Navjot Singh news

ਸੜਕ ਹਾਦਸੇ ‘ਚ ਮ੍ਰਿਤਕ ਵਿੱਤ ਮੰਤਰਾਲੇ ਦੇ ਅਫ਼ਸਰ ਨਵਜੋਤ ਸਿੰਘ ਦੇ ਪੁੱਤਰ ਨੇ ਚੁੱਕੇ ਕਈ ਸਵਾਲ

ਦਿੱਲੀ, 15 ਸਤੰਬਰ 2025: ਦਿੱਲੀ ਕੈਂਟ ਦੇ ਧੌਲਾ ਕੁਆਂ ਇਲਾਕੇ ‘ਚ ਇੱਕ BMW ਕਾਰ ਨੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ‘ਚ ਕੰਮ ਕਰਨ ਵਾਲੇ ਡਿਪਟੀ ਸੈਕਟਰੀ ਨਵਜੋਤ ਸਿੰਘ ਨੂੰ ਦਰੜ ਦਿੱਤਾ। ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਜ਼ਖਮੀ ਹੋ ਗਈ। ਦੋਵੇਂ ਸਾਈਕਲ ‘ਤੇ ਸਵਾਰ ਸਨ। ਨਵਜੋਤ ਸਿੰਘ ਦੇ ਪੁੱਤਰ ਨੇ ਉਨ੍ਹਾਂ ਦੀ ਮੌਤ ‘ਤੇ ਸਵਾਲ ਖੜ੍ਹੇ ਕੀਤੇ ਹਨ।

ਮ੍ਰਿਤਕ ਦੇ ਪੁੱਤਰ ਨਵਨੂਰ ਸਿੰਘ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ, ਉਨ੍ਹਾਂ ਦੇ ਪਿਤਾ ਨੂੰ ਕਿਸੇ ਵੱਡੇ ਸੁਪਰਸਪੈਸ਼ਲਿਟੀ ਹਸਪਤਾਲ ਜਾਂ ਏਮਜ਼ ਵਰਗੇ ਸੰਸਥਾਨ ‘ਚ ਲਿਜਾਣ ਦੀ ਬਜਾਏ, ਉਨ੍ਹਾਂ ਨੂੰ 22 ਕਿਲੋਮੀਟਰ ਦੂਰ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਜ਼ਰੂਰੀ ਸਹੂਲਤਾਂ ਉਪਲਬੱਧ ਨਹੀਂ ਸਨ। ਉਨ੍ਹਾਂ ਦੇ ਮਾਪਿਆਂ ਨੂੰ ਐਂਬੂਲੈਂਸ ਦੀ ਬਜਾਏ ਡਿਲੀਵਰੀ ਵੈਨ ‘ਚ ਹਸਪਤਾਲ ਲਿਜਾਇਆ ਗਿਆ। ਸਹੀ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।

ਨਵਨੂਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਬੰਗਲਾ ਸਾਹਿਬ ਗੁਰੂਦੁਆਰਾ ਤੋਂ ਵਾਪਸ ਆ ਰਹੇ ਸਨ ਅਤੇ ਖਾਣਾ ਖਾਣ ਲਈ ਕਰਨਾਟਕ ਭਵਨ ‘ਚ ਰੁਕੇ ਸਨ। ਜਦੋਂ ਇਹ ਹਾਦਸਾ ਹੋਇਆ, ਤਾਂ ਉਹ ਧੌਲਾ ਕੁਆਂ ਰਾਹੀਂ ਹਰੀ ਨਗਰ ਜਾ ਰਹੇ ਸਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਣ ਦੀ ਬਜਾਏ, ਉਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੋਂ ਲਗਭਗ 22 ਕਿਲੋਮੀਟਰ ਦੂਰ ਇੱਕ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸਦੀ ਮਾਂ ਨੂੰ ਗੰਭੀਰ ਹਾਲਤ ‘ਚ ਹੋਣ ਦੇ ਬਾਵਜੂਦ ਹਸਪਤਾਲ ਦੀ ਲਾਬੀ ‘ਚ ਬਿਠਾਇਆ ਗਿਆ ਸੀ, ਮੇਰੀ ਮਾਂ ਦਰਦ ਨਾਲ ਚੀਕਦੀ ਰਹੀ, ਜਦੋਂ ਕਿ BMW ਡਰਾਈਵਰ ਦੇ ਪਤੀ, ਜਿਸਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਨੂੰ ਤੁਰੰਤ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਲਾਪਰਵਾਹੀ ਅਤੇ ਦੇਰੀ ਕਾਰਨ ਮੇਰੇ ਪਿਤਾ ਦੀ ਮੌਤ ਹੋ ਗਈ। ਬਾਅਦ ‘ਚ ਪਰਿਵਾਰ ਨੇ ਮਾਂ ਨੂੰ ਬਿਹਤਰ ਇਲਾਜ ਲਈ ਵੈਂਕਟੇਸ਼ਵਰ ਹਸਪਤਾਲ ‘ਚ ਦਾਖਲ ਕਰਵਾਇਆ।

BMW ਕਾਰ ਨੇ ਬਾਈਕ ਨੂੰ ਮਾਰੀ ਟੱਕਰ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਰਿੰਗ ਰੋਡ ‘ਤੇ ਦਿੱਲੀ ਛਾਉਣੀ ਮੈਟਰੋ ਸਟੇਸ਼ਨ ਨੇੜੇ ਐਤਵਾਰ ਨੂੰ ਇੱਕ BMW ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਕੇਂਦਰੀ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਮ੍ਰਿਤਕ ਦੀ ਪਛਾਣ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ‘ਚ ਡਿਪਟੀ ਸੈਕਟਰੀ ਨਵਜੋਤ ਸਿੰਘ (52) ਵਜੋਂ ਹੋਈ ਹੈ, ਜੋ ਕਿ ਹਰੀ ਨਗਰ ਦਾ ਰਹਿਣ ਵਾਲਾ ਸੀ।

ਦਿੱਲੀ ਪੁਲਿਸ ਨੇ ਕਿਹਾ ਕਿ ਧਾਰਾ 281/125B/105/238 BNS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ, FSL ਟੀਮ ਅਤੇ ਅਪਰਾਧ ਟੀਮ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ। ਹਾਦਸੇ ‘ਚ ਸ਼ਾਮਲ ਦੋਵੇਂ ਵਾਹਨਾਂ, BMW ਅਤੇ ਮੋਟਰਸਾਈਕਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਔਰਤ ਅਤੇ ਉਸਦਾ ਪਤੀ ਅਜੇ ਵੀ ਹਸਪਤਾਲ ‘ਚ ਦਾਖਲ ਹਨ। ਉਹ ਘੋੜਿਆਂ ਦੇ ਚਮੜੇ ਦੀਆਂ ਕਾਠੀ, ਸੀਟਾਂ, ਕਵਰ, ਬੈਲਟ ਆਦਿ ਬਣਾਉਣ ਦਾ ਕਾਰੋਬਾਰ ਚਲਾਉਂਦੇ ਹਨ।

ਕੇਂਦਰੀ ਸਕੱਤਰੇਤ ਸੇਵਾ ਫੋਰਮ ਦੇ ਪ੍ਰਧਾਨ ਉਦਿਤ ਆਰੀਆ ਨੇ ਟਵਿੱਟਰ ‘ਤੇ ਇੱਕ ਪੋਸਟ ‘ਚ ਨਵਜੋਤ ਸਿੰਘ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ, “ਨਵਜੋਤ ਸਿੰਘ ਸਰ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ, ਜਿਨ੍ਹਾਂ ਨੇ ਹਾਦਸੇ ‘ਚ ਦੁਖਦਾਈ ਤੌਰ ‘ਤੇ ਆਪਣੀ ਜਾਨ ਗੁਆ ​​ਦਿੱਤੀ। ਦਿੱਲੀ ਪੁਲਿਸ ਪੂਰੀ ਜਾਂਚ ਯਕੀਨੀ ਬਣਾਏ ਅਤੇ ਦੁਖੀ ਪਰਿਵਾਰ ਨੂੰ ਇਨਸਾਫ਼ ਮਿਲੇ।

Read More: CM ਭਗਵੰਤ ਮਾਨ ਵੱਲੋਂ ਮੰਡਿਆਲਾਂ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

Scroll to Top