ਚੰਡੀਗੜ੍ਹ/ਪੱਟੀ, 15 ਅਪ੍ਰੈਲ 2025: ਈਡੀ ਨੇ ਨੈਸ਼ਨਲ ਹੈਰਾਲਡ ਮਾਮਲੇ (National Herald case) ‘ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ‘ਤੇ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਜਾਂਚ ਏਜੰਸੀ ਨੇ ਦਿੱਲੀ ਦੀ ਰਾਊਸ ਐਵੇਨਿਊ ਕੋਰਟ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਦੋਵਾਂ ਆਗੂਆਂ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ। ਚਾਰਜਸ਼ੀਟ ‘ਚ ਸੀਨੀਅਰ ਕਾਂਗਰਸੀ ਆਗੂ ਸੈਮ ਪਿਤਰੋਦਾ, ਸੁਮਨ ਦੂਬੇ ਸਮੇਤ ਕਈ ਨੇਤਾਵਾਂ ਦੇ ਨਾਮ ਵੀ ਸ਼ਾਮਲ ਹਨ।
ਈਡੀ ਵੱਲੋਂ ਦਾਇਰ ਚਾਰਜਸ਼ੀਟ ਦੀ ਸੁਣਵਾਈ 25 ਅਪ੍ਰੈਲ ਨੂੰ ਰਾਊਸ ਐਵੇਨਿਊ ਕੋਰਟ ‘ਚ ਹੋਵੇਗੀ। ਈਡੀ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੀ ਧਾਰਾ 44 ਅਤੇ 45 ਦੇ ਤਹਿਤ ਮਨੀ ਲਾਂਡਰਿੰਗ ਦੇ ਅਪਰਾਧ ਲਈ ਇੱਕ ਮੁਕੱਦਮਾ ਸ਼ਿਕਾਇਤ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹੈਰਾਲਡ ਮਾਮਲੇ (National Herald case) ‘ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਸਬੰਧਤ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ।
ਕੀ ਹੈ ਨੈਸ਼ਨਲ ਹੈਰਾਲਡ ਮਾਮਲਾ ?
ਨੈਸ਼ਨਲ ਹੈਰਾਲਡ ਅਖ਼ਬਾਰ ਦੀ ਸਥਾਪਨਾ 1938 ‘ਚ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਇਹ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਸੀ। ਇਸਨੂੰ ਐਸੋਸੀਏਟਿਡ ਜਰਨਲਜ਼ ਲਿਮਟਿਡ ਯਾਨੀ ਏਜੇਐਲ ਦੁਆਰਾ ਪ੍ਰਕਾਸ਼ਿਤ ਕੀਤਾ ਸੀ। 2008 ‘ਚ ਵਿੱਤੀ ਸੰਕਟ ਤੋਂ ਬਾਅਦ ਇਹ ਅਖ਼ਬਾਰ ਬੰਦ ਹੋ ਗਿਆ ਸੀ ਅਤੇ ਇੱਥੋਂ ਹੀ ਵਿਵਾਦ ਸ਼ੁਰੂ ਹੋਇਆ ਸੀ।
2010 ‘ਚ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ, YIL ਨਾਮ ਦੀ ਇੱਕ ਕੰਪਨੀ ਬਣੀ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਇਸ ‘ਚ 38-38% ਹਿੱਸੇਦਾਰੀ ਹੈ। ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ 2012 ਵਿੱਚ ਦੋਸ਼ ਲਗਾਇਆ ਸੀ ਕਿ YIL ਨੇ AJL ਦੀਆਂ 2,000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਸਿਰਫ਼ 50 ਲੱਖ ਰੁਪਏ ‘ਚ ਹਾਸਲ ਕਰ ਲਈਆਂ ਸਨ ਅਤੇ ਇਹ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਸੀ।
Read More: Robert Vadra: ਈਡੀ ਦਫ਼ਤਰ ਪੇਸ਼ ਹੋਏ ਕਾਰੋਬਾਰੀ ਰਾਬਰਟ ਵਾਡਰਾ, ਜਾਣੋ ਪੂਰਾ ਮਾਮਲਾ