਸਦੇ ਜਵਾਬ ‘ਚ ਟੀਮ ਇੰਡੀਆ 296 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ‘ਚ 173 ਦੌੜਾਂ ਦੀ ਲੀਡ ਮਿਲੀ। ਆਸਟ੍ਰੇਲੀਆ ਨੇ 270 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ ਸੀ ਅਤੇ ਭਾਰਤ ਲਈ 444 ਦੌੜਾਂ ਦਾ ਟੀਚਾ ਰੱਖਿਆ ਸੀ । ਜਵਾਬ ‘ਚ ਭਾਰਤੀ ਟੀਮ 234 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ 209 ਦੌੜਾਂ ਨਾਲ ਮੈਚ ਹਾਰ ਗਈ ਸੀ।

Read More: ਏਡਨ ਮਾਰਕਰਮ ICC ਫਾਈਨਲ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਦੱਖਣੀ ਅਫ਼ਰੀਕੀ ਖਿਡਾਰੀ ਬਣਿਆ

Scroll to Top