ਚੰਡੀਗੜ੍ਹ, 25 ਨਵੰਬਰ 2024: ਪੰਜਾਬ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੌਣੀ ਵਿਖੇ ਸਥਿਤ ਸਰਕਾਰੀ ਕੈਟਲ ਬਰੀਡਿੰਗ ਫਾਰਮ ਵਿਖੇ ਛੇਤੀ ਹੀ ਯੂਰੋਮਿਨ ਲਿੱਕ (ਪਸ਼ੂ ਚਾਟ) ਪਲਾਂਟ (Euromin Lick Plant) ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧੀ ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ |
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਯੂਰੋਮਿਨ ਲਿਕ (ਯੂ.ਐੱਮ.ਐੱਲ.) ਜਾਂ ਯੂਰੀਆ-ਮੋਲਾਸਿਸ ਮਲਟੀ-ਨਿਊਟਰੀਐਂਟ ਬਲਾਕ (ਯੂ.ਐੱਮ.ਐੱਮ.ਬੀ.) ਬਹੁਤ ਜ਼ਿਆਦਾ ਪੌਸ਼ਟਿਕ ਹਨ | ਇਸਦੇ ਨਾਲ ਹੀ ਪਸ਼ੂਆਂ ਲਈ ਮਹੱਤਵਪੂਰਨ ਅਤੇ ਜੀਵਨ-ਰੱਖਿਅਕ ਹਨ, ਜਿਨ੍ਹਾਂ ‘ਚ ਊਰਜਾ, ਪ੍ਰੋਟੀਨ ਅਤੇ ਖਣਿਜ ਹੁੰਦੇ ਹਨ। ਇਹ ਬਲਾਕ ਪਸ਼ੂਆਂ ਦੀ ਸਰੀਰਕ ਸਥਿਤੀ ਨੂੰ ਸੁਧਾਰਨ ਅਤੇ ਉਨ੍ਹਾਂ ਦੀ ਗਰਭ ਧਾਰਨ ਕਰਨ ਦੀ ਸਮਰੱਥਾ ਨੂੰ ਵਧਾਉਣ ‘ਚ ਮੱਦਦ ਕਰਦੇ ਹਨ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ‘ਚ ਯੂਰੋਮਿਨ ਲਿੱਕ (Euromin Lick) ਬਲਾਕਾਂ ਲਈ ਸਟੋਰੇਜ ਯੂਨਿਟ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਪਸ਼ੂ ਪਾਲਕਾਂ ਨੂੰ ਪੰਜਾਬ ਭਰ ਦੇ ਸਰਕਾਰੀ ਸਿਵਲ ਵੈਟਰਨਰੀ ਹਸਪਤਾਲਾਂ/ਡਿਸਪੈਂਸਰੀਆਂ ਰਾਹੀਂ ਸਸਤੇ ਰੇਟਾਂ ‘ਤੇ ਪਸ਼ੂ ਪਾਲਕਾਂ ਨੂੰ ਉਪਲਬੱਧ ਕਰਵਾਏ ਜਾਣਗੇ।
ਖੁੱਡੀਆਂ ਨੇ ਕਿਹਾ ਕਿ ਇਹ ਤਕਨੀਕ ਘੱਟ ਗੁਣਵੱਤਾ ਵਾਲੇ ਚਾਰੇ ਦੀ ਪਾਚਨ ਕਿਰਿਆ ‘ਚ ਸੁਧਾਰ ਕਰਕੇ ਪਸ਼ੂਆਂ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਦਾ ਇੱਕ ਸੁਵਿਧਾਜਨਕ ਅਤੇ ਕਿਫ਼ਾਇਤੀ ਤਰੀਕਾ ਹੈ। ਇਸ ਤੋਂ ਇਲਾਵਾ, ਇਹ ਉਤਪਾਦਨ ਵਧਾਉਣ, ਦੁੱਧ ਉਤਪਾਦਨ ਨੂੰ ਵਧਾਉਣ ਅਤੇ ਗਾਵਾਂ ਅਤੇ ਮੱਝਾਂ ‘ਚ ਪ੍ਰਜਨਨ ਸਮਰੱਥਾ ‘ਚ ਹੋਰ ਸੁਧਾਰ ਕਰਨ ‘ਚ ਮਦਦਗਾਰ ਹੈ।
ਇਸ ਦੌਰਾਨ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਦੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ‘ਚ ਵਾਧਾ ਹੋਵੇਗਾ, ਜਿਸ ਨਾਲ ਆਰਥਿਕਤਾ ‘ਚ ਵੀ ਸੁਧਾਰ ਹੋਵੇਗਾ।
ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੇ ਵੈਟਰਨਰੀ ਅਫ਼ਸਰਾਂ ਦੀ ਸਲਾਹ ਅਨੁਸਾਰ ਆਪਣੇ ਪਸ਼ੂਆਂ ਦੀ ਰੋਜ਼ਾਨਾ ਖੁਰਾਕ ‘ਚ ਇਸ ਤਕਨੀਕ ਨੂੰ ਅਪਣਾਉਣ ਤਾਂ ਜੋ ਪਸ਼ੂਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੇ ਕੇ ਉਨ੍ਹਾਂ ਦੀ ਸਿਹਤ ਅਤੇ ਉਤਪਾਦਕਤਾ ਵਿੱਚ ਵਾਧਾ ਕੀਤਾ ਜਾ ਸਕੇ।