ਚੰਡੀਗੜ੍ਹ, 10 ਜਨਵਰੀ 2024: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ (Sonia Gandhi) , ਮੌਜੂਦਾ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਅਯੁੱਧਿਆ ਵਿੱਚ ਬਣਾਏ ਜਾ ਰਹੇ ਵਿਸ਼ਾਲ ਰਾਮ ਮੰਦਰ ਦੇ ਪਵਿੱਤਰ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਇਹ ਜਾਣਕਾਰੀ ਦਿੱਤੀ ਹੈ।
ਕਾਂਗਰਸ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਅਤੇ ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਗਮ ਲਈ ਸੱਦਾ ਪੱਤਰ ਪ੍ਰਾਪਤ ਹੋਏ ਸਨ। ਇਸ ਨੇ ਅੱਗੇ ਕਿਹਾ ਕਿ ਭਗਵਾਨ ਰਾਮ ਦੀ ਕਰੋੜਾਂ ਭਾਰਤੀ ਪੂਜਾ ਕਰਦੇ ਹਨ। ਧਰਮ ਮਨੁੱਖ ਦਾ ਨਿੱਜੀ ਮਾਮਲਾ ਰਿਹਾ ਹੈ, ਪਰ ਪਿਛਲੇ ਸਾਲਾਂ ਤੋਂ ਭਾਜਪਾ ਅਤੇ ਆਰਐਸਐਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਇੱਕ ਸਿਆਸੀ ਪ੍ਰੋਜੈਕਟ ਬਣਾ ਦਿੱਤਾ ਹੈ।
ਕਾਂਗਰਸ ਨੇ ਬਿਆਨ ਵਿਚ ਕਿਹਾ ਗਿਆ ਹੈ, ‘ਇਹ ਸਪੱਸ਼ਟ ਹੈ ਕਿ ਇਕ ਅਰਧ-ਨਿਰਮਿਤ ਮੰਦਰ ਦਾ ਉਦਘਾਟਨ ਸਿਰਫ਼ ਚੋਣ ਲਾਭ ਹਾਸਲ ਕਰਨ ਲਈ ਕੀਤਾ ਜਾ ਰਿਹਾ ਹੈ। 2019 ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮਾਨਤਾ ਦਿੰਦੇ ਹੋਏ ਅਤੇ ਲੋਕਾਂ ਦੇ ਵਿਸ਼ਵਾਸ ਦਾ ਸਨਮਾਨ ਕਰਦੇ ਹੋਏ, ਮਲਿਕਾਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਨੇ ਇਸ ਸਮਾਗਮ ਲਈ ਭਾਜਪਾ ਅਤੇ ਆਰਐਸਐਸ ਦੇ ਸੱਦੇ ਨੂੰ ਆਦਰਪੂਰਵਕ ਠੁਕਰਾ ਦਿੱਤਾ ਹੈ ।