ਪੰਜਾਬੀ ਸਾਹਿਤ ਦਾ ਪਹਿਲਾ ਮੌਲਿਕ ਨਾਵਲ ‘ਸੁੰਦਰੀ’ 1898 ਈ. ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਲਿਖਿਆ ਗਿਆ। ਇਸ ਨਾਵਲ ਦਾ ਥੀਮ ਸੁੰਦਰੀ ਦੇ ਪਾਤਰ ਰਾਹੀਂ ਸਿੱਖਾਂ ਵਿਚ ਆਈ ਅਧੋਗਤੀ ਤੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਿੱਖ ਧਰਮ, ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਦਾ ਪ੍ਰਚਾਰ ਅਤੇ ਵਿਕਾਸ ਕਰਨਾ ਹੈ। ਨਾਵਲ ਦੇ ਵਿਸ਼ਾ-ਵਸਤੂ (ਥੀਮ) ਬਾਰੇ ਤੋਮਾਸ਼ੇਵਸਕੀ ਦੇ ਹਵਾਲੇ ਨਾਲ ਗੱਲ ਕਰਦੇ ਡਾ. ਹਰਿਭਜਨ ਸਿੰਘ ਕਹਿੰਦੇ ਹਨ ਕਿ, “ਥੀਮ ਬਾਰੇ ਰੂਪਵਾਦੀ ਤੋਮਾਸ਼ੇਵਸਕੀ ਕਹਿੰਦਾ ਹੈ ਕਿ ਸਾਹਿਤਕ ਕਿਰਤ ਨੂੰ ਏਕਤਾ ਉਸਦੀ ਥੀਮ ਤੋਂ ਮਿਲਦੀ ਹੈ, ਜੋ ਉਸਦੇ ਅੰਦਰਵਾਰ ਆਦਿ ਤੋਂ ਅੰਤ ਤਕ ਸਮਾਇਆ ਹੁੰਦਾ ਹੈ, ਇਸ ਲਈ ਥੀਮ ਦੀ ਚੋਣ ਮਹਤਵਪੂਰਨ ਸੁਹਜ ਬਣ ਜਾਂਦੀ ਹੈ।”1
‘ਹੰਨੈ ਹੰਨੈ ਪਾਤਸ਼ਾਹੀ’ ਨਾਵਲ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਸੁੰਦਰੀ ਨਾਵਲ ਬਾਰੇ ਕੁਝ ਵਿਚਾਰ ਪੇਸ਼ ਕਰਾਂਗੇ ਕਿਉਂਕਿ ਸੁੰਦਰੀ ਪੰਜਾਬੀ ਦਾ ਪਹਿਲਾ ਨਾਵਲ ਹੋਣ ਦੇ ਨਾਲ-ਨਾਲ ਪਹਿਲਾ ਇਤਿਹਾਸਕ ਨਾਵਲ ਵੀ ਹੈ। ਭਾਈ ਵੀਰ ਸਿੰਘ ਜੀ ਦੇ ਸਮੁੱਚੇ ਰਚਨਾ ਸੰਸਾਰ, ਖਾਸ ਕਰਕੇ ਉਹਨਾਂ ਦੇ ਨਾਵਲਾਂ ਨੂੰ ਅਨੇਕਾਂ ਪਾਠਕਾਂ ਵੱਲੋਂ ਉਤਸ਼ਾਹ ਨਾਲ ਪੜ੍ਹਿਆ ਜਾਂਦਾ ਹੈ। ਸਿੱਖ ਸਮਾਜ ਵਿਚ ਭਾਈ ਵੀਰ ਸਿੰਘ ਜੀ ਦੀਆਂ ਕ੍ਰਿਤਾਂ ਨੂੰ ਜਿਥੇ ਸਤਿਕਾਰਿਆ ਗਿਆ ਉਥੇ ਹੀ ਮਾਰਕਸਵਾਦੀ ਆਲੋਚਕਾਂ ਦੇ ਸਵੈ-ਘੜ੍ਹੇ ਸਾਂਚੇ ਵਿਚ ਫ਼ਿੱਟ ਨਾ ਆਉਣ ਕਰਕੇ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।
ਆਪਣੀ ਸੰਪਾਦਿਤ ਕਿਤਾਬ ‘ਨਾਵਲ ਸ਼ਾਸ਼ਤਰ ਅਤੇ ਪੰਜਾਬੀ ਨਾਵਲ’ ਵਿਚ ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਭਾਈ ਵੀਰ ਸਿੰਘ ਜੀ ਦੇ ਨਾਵਲ ਸੁੰਦਰੀ (1898) ਨੂੰ ਆਧਾਰ ਬਣਾਕੇ ਸਤਵੰਤ ਕੌਰ (1899), ਬਿਜੈ ਸਿੰਘ (1899) ਅਤੇ ਬਾਬਾ ਨੌਧ ਸਿੰਘ (1917) ਬਾਰੇ ਸਾਂਝੀ ਗੱਲ ਕਰਦਿਆਂ ਕਹਿੰਦੇ ਹਨ ਕਿ ਧਰਮ ਪ੍ਰਚਾਰ ਜਿਹੀ ਉਦੇਸ਼ਮੁੱਖਤਾ ਇਹਨਾਂ ਨਾਵਲਾਂ ਦੀ ਸਮੁੱਚੀ ਸੰਰਚਨਾ ਦੀਆਂ ਕਲਾਤਮਕ ਤੰਦਾਂ; ਜੁਗਤਾਂ ਅਤੇ ਸੁਭਾਅ ਨੂੰ ਨਿਰਧਾਰਿਤ ਕਰਦੀ ਹੈ। ਉਹ ਭਾਈ ਵੀਰ ਸਿੰਘ ਦੇ ਨਾਵਲਾਂ ਦੀ ਧਾਰਮਿਕ ਬਿਰਤੀ ਹੋਣ ਅਤੇ ਇਕ ਵਿਸ਼ੇਸ਼ ਫ਼ਿਰਕੇ ਤੀਕ ਸੀਮਤ ਹੋਣ ਨੂੰ ਉਹਨਾਂ ਦੇ ਨਾਵਲਾਂ ਦੀ ਸਾਂਝੀ ਕਮਜੋਰੀ ਮੰਨਦੇ ਹਨ।
ਅਜਿਹੀ ਟਿੱਪਣੀ ਕਰਦਿਆਂ ਉਹ ਬਾਕੀ ਨਾਵਲਾਂ ਦੀ ਤੁਲਨਾ ਭਾਈ ਵੀਰ ਸਿੰਘ ਦੇ ਨਾਵਲਾਂ ਨਾਲ ਕਰਦਿਆਂ ਸਿੱਖੀ ਪ੍ਰਤੀ ਕਿਸੇ ਅਣਦਿਸਦੀ ਖੁਣਸ ਦਾ ਸ਼ਿਕਾਰ ਹੋ ਕੇ ਉਹਨਾਂ ਦੇ ਕਾਰਜ ਨੂੰ ਸੰਕੀਰਣ ਤੇ ਘਟਾਓਵਾਦੀ ਨਜ਼ਰੀਏ ਨਾਲ ਦੇਖਦੇ ਪ੍ਰਤੀਤ ਹੁੰਦੇ ਹਨ ਕਿਉਂਕਿ ਉਹ ਤਕਰਬੀਨ 15 ਹੋਰ ਨਾਵਲਾਂ ਦੀ ਗੱਲ ਕਰਦੇ ਹੋਏ ਹਰੇਕ ਨਾਵਲਕਾਰ ਦੀ ਉਦੇਸ਼ਮੁੱਖਤਾ ਅਤੇ ਨਾਵਲ ‘ਤੇ ਪਏ ਇਸਦੇ ਪ੍ਰਭਾਵ ਬਾਰੇ ਗੱਲ ਕਰਨ ਤੋਂ ਖੁੰਝ ਜਾਂਦੇ ਹਨ।2 ਦੁਨੀਆਂ ਦੇ ਸਾਰੇ ਨਾਵਲ ਚਾਹੇ ਉਹ ਯਥਾਰਥਵਾਦੀ, ਪ੍ਰਗਤੀਵਾਦੀ, ਆਦਰਸ਼ਵਾਦੀ, ਸੁਧਾਰਵਾਦੀ ਅਤੇ ਮਨੋਵਿਗਿਆਨਕ ਆਦਿ ਕਿਸੇ ਵੀ ਵਿਧਾ ਦੇ ਹੋਣ, ਉਹ ਨਾਵਲਕਾਰ ਦੀ ਉਦੇਸ਼ਮੁੱਖਤਾ ਤੋਂ ਨਿਰਲੇਪ ਨਹੀਂ ਰਹਿ ਸਕਦੇ ਅਤੇ ਨਾ ਹੀ ਨਾਵਲ ਦਾ ਬਿਰਤਾਂਤ ਇਸਦਾ ਪ੍ਰਭਾਵ ਕਬੂਲਣ ਤੋਂ ਬਚ ਸਕਦਾ ਹੈ। ਇਸ ਤੋਂ ਇਲਾਵਾ ਹਰੇਕ ਨਾਵਲ ਆਪਣੀ ਵਿਧਾ ਅਨੁਸਾਰ ਸੀਮਤ ਪਾਠਕ ਵਰਗ ਦੀ ਰੁਚੀ ਦਾ ਹੀ ਕੇਂਦਰ ਬਣਦਾ ਹੈ। ਟੀ.ਆਰ. ਵਿਨੋਦ ਦਾ ਕਥਨ, “ਨਾਵਲਕਾਰ ਦੇ ਮਨ ਵਿਚ ਕੁਝ ਕੁ ਪੂਰਵ-ਕਲਪਿਤ ਸਿੱਟੇ ਹੁੰਦੇ ਹਨ ਜਿੰਨ੍ਹਾਂ ਉਤੇ ਪਹੁੰਚਣ ਲਈ ਉਹ ਪਾਤਰਾਂ ਅਤੇ ਉਨ੍ਹਾਂ ਦਾ ਕਰਮ ਖੇਤਰ ਨਿਯੰਤ੍ਰਿਤ ਕਰਦਾ ਹੈ।”3 ਵੀ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ।
ਇਸ ਤੋਂ ਇਲਾਵਾ ਵੀ ਕੁਝ ਮਾਰਕਸਵਾਦੀ ਆਲੋਚਕ ਗਾਹੇ-ਬਗਾਹੇ ਭਾਈ ਵੀਰ ਸਿੰਘ ਜੀ ਦੇ ਨਾਵਲਾਂ ਬਾਰੇ ਕੁਝ ਨਫਰਤੀ ਟਿੱਪਣੀਆਂ ਕਰ ਜਾਂਦੇ ਹਨ ਜਿਵੇਂ ਕਿ ਸੰਤ ਸਿੰਘ ਸੇਖੋਂ ਦਾ ਦ੍ਰਿਸ਼ਟਾਂਤ ਨੂੰ ਅਲੌਕਿਕ ਤੇ ਯਥਾਰਥ ਤੋਂ ਉਪਰਲੀਆਂ ਗੱਲਾਂ ਕਹਿ ਰੁਮਾਂਸਵਾਦੀ ਨਾਵਲ ਕਹਿਣਾ ਅਤੇ ਸੁਰਿੰਦਰ ਸਿੰਘ ਦੁਸਾਂਝ, ਭਾਈ ਵੀਰ ਸਿੰਘ ਦੇ ਦ੍ਰਿਸ਼ਟੀਕੋਣ ਨੂੰ ਹਿੰਦੁਸਤਾਨੀ ਜਾਤੀ ਸੰਕੀਰਣਤਾ ਵਾਲਾ ਤੇ ਮੁਸਲਮਾਨ ਪਾਤਰਾਂ ਨੂੰ ਨਫ਼ਰਤੀ ਲਹਿਜੇ ਨਾਲ ਸੰਬੋਧਿਤ ਹੋਣਾ ਮੰਨਦੇ ਉਹਨਾਂ ਨੂੰ ਪੱਖ-ਪਾਤੀ ਐਲਾਨ ਦਿੰਦੇ ਹਨ। ਜੋਗਿੰਦਰ ਸਿੰਘ ਰਾਹੀ ਵੀ ਭਾਈ ਵੀਰ ਸਿੰਘ ਦੇ ਧਾਰਮਿਕ ਪ੍ਰਤਿਮਾਨਕਾਂ ਦਾ ਉਹਨਾਂ ਦੀ ਇਤਿਹਾਸ, ਦ੍ਰਿਸ਼ਟੀ ਨੂੰ ਸੰਕੀਰਣ ਤੇ ਪੱਖਪਾਤੀ ਮੰਨਦੇ ਹਨ। ਇਸ ਤਰ੍ਹਾਂ ਹੋਰ ਵੀ ਕੁਝ ਬੇਇਨਸਾਫ਼ੀ ਭਰੀਆਂ ਟਿੱਪਣੀਆਂ ਸਾਨੂੰ ਮਿਲਦੀਆਂ ਹਨ ਪਰ ਉਹਨਾਂ ਦਾ ਵਿਸਤਾਰਿਤ ਜ਼ਿਕਰ ਇਥੇ ਕਰਨਾ ਮੁਨਾਸਿਬ ਨਹੀਂ ਹੋਵੇਗਾ ਪਰ ਸਾਨੂੰ ਉਹਨਾਂ ਵੱਲੋਂ ਭਾਈ ਵੀਰ ਸਿੰਘ ਦੇ ਨਾਵਲਾਂ ‘ਤੇ ਲਾਏ ਇਲਜ਼ਾਮਾਂ ਪਿੱਛੇ ਸਿੱਖ ਧਰਮ ਪ੍ਰਤੀ ਨਫ਼ਰਤ ਵਿਚੋਂ ਉਪਜੇ ਮਾਰਕਸਵਾਦੀਆਂ ਦੇ ਸਵੈ-ਸਿਰਜੇ ਸਿਧਾਤਾਂ ਤੋਂ ਇਲਾਵਾ ਕੋਈ ਹੋਰ ਠੋਸ ਕਾਰਨ ਨਹੀਂ ਲੱਗਦਾ ਕਿਉਂਕਿ ਜਨਮਸਾਖੀ ਸਾਹਿਤ ਤੋਂ ਬਾਅਦ ਸਿੱਖ ਜਗਤ ਵਿਚ ਗੁਰੂ-ਕਾਲ ਬਾਰੇ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਅਤੇ ਨਾਵਲਾਂ ਨੂੰ ਪ੍ਰਮਾਣਿਤ ਮੰਨਿਆ ਜਾਂਦਾ ਹੈ।
2
ਹੈਡੇਨ ਵਾਇਟ ਅਨੁਸਾਰ “ਇਤਿਹਾਸਕਾਰ ਆਪਣੀ ਕਹਾਣੀ ਨੂੰ ਸਰਬਵਿਆਪਕ ਕਾਰਨ/ਕਾਰਜ ਦੇ ਨਿਯਮ ਰਾਹੀਂ ਦਲੀਲਯੁਕਤ ਸਿੱਧ ਕਰਦਾ ਹੈ। ਇਸ ਤਰ੍ਹਾਂ ਇਤਿਹਾਸ ਵੀ ਇਕ ਗਲਪੀ ਵਰਤਾਰਾ ਹੈ।”4 ਭਾਵੇਂ ਇਸ ਕਥਨ ਅਨੁਸਾਰ ਇਤਿਹਾਸਕਾਰ ਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਲਿਖੇ ਇਤਿਹਾਸ ਵਿਚ ਗਲਪ ਦਾ ਮੁੱਖ ਤੱਤ ‘ਕਲਪਨਾ’ ਅਹਿਮ ਰੋਲ ਅਦਾ ਕਰਦਾ ਹੈ ਫਿਰ ਵੀ ਇਤਿਹਾਸਕ ਨਾਵਲ ਲਿਖਣਾ, ਇਤਿਹਾਸ ਲਿਖਣ ਨਾਲੋਂ ਵੱਧ ਸੰਜੀਦਾ ਤੇ ਬਾਰੀਕਬੀਨੀ ਵਾਲਾ ਔਖਾ ਕਾਰਜ ਹੈ। ਇਤਿਹਾਸ ਲਿਖਣਾ ਵਿਚ ਤੱਥਾਂ ਨੂੰ ਪੇਸ਼ ਕਰਨਾ ਹੁੰਦਾ ਹੈ, ਇਤਿਹਾਸਕ ਨਾਵਲ ਵਿਚ ਅਹਿਮ ਕਾਰਜ ਤੱਥਾਂ ਦੁਆਲੇ ਗਲਪ ਸਿਰਜਣਾ ਹੁੰਦਾ ਹੈ, ਜਿਸ ਵਿਚ ਆਪਣੇ ਵਿਸ਼ੇ ਤੋਂ ਬਾਹਰ ਜਾਣ ਅਤੇ ਸਰਵ-ਪ੍ਰਮਾਣਿਤ ਤੱਥਾਂ ਦੇ ਵਿਗੜ ਜਾਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ। ਇਤਿਹਾਸਕਾਰ ਲੜੀਵਾਰ ਘਟਿਤ ਘਟਨਾਵਾਂ ਦੇ ਵੇਰਵੇ ਦੇ ਕੇ ਸੰਤੁਸ਼ਟ ਹੋ ਜਾਂਦਾ ਹੈ, ਪਰ ਨਾਵਲਕਾਰ ਵੇਲੇ ਦੀ ਸਥਿਤੀ ਵਿਚ ਜੀਵਨ ਦੀ ਤੋਰ ਨੂੰ ਡੂੰਘੀ ਨੀਝ ਨਾਲ ਖੋਜਦਾ ਹੈ, ਇਸੇ ਕਰਕੇ ਇਤਿਹਾਸਕ ਨਾਵਲ ਲਿਖਣਾ ਦੂਸਰੇ ਨਾਵਲ ਲਿਖਣ ਤੋਂ ਗੰਭੀਰ ਤੇ ਬਹੁਪਰਤੀ ਕਾਰਜ ਹੈ।
ਸੰਤ ਸਿੰਘ ਸੇਖੋਂ ਇਤਿਹਾਸ ਅਤੇ ਨਾਵਲ ਦੇ ਅਰਥਾਂ ਵਿਚ ਧਰਤੀ ਤੇ ਆਕਾਸ਼ ਜਿਹਾ ਭੇਦ ਦੱਸਦੇ ਹੋਏ ਇਤਿਹਾਸਕ ਨਾਵਲ ਨੂੰ ਅਜੋੜ ਪਦ ਮੰਨਦੇ ਹਨ, ਉਹਨਾਂ ਅਨੁਸਾਰ “ਇਤਿਹਾਸਕ ਘਟਨਾ ਨੂੰ ਆਪਣੇ ਵਿਚ ਸਮੋਣ ਦਾ ਯਤਨ ਕਰਨ ਲਈ ਕਲਪਨਾ ਦੇ ਨਾਲ-ਨਾਲ ਇਤਿਹਾਸਕ ਗਿਆਨ ਦੀ ਵੀ ਲੋੜ ਹੁੰਦੀ ਹੈ, ਤਾਂਹੀ ਇਤਿਹਾਸਕ ਨਾਵਲ ਅਖਵਾ ਸਕਦਾ; ਇਸ ਵਿਚ ਇਤਿਹਾਸਕ ਭਾਗ ਤੇ ਗਲਪ ਭਾਗ ਨੂੰ ਬੜੇ ਸੁਚੱਜੇ ਢੰਗ ਨਾਲ ਓਤਪੋਤ ਕੀਤਾ ਹੁੰਦਾ ਹੈ।”5 ਆਪਣੇ ਲੇਖ ਇਤਿਹਾਸਕ ਨਾਵਲ ਵਿਚ ਉਹ ਇਤਿਹਾਸਕ ਨਾਵਲ ਦਾ ਮੰਤਵ ਦੱਸਦੇ ਹੋਏ ਕਹਿੰਦੇ ਹਨ ਕਿ”ਇਤਿਹਾਸਕ ਨਾਵਲ ਦਾ ਮੰਤਵ ਸਾਧਾਰਣ ਇਤਿਹਾਸ ਨਾਲੋਂ ਵਧੇਰੇ ਭਾਵੁਕ ਤੇ ਬੌਧਿਕ ਢੰਗ ਨਾਲ ਅਤੀਤ ਨੂੰ ਵਰਤਮਾਨ ਨਾਲ ਜੋੜਨਾ ਹੁੰਦਾ ਹੈ, ਵਰਤਮਾਨ ਨੂੰ ਅਤੀਤ ‘ਚੋਂ ਜਨਮ ਲੈਂਦਾ ਦਿਖਾਇਆ ਜਾਂਦਾ ਹੈ।
ਇਹ ਨਿਰੋਲ ਕਹਾਣੀਆਂ ਨਹੀਂ ਸਗੋਂ ਉਹ ਬਬਾਣੀਆਂ ਕਹਾਣੀਆਂ ਹੁੰਦੀਆਂ ਹਨ, ਜੋ ਪੁੱਤ ਸਪੁੱਤ ਕਰਦੇ ਹਨ”6 ਪੰਜਾਬੀ ਸਾਹਿਤ ਵਿਚ ਸਿੱਖ ਇਤਿਹਾਸ ਬਾਰੇ ਕਈ ਇਤਿਹਾਸਕ ਨਾਵਲ ਮਿਲਦੇ ਹਨ, ਜੋ ਇਤਿਹਾਸਕ ਸਰੋਤਾਂ ਨੂੰ ਆਪਣਾ ਆਧਾਰ ਮੰਨਕੇ ਲਿਖੇ ਜਾਂਦੇ ਹਨ। ਸਿੱਖ ਇਤਿਹਾਸ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਇਤਿਹਾਸਕਾਰਾਂ ਵੱਲੋਂ ਲਿਖਿਆ ਪ੍ਰਾਪਤ ਹੁੰਦਾ ਹੈ: ਤੱਥ ਪੂਜਕ ਇਤਿਹਾਸਕਾਰ, ਬੇ-ਮਤਲਬ ਬੈਰਾਗ ਵਾਲੇ ਇਤਿਹਾਸਕਾਰ ਅਤੇ ਸੱਚੇ ਸਿੱਖ ਇਤਿਹਾਸਕਾਰ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਅਨੁਸਾਰ ਗੁਰੂ-ਚੇਤਨਾ ਤੋਂ ਟੁੱਟੇ ਅਜਿਹੇ ਤੱਥ ਪੂਜਕ ਇਤਿਹਾਸਕਾਰਾਂ ਨੇ ਵੱਡੀਆਂ ਗ਼ਲਤੀਆਂ ਉਦੋਂ ਕੀਤੀਆਂ ਜਦੋਂ ਉਹਨਾਂ ਤੱਥਾਂ ਦੇ ਲਿਖ਼ਤੀ ਰੂਪ ਉਤੇ ਵਧੇਰੇ ਨਿਰਭਰਤਾ ਦਿਖਾਈ। ਖ਼ਿਆਲ ਦੇ ਪੇਤਲੇਪਣ ਸਦਕਾ ਅਖ਼ਬਾਰੀ ਸੁਭਾ ਤੇ ਸਤਹੀ ਤਰਕ ਰਾਹੀਂ ਆਧੁਨਿਕ ਸਿੱਖ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਜਿਸ ਨੇ ਗੁਰੂ-ਬਿੰਬ ਦਾ ਸਰਸਬਜ਼ ਚਿਹਰਾ ਵਲੂੰਧਰ ਕੇ ਰੱਖ ਦਿੱਤਾ।
ਇਹ ਇਤਿਹਾਸਕਾਰ ਵਾਰ, ਤਾਰੀਖ਼ਾਂ, ਸਾਲ ਤੇ ਮਹੀਨਿਆਂ ਦੀਆਂ ਬੇਰਸ ਗਿਣਤੀਆਂ ਮਿਣਤੀਆਂ ਵਿਚ ਪੈ ਜਾਂਦੇ ਹਨ ਤੇ ਨੀਰਸ ਅੰਦਾਜ਼ ਵਿਚ ਬੇਮਿਸਾਲ ਘਟਨਾਵਾਂ ਦੇ ਬੇਨਜ਼ੀਰ ਸੱਚ ਨੂੰ, ਘਟਾਓਵਾਦੀ ਨਜ਼ਰੀਏ ਸਦਕਾ ਜਾਂ ਆਪਣੇ ਅਧੂਰੇਪਣ ਕਰਕੇ ਸੰਪੂਰਨ ਰੂਪ ਵਿਚ ਬਿਆਨ ਕਰਨ ਤੋਂ ਟਪਲਾ ਖਾ ਜਾਂਦੇ ਹਨ। ਅਜਿਹਾ ਕਰਦੇ ਉਹ ਕੌਮ ਦੇ ਸਮੂਹਿਕ ਅਵਚੇਤਨ ਅਤੇ ਸਾਂਝੇ ਸ਼ੁੱਧ ਅਨੁਭਵ {ਪ੍ਰੋ. ਮਹਿਬੂਬ ਇਸਨੂੰ ਸਿੱਖ-ਯਾਦ ਕਹਿੰਦੇ ਹਨ} ਨੂੰ ਬਿਲਕੁਲ ਅੱਖੋਂ-ਪਰੋਖੇ ਕਰ ਦਿੰਦੇ ਹਨ। ਜਿਸ ਕਰਕੇ ਅਕਸਰ ਉਹ ਇਤਿਹਾਸਕ ਵਰਤਾਰਿਆਂ ਨੂੰ ਅਕਾਦਮਿਕਤਾ ਦੀ ਥੱਕੀ-ਟੁੱਟੀ ਦ੍ਰਿਸ਼ਟੀ ਨਾਲ ਵੇਖਦੇ ਮੂਲ ਭਾਵਨਾਵਾਂ ਨੂੰ ਸਮਝਣ ਤੋਂ ਵਿਰਵੇ ਰਹਿ ਜਾਂਦੇ ਹਨ ਤੇ ਅਜਿਹੇ ਲਿਖਾਰੀ ਅਕਸਰ ਇਤਿਹਾਸ ਨੂੰ ਬੋਝਲ ਕਾਰਜ ਬਣਾ ਦਿੰਦੇ ਹਨ।
ਦੂਜੀ ਕਿਸਮ ਦੇ ਇਤਿਹਾਸਕਾਰ ਮੂਲ ਘਟਨਾਵਾਂ ਨੂੰ ਬਿਆਨ ਕਰਨ ਲਈ ਸਿੱਖ-ਯਾਦ ਵਿਚ ਪਏ ਉਸ ਘਟਨਾ ਦੇ ਦੈਵੀ ਅੰਸ਼ਾਂ ਨੂੰ ਪਕੜਣ ਦਾ ਯਤਨ ਤਾਂ ਕਰਦੇ ਹਨ ਪਰ ਉਹ ਵੀ ਆਪਣੀ ਸਮਰੱਥਾ ਤੇ ਅਨੁਭਵ ਅਨੁਸਾਰ ਉਸ ਦੈਵੀ-ਸੱਚ ਦੁਆਲੇ ਇਕ ਵੱਡੀ ਮਿੱਥ ਘੜ੍ਹਣ ਦੀ ਅਸਫਲ ਕੋਸ਼ਿਸ਼ ਕਰਦੇ ਹਨ। ਜਦਕਿ ਲੈਵੀ ਸਤ੍ਰਾਸ ਅਨੁਸਾਰ “ਲੋਕ ਚੇਤਨ ਤੌਰ ‘ਤੇ ਮਿੱਥਾਂ ਨਹੀਂ ਘੜਦੇ ਭਾਵ ਉਹ ਮਿੱਥ ਘੜਨ ਲਈ ਕਹਾਣੀ ਨਹੀਂ ਘੜਦੇ ਸਗੋਂ ਉਹ ਕੁਝ ਹੋਰ ਕਰ ਰਹੇ ਹੁੰਦੇ ਹਨ।”8 ਭਾਵ ਮਿੱਥ ਸਹਿਜੇ ਬਣਦੀ ਹੈ ਨਾ ਕਿ ਕਿਸੇ ਦਿਮਾਗੀ ਜੋੜ-ਘਟਾਓ ਸਦਕਾ ਇਸਨੂੰ ਬੁਣਿਆ ਜਾ ਸਕਦਾ ਹੈ ਤੇ ਨਾ ਵੀ ਵਡੇਰਾ ਕੀਤਾ ਜਾ ਸਕਦਾ ਹੈ ਕਿਉਂ ਜੋ ਅਜਿਹਾ ਕਰਦੇ ਹੋਏ ਮਿੱਥ ਦਾ ਆਧਾਰ ਬਣਿਆ ਅਸਲ-ਸੱਚ ਆਪਣੇ ਮੂਲ ਭਾਵ ਤੋਂ ਕੋਹਾਂ ਦੂਰ ਹੀ ਰਹਿ ਜਾਂਦਾ ਹੈ, ਹਾਲਾਂਕਿ ਜਨ-ਸਾਧਾਰਨ ਅੰਦਰ ਇਹ ਬੇ-ਮਤਲਬ ਵੈਰਾਗ ਪੈਦਾ ਕਰਦਾ ਹੈ ਪਰ ਅਸਲ ਵਿਚ ਉਹ ਪੌਰਾਣ ਮਿੱਥ ਦੀ ਤਰ੍ਹਾਂ ਇਤਿਹਾਸ ਨਾ ਹੁੰਦੇ ਹੋਏ ਅਤਿਕਥਨੀ ਵਧੇਰੇ ਜਾਪਣ ਲੱਗਦਾ ਹੈ।
ਫ਼ਿਰ ਗੁਰੂ-ਚੇਤਨਾ ਦੇ ਮਾਹੌਲ ਨੂੰ, ਪ੍ਰਤੀਨਿਧ ਚੇਤਨਾ ਦੇ ਸੂਖਮ ਤੱਥ ਨੂੰ ਆਪਣੀਆਂ ਲਿਖਤਾਂ ਵਿਚ ਸਾਂਭਣ ਵਾਲੇ ਸੱਚੇ ਸਿੱਖ ਇਤਿਹਾਸਕਾਰ ਆਉਂਦੇ ਹਨ, ਜਿੰਨ੍ਹਾਂ ਦੀਆਂ ਲਿਖਤਾਂ (ਇਤਿਹਾਸਕ ਗ੍ਰੰਥਾਂ) ਵਿਚ ਵਧੇਰੇ ਇਤਿਹਾਸਕ ਸੂਝ ਮਿਲਦੀ ਹੈ। ਅਜਿਹੇ ਇਤਿਹਾਸਕਾਰ, ਗੁਰਬਾਣੀ ਦੇ ਓਟ ਆਸਰੇ ਅਤੇ ਸਿੱਖ-ਯਾਦ ਦੇ ਸ਼ੁੱਧ ਅਨੁਭਵ ਸਦਕਾ ਬੀਤੇ ਕਾਲ ਵਿਚ ਪਈਆਂ ਘਟਨਾਵਾਂ ਦੇ ਸਹੀ ਨਕਸ਼ ਪਛਾਨਣ ਵਿਚ ਨਿਰੰਤਰ ਕਾਰਜਸ਼ੀਲ ਦਿਖਦੇ ਹਨ ਇਹਨਾਂ ਦੀਆਂ ਲਿਖਤਾਂ ਵਿਚ ਗੁਰੂ-ਰੂਪ ਨੂੰ ਬਿਆਨ ਕਰਨ ਵਾਲੀ ਰਮਜ਼ ਦਾ ਝਲਕਾਰਾ ਸਹਿਜੇ ਹੀ ਦਿਖ ਜਾਂਦਾ ਹੈ।
ਇਹਨਾਂ ਦੀਆਂ ਲਿਖਤਾਂ ਵਿਚ ਗੁਰੂ-ਲਿਵ ਨੂੰ ਮਾਣਦੀਆਂ ਅਨਪੜ੍ਹ ਮਾਵਾਂ ਵੱਲੋਂ ਸਿੱਖ-ਯਾਦ ਦੀ ਸ਼ਕਤੀ ਸਦਕਾ ਮੰਨੇ-ਪ੍ਰਮੰਨੇ ਇਤਿਹਾਸਕਾਰਾਂ ਨਾਲੋਂ ਵਧੇਰੇ ਸੂਝ ਨਾਲ ਝੂਠ-ਸੱਚ ਦਾ ਨਿਤਾਰਾ ਕਰਨ ਵਾਲਾ ਅਨੁਭਵ (ਭਾਵੇਂ ਸਾਰੀ ਲਿਖਤ ਵਿਚ ਨਹੀਂ) ਪ੍ਰਤੀਤ ਹੁੰਦਾ ਹੈ, ਅਜਿਹਾ ਅਨੁਭਵ ਪੁਰਾਣੇ ਇਤਿਹਾਸਕ ਗ੍ਰੰਥਾਂ ਵਿਚੋਂ ਵਧੇਰੇ ਹੁੰਦਾ ਹੈ, ਇਹਨਾਂ ਗ੍ਰੰਥਾਂ ਵਿਚ ਹੀ ਭਾਈ ਰਤਨ ਸਿੰਘ ਭੰਗੂ ਜੀ ਦਾ “ਪ੍ਰਾਚੀਨ ਪੰਥ ਪ੍ਰਕਾਸ਼” ਸ਼ਾਮਲ ਹੈ। 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਪਹਿਲੀ ਵਾਰ ਛਪਿਆ ਇਹ ਇਤਿਹਾਸਕ ਦਸਤਾਵੇਜ਼, 19ਵੀਂ ਸਦੀ ਦੇ ਪਹਿਲੇ ਅੱਧ (1809-1841 ਈ.) ਵਿਚ ਲਿਖਿਆ ਗਿਆ।
ਬਾਬਾ ਰਤਨ ਸਿੰਘ ਭੰਗੂ, ਭਾਈ ਰਾਇ ਸਿੰਘ ਜੀ ਦੇ ਪੁੱਤਰ, ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਸਨ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਰਨੈਲ ਸ਼ਹੀਦ ਬਾਬਾ ਸ਼ਾਮ ਸਿੰਘ (ਕਰੋੜਸਿੰਘੀਆਂ ਮਿਸਲ) ਦੇ ਦੋਹਤੇ ਸਨ। ਗੁਰੂ-ਕਾਲ ਅਤੇ ਗੁਰੂ-ਪੰਥ ਦਾ ਇਤਿਹਾਸ ਉਹਨਾਂ ਆਪਣੇ ਦਾਦਕੇ ਤੇ ਨਾਨਕੇ ਪਰਿਵਾਰ ਵਿਚ ਰਹਿੰਦਿਆ ਸਾਖੀਆਂ ਦੇ ਰੂਪ ਵਿਚ ਸੁਣਿਆ। ਉਹਨਾਂ ਦੀ ਇਸ ਮਹਾਨ ਲਿਖ਼ਤ ਨੂੰ ਸਮੁੱਚਾ ਗੁਰੂ-ਪੰਥ ਆਪਣੇ ਸਾਂਝੇ ਅਵਚੇਤਨ ਦੀ ਤਰਜ਼ਮਾਨੀ ਮੰਨਦਾ ਹੈ। ਪੰਥ ਦੀ ਵਿਰਾਸਤ, ਅਮੋਲ ਖਜ਼ਾਨੇ, ਭਾਈ ਰਤਨ ਸਿੰਘ ਭੰਗੂ ਜੀ ਦੀ ਸ਼ਾਹਕਾਰ ਰਚਨਾ ‘ਪ੍ਰਾਚੀਨ ਪੰਥ ਪ੍ਰਕਾਸ਼’ ਨੂੰ ਆਧਾਰ ਬਣਾਕੇ ਜਗਦੀਪ ਸਿੰਘ ਨੇ ‘ਨਾਨਕ ਰਾਜੁ ਚਲਾਇਆ’ ਨਾਵਲ ਲੜੀ ਤਹਿਤ ਆਪਣਾ ਪਲੇਠਾ ਨਾਵਲ “ਹੰਨੈ ਹੰਨੈ ਪਾਤਸ਼ਾਹੀ” ਲਿਖਿਆ ਹੈ।
ਇਸ ਤੋਂ ਪਹਿਲਾਂ ਵੀ ਸਾਨੂੰ ਸਿੱਖ ਇਤਿਹਾਸ ‘ਤੇ ਅਨੇਕਾਂ ਨਾਵਲ ਮਿਲਦੇ ਹਨ ਪਰ ਸਾਡੇ ਸਮਕਾਲ ਵਿਚ ਖਾਸ ਕਰਕੇ ਨੌਜਵਾਨ ਲਿਖਾਰੀਆਂ ਦਾ ਰੁਝਾਨ ਇਤਿਹਾਸਕਾਰੀ ਵੱਲ ਘੱਟ ਦੇਖਣ ਨੂੰ ਮਿਲਦਾ ਹੈ, ਗੁਰਸਿੱਖ ਇਸ ਗੱਲ ਨੂੰ ਮੰਨਦੇ ਹਨ ਕਿ ਸਤਿਗੁਰਾਂ ਦੀ ਕ੍ਰਿਪਾ ਤੋਂ ਬਿਨਾਂ ਉਹਨਾਂ ਦੀ ਕਲਮ ਗੁਰੂ-ਪੰਥ ਬਾਰੇ ਲਿਖਣ ਦਾ ਹੀਆ ਹੀ ਨਹੀਂ ਕਰ ਸਕਦੀ।ਇਤਿਹਾਸਕ ਨਾਵਲ ਲਿਖਣ ਦੇ ਉਪਰਾਲੇ ਲੰਮੇ ਦੌਰ ਤੋਂ ਹੋ ਰਹੇ ਹਨ, ਪੰਥ ਦਾ ਸਾਹਿਤਕ ਸਰਮਾਇਆ ਸਾਡੇ ਇਤਿਹਾਸਕ ਸਰੋਤ ਹਰੇਕ ਦੌਰ ਦੇ ਲਿਖਾਰੀਆਂ ਕੋਲ ਮੌਜੂਦ ਸਨ ਪਰ ਆਪਣੀਆਂ ਰੁਚੀਆਂ ਜਾਂ ਮਨੋਰਥਾਂ ਕਰਕੇ ਬਹੁਤੇ ਲਿਖਾਰੀ ਇਹਨਾਂ ਗ੍ਰੰਥਾਂ ਦਾ ਲਾਹਾ ਉਸ ਤਰ੍ਹਾਂ ਨਹੀਂ ਲੈ ਸਕੇ, ਜਿਸ ਤਰ੍ਹਾਂ ਨਾਵਲਕਾਰ ਨੇ ਲਿਆ ਹੈ।
3
ਭਾਈ ਵੀਰ ਸਿੰਘ ਦੇ ਨਾਵਲਾਂ ਬਾਰੇ ਬੋਲਦੇ ਜੋਗਿੰਦਰ ਸਿੰਘ ਰਾਹੀ ਆਪਣੇ ਲੇਖ ‘ਪੰਜਾਬੀ ਨਾਵਲ: ਪ੍ਰੰਪਰਾ ਤੇ ਪ੍ਰਵਾਹ’ ਵਿਚ ਕਹਿੰਦੇ ਹਨ ਕਿ “ਭਾਈ ਵੀਰ ਸਿੰਘ ਦੇ ਨਾਵਲ ਇਤਿਹਾਸ ਨੂੰ ਧਾਰਮਿਕ ਪ੍ਰਤਿਮਾਨਾਂ ਦੇ ਪਰਿਸਾਰ ਲਈ ਵਰਤਣ ਦੀ ਗਲਪ-ਬਿਰਤੀ ਦੇ ਸੂਚਕ ਹਨ……ਆਉਣ ਵਾਲੇ ਪੰਜਾਬੀ ਨਾਵਲਕਾਰਾਂ ਵਿਚ ਯਥਾਰਥਵਾਦੀ ਗਲਪ ਬੋਧ ਦੇ ਵਿਕਾਸ ਦਾ ਸਫ਼ਰ ਵੀ ਉਸ ਦੀ ਗਲਪ-ਬਿਰਤੀ ਤੋਂ ਆਰੰਭ ਹੁੰਦਾ ਹੈ।”9 ਜਗਦੀਪ ਸਿੰਘ ਵੀ ਇਸੇ ਪਰਪਾਟੀ ਦਾ ਨਾਵਲਕਾਰ ਹੈ, ਉਸਦੀ ਗਲਪ-ਬਿਰਤੀ ਵਿਚ ਭਾਈ ਵੀਰ ਸਿੰਘ ਦੀ ਗਲਪ-ਬਿਰਤੀ ਦੀ ਕਨਸੋਅ ਮਿਲਦੀ ਹੈ। ਭਾਵੇਂ ਇਹਨਾਂ ਦੋਵਾਂ ਦੀ ਲਿਖ਼ਤ ਦਾ ਕਾਲ ਅਤੇ ਸ਼ੈਲੀ ਵੱਖਰੀ-ਵੱਖਰੀ ਪਰ ਕੁਝ ਗੱਲਾਂ ਇਹਨਾਂ ਦੋਹਾਂ ਨੂੰ ਇਕ ਕਰਦੀਆਂ ਹਨ: ਦੋਹਾਂ ਦਾ ਗੁਰੂ ਸਿਧਾਤਾਂ ਪ੍ਰਤੀ ਸਮਰਪਣ, ਖਾਲਸਾ ਪੰਥ ਦੇ ਇਤਿਹਾਸ ਦੀ ਬਾਤ ਪਉਣਾ ਅਤੇ ਸਮਕਾਲ ਵਿਚ ਦਰਪੇਸ਼ ਚੁਣੌਤੀਆਂ ਦਾ ਚੜ੍ਹਦੀਕਲਾ ਨਾਲ ਸਾਹਮਣਾ ਕਰਨ ਦਾ ਉਤਸ਼ਾਹ ਦੇਣਾ।
ਇਹ ਨਾਵਲ ਲਿਖਦਿਆਂ ਜਗਦੀਪ ਸਿੰਘ ਪਹਿਲਾਂ ਪ੍ਰਚਲਤ ਵਿਧਾਵਾਂ ਤੋਂ ਜਾਣੂ ਲੱਗਦਾ ਹੈ ਤੇ ਇਹ ਵੀ ਮਹਿਸੂਸ ਹੁੰਦਾ ਹੈ ਜਿਵੇਂ ਉਹਨਾਂ ਦੇ ਅਵਚੇਤਨ ਵਿਚ ਇਤਿਹਾਸਕ ਸਰੋਤਾਂ ਦਾ ਆਸਰਾ ਲੈਂਦੇ ਹੋਏ ਵੀ ਆਪਣੀ ਮੌਲਿਕਤਾ ਨੂੰ ਬਰਕਰਾਰ ਰੱਖਣ ਦਾ ਸੰਕਲਪ ਨਿਰਵਿਘਨ ਕਾਰਜਸ਼ੀਲ ਹੈ, ਜਿਸ ਕਰਕੇ ਉਸਦੀ ਲਿਖਤ ਆਪਣੀ ਮਿਸਾਲ ਆਪ ਹੀ ਹੈ। ਨਾਵਲਕਾਰ ਆਪਣੀ ਲਿਖਤ ਦੇ ਧੁਰੇ ਦੁਆਲੇ ਬੇਬਾਕੀ ਤੇ ਆਜ਼ਾਦੀ ਨਾਲ ਪ੍ਰਕਰਮਾ ਕਰਦਿਆਂ ਆਪਣੀ ਮੌਲਿਕ ਦ੍ਰਿਸ਼ਟੀ ਨੂੰ ਕਾਇਮ ਰੱਖਦਾ ਹੈ। ਨਾਵਲ ਵਿਚ ਤਿੱਥਾਂ, ਮਹੀਨਿਆਂ, ਸਾਲਾਂ ਦੀ ਗਿਣਤੀ-ਮਿਣਤੀ ਦਾ ਜ਼ਿਕਰ ਨਾ ਕਰਕੇ, ਇਸ ਬੇਰਸੀ ਉਲਝਣ ਵਿਚ ਪੈਣ ਤੋਂ ਗੁਰੇਜ਼ ਕਰਦਾ ਹੋਇਆ, ਆਪਣੀ ਸਾਹਿਤਕ ਸੁਘੜਤਾ ਦੀ ਮਿਸਾਲ ਦਿੰਦਾ ਹੈ।
ਪ੍ਰਸਿੱਧ ਅੰਗ੍ਰੇਜ਼ ਨਾਵਲਕਾਰ ਤੇ ਆਲੋਚਕ, ਫਾਸਟਰ ਦੇ ਅਨੁਸਾਰ ਨਾਵਲ ਦਾ ਮੂਲ ਆਧਾਰ ਕਹਾਣੀ ਹੁੰਦਾ ਹੈ।10 ਇਸ ਨਾਵਲ ਵਿਚ ਜਿਸ ਕਾਲ-ਖੰਡ ਨੂੰ ਚੁਣਿਆ ਗਿਆ ਹੈ ਉਹ ਪੰਥ ਦੀ ਰੂਹਾਨੀ-ਚੜ੍ਹਤਲ ਦਾ ਸੁਨਿਹਰੀ ਕਾਲ ਹੈ, ਇਹ ਕਹਾਣੀ ਕੌਮ ਦੀ ਸਮੂਹਿਕ ਚੇਤਨਾ ਵਿਚ ਵਿਸ਼ੇਸ਼ ਥਾਂ ਰੱਖਦੀ ਹੈ। ਸ਼ਹੀਦਾਂ ਦੇ ਇਤਿਹਾਸ ਅਨੇਕਾਂ ਤਰੀਕਿਆਂ ਨਾਲ ਬਿਆਨੇ ਤੇ ਲਿਖੇ ਗਏ ਹਨ। ਅਨੇਕਾਂ ਹੀ ਸਾਖੀਆਂ ਸੀਨਾ-ਬ-ਸੀਨਾ ਚਲਦੀਆਂ ਸਾਡਾ ਮਾਰਗ ਦਰਸ਼ਨ ਕਰਦੀਆਂ ਆਈਆਂ ਹਨ। ਅਜਿਹੇ ਮੌਕੇ ਸਰਬ ਸਾਂਝੀਆਂ ਘਟਨਾਵਾਂ, ਗੁਰੂ-ਪੰਥ ਦੇ ਚੇਤਿਆਂ ‘ਚ ਚੱਤੋ ਪਹਿਰ ਹਾਜ਼ਰ ਰਹਿਣ ਵਾਲੀਆਂ ਸਾਖੀਆਂ ਨੂੰ ਬਿਆਨ ਕਰਨਾ ਸੁਖਾਲਾ ਕਾਰਜ ਨਹੀਂ ਹੈ।
ਲਿਖਾਰੀ ਦਾ ਇਹ ਨਾਵਲ ਲੜੀ ਸ਼ੁਰੂ ਕਰਨ ਦੇ ਖ਼ਿਆਲ ਨੂੰ ਆਪਣੇ ਸੁਰਤਿ ਮੰਡਲਾਂ ਵਿਚ ਰੱਖ, ਗੁਰੂ-ਖਾਲਸੇ ਦੇ ਦਰਸ਼ਨ ਕਰਨ, ਉਹਨਾਂ ਦੀ ਵਡਭਾਗੀ ਸੰਗਤ ਨੂੰ ਮਾਨਣ ਲਈ ਸਤਿਗੁਰਾਂ ਦੀ ਵਰਸੋਈ ਧਰਤੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ਼ਹੀਦੀ ਬਾਗ ਵਿਚ ਬਿਤਾਏ ਸਮੇਂ ਨੂੰ ਉਸਦੀ ਗੁਰੂ-ਪੰਥ ਦੇ ਇਤਿਹਾਸ ਪ੍ਰਤੀ ਸਮਰਪਿਤ ਸੁੱਚੀ ਨੀਅਤ ਦੀ ਪ੍ਰਤੱਖ ਮਿਸਾਲ ਵਜੋਂ ਮੰਨਿਆ ਜਾਣਾ ਚਾਹਿਦਾ ਹੈ। ਟੀ. ਆਰ. ਵਿਨੋਦ ਅਨੁਸਾਰ “ਨਾਵਲਕਾਰ ਦਾ ਆਪਣਾ ਨਜ਼ਰੀਆ ਤਾਂ ਉਦੋਂ ਹੀ ਪ੍ਰਗਟ ਹੋ ਜਾਂਦਾ ਹੈ ਜਦੋਂ ਉਹ ਕਿਸੇ ਪ੍ਰਸਥਿਤੀ ਦੇ ਅੰਗਾਂ ਵਿਚੋਂ ਕੁਝ ਕੁ ਦੀ ਚੋਣ ਕਰਦਾ, ਚੁਣੇ ਅੰਗ ਨੂੰ ਆਪਣੇ ਦਿਮਾਗ ਵਿਚ ਆਪਣੀ ਰੁਚੀ ਤੇ ਸਮਝ ਅਨੁਸਾਰ ਵਿਉਂਤਦਾ ਸੰਵਾਰਦਾ ਕੋਈ ਰੂਪ ਦਿੰਦਾ ਹੈ।”11 ਨਾਵਲਕਾਰ ਵੱਲੋਂ ਖਾਲਸਾ-ਪੰਥ ਦੀ ਸਖਸ਼ੀ-ਪੰਥਕ ਰਹਿਣੀ-ਸਹਿਣੀ ਨੂੰ ਨੇੜਿਓਂ ਜਾਨਣ ਦੇ ਮਨੋਰਥ ਨੂੰ ਇਹਨਾਂ ਇਤਿਹਾਸਕ ਵਰਤਾਰਿਆਂ ਪਿਛਲੀ ਅਧਿਆਤਮਕ ਰਮਜ਼ ਦੀ ਬਾਰੀਕਬੀਨੀ ਨੂੰ ਸਮਝਣ, ਦੀਨ ਪਾਲਦਿਆਂ ਖ਼ਾਲਸੇ ਵੱਲੋਂ ਕੀਤੇ ਗਏ ਦੈਵੀ ਕਾਰਜਾਂ ਨੂੰ ਗਾਲਪਨਿਕ ਢੰਗ ਨਾਲ ਪੇਸ਼ ਕਰ, ਉਹਨਾਂ ਵਰਤਾਰਿਆਂ ਦੇ ਅਸਲ-ਸੱਚ ਦੇ ਨੇੜੇ ਪਹੁੰਚਣ ਦਾ ਇਕ ਯਤਨ ਮੰਨਣਾ ਚਾਹਿਦਾ ਹੈ।
ਜਗਦੀਪ ਸਿੰਘ ਦਾ ਇਹ ਪਲੇਠਾ ਨਾਵਲ ਉਸਦੀ ਸਾਹਿਤਕ ਹਲਕਿਆਂ ‘ਚ ਹਾਜ਼ਰੀ ਲਵਾਉਂਦਾ ਪਹਿਲਾ ਮੌਲਿਕ ਕਾਰਜ ਹੈ, ਹਲਾਂਕਿ ਉਸਨੇ ਫ਼ਰੀਦ-ਉਦ-ਦੀਨ ਅੱਤਾਰ ਦੀ ‘ਪੰਛੀਆਂ ਦੀ ਮਜਲਿਸ’ ਦਾ ਅਨੁਵਾਦ ਕਰਕੇ ਆਪਣੀ ਅਨੁਵਾਦ-ਕਲਾ ਦਾ ਲੋਹਾ ਮੰਨਵਾਇਆ ਹੈ। ਉਸਦੀ ਗਲਪ-ਸੂਝ ਦੀ ਛਾਪ ਛੱਡਦਾ ਨਾਵਲ “ਹੰਨੈ ਹੰਨੈ ਪਾਤਸ਼ਾਹੀ” ਸ਼ੁਰੂ ਕੀਤੀ ਨਾਵਲ ਲੜੀ ‘ਨਾਨਕ ਰਾਜੁ ਚਲਾਇਆ’ ਦਾ ਪਹਿਲਾ ਭਾਗ ਹੈ। ਉਹ ਇਸ ਨਾਵਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਆਰੰਭ ਹੋਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਤੀਕ ਦੇ ਕਾਲ-ਖੰਡ ਨੂੰ ਚੁਣਦਾ ਹੈ।
ਅਠਾਰਵੀਂ ਸਦੀ ਦਾ ਇਹ ਗੌਰਵਮਈ ਇਤਿਹਾਸ ਸਾਡੇ ਕੋਲ ਪਹਿਲਾਂ ਅਨੇਕਾਂ ਲਿਖ਼ਤਾਂ ਵਿਚ ਉਪਲਬਧ ਹੈ ਪਰ ਜਦੋਂ ਨਾਵਲਕਾਰ ਇਸ ਕਥਾ ਨੂੰ ਨਵੇਂ ਗਲਪ ਬਿੰਬ ‘ਚ ਪੇਸ਼ ਕਰਦਾ ਹੈ ਤਾਂ ਇਤਿਹਾਸ ਦੀ ਇਹ ਕਥਾ ਇਕ ਨਵੀਂ ਵਾਸਤਵਿਕਤਾ ਨਾਲ ਜੁੜਦੀ ਹੋਈ ਨਵਾਂ ਸੰਦਰਭ ਪ੍ਰਾਪਤ ਕਰ ਲੈਂਦੀ ਹੈ। ਇਤਿਹਾਸ ਦੇ ਇਸ ਵਕਫ਼ੇ ‘ਤੇ ਅਧਾਰਿਤ ਇਸ ਨਾਵਲ ਨੂੰ ਪੜ੍ਹਦਿਆਂ ਇਕ ਅਕਹਿ ਅਹਿਸਾਸ ਪਾਠਕ ਮਨ ਨੂੰ ਟੁੰਬਦਾ ਹੈ ਤੇ ਉਹ ਆਪਣੇ-ਆਪ ਨੂੰ ਕਥਾ ਦੇ ਅੰਗ-ਸੰਗ ਤੁਰਦੇ ਮਹਿਸੂਸ ਕਰਦਾ ਹੈ। ਇਹੀ ਜਗਦੀਪ ਸਿੰਘ ਦੀ ਗਲਪ-ਚੇਤਨਾ ਦਾ ਪ੍ਰਮਾਣ ਹੈ। “ਬ੍ਰਿਤਾਂਤ ਸਿਰਜਨ ਦੀ ਚੇਤਨਾ ਮਨੁੱਖ ਦੀ ਗਲਪ ਚੇਤਨਾ ਹੀ ਤਾਂ ਹੈ। ਕਿਸੇ ਇਕ ਬ੍ਰਿਤਾਂਤ ਨੂੰ ਜਦੋਂ ਲੇਖਕ ਹੋਰ ਅਨੇਕਾਂ ਲਘੂ ਬ੍ਰਿਤਾਂਤਾਂ ਵਿਚ ਫੈਲਾਉਂਦਾ ਹੈ ਤਾਂ ਅਜਿਹਾ ਕਾਰਜ ਉਸਦੀ ਗਲਪ ਚੇਤਨਾ ਉਪਰ ਹੀ ਨਿਰਭਰ ਹੁੰਦਾ ਹੈ।”12 ਇਸ ਨਾਵਲ ਵਿਚ ਪ੍ਰਸੰਗ ਵੱਖਰੇ-ਵੱਖਰੇ ਹੁੰਦੇ ਹੋਏ ਵੀ ਹਰੇਕ ਬਿਰਤਾਂਤ ਦਾ ਕੇਂਦਰੀ ਭਾਵ ਖਾਲਸੇ ਦਾ ਗੁਰੂ-ਆਦਰਸ਼ੀ ਜੀਵਨ ਅਤੇ ਗੁਰ-ਸਿਧਾਂਤ ‘ਤੇ ਪਹਿਰਾ ਦਿੰਦੇ ਹੋਏ ਉਸਦਾ ਜੀਵਨ ਜਿਉਣ ਦਾ ਨਿਵੇਕਲਾ ਅੰਦਾਜ਼ ਹੈ।
ਇਤਿਹਾਸਕ ਵਿਅਕਤੀਆਂ ਨਾਲ ਗਲਪ ਤੱਥ ਜੋੜਨੇ ਆਪਣੇ ਆਪ ਵਿਚ ਇਕ ਚੁਣੌਤੀ ਹੁੰਦੀ ਹੈ। ਗਲਪ ਅਤੇ ਇਤਿਹਾਸ ਦਾ ਸਮਾਸ ਨਾਵਲਕਾਰ ਲਈ ਦੋ ਧਾਰੀ ਤਲਵਾਰ ਤੇ ਤੁਰਨ ਜਿਹਾ ਕਠਿਨ ਕਾਰਜ ਹੁੰਦਾ ਹੈ, ਜੋ ਅਭਿਆਸ ਬਿਨਾਂ ਸੁਖਾਲਾ ਨਹੀਂ ਹੋ ਸਕਦਾ। ਜਗਦੀਪ ਸਿੰਘ ਦੇ ਅਭਿਆਸ ਵਿਚ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਨਿਰਵਿਘਨ ਚੱਲਦਾ ਉਸਦਾ ਵਿਸ਼ਵ ਦੇ ਸਰਵੋਤਮ ਸਾਹਿਤ ਦਾ ਗੂੜ੍ਹ ਅਧਿਐਨ ਹੈ। ਉਸਦੇ ਬਿਰਤਾਂਤ ਸਿਰਜਣ ਦਾ ਇਹ ਵਿਲੱਖਣ ਢੰਗ ਉਸਨੇ ਜੀਵਿਆ ਹੈ, ਇਹ ਉਸਦੇ ਆਮ ਗੱਲਬਾਤ ਕਰਨ ਦੇ ਅੰਦਾਜ਼ ਤੋਂ ਹਵਾ ਦੇ ਰੁਮਕਣ ਜਿਹੀ ਸਹਿਜਤਾ ਨਾਲ ਉਸਦੀ ਲਿਖਣ ਸ਼ੈਲੀ ਵਿਚ ਆਇਆ ਹੈ। ਹਾਲਾਂਕਿ ਇਹ ਗਲਪ ਵਿਚ ਉਸਦੀ ਪਲੇਠੀ ਪ੍ਰਕਾਸ਼ਿਤ ਰਚਨਾ ਹੈ, ਪਰ ਗਾਹੇ-ਬਗਾਹੇ, ਅਖਬਾਰਾਂ, ਰਸਾਲਿਆਂ ਤੇ ਮੈਗਜ਼ੀਨਾਂ ਵਿਚ ਛਪੇ ਆਰਟੀਕਲਾਂ ਰਾਹੀਂ ਉਸਦੀ ਗਲਪ-ਜੁਗਤ ਨੂੰ ਦੇਖਿਆ ਜਾ ਸਕਦਾ ਹੈ।
ਇਸ ਨਾਵਲ ਦੀ ਭੂਮਿਕਾ ਵਿਚ ਉਹ ਲਿਖਦਾ ਹੈ ਕਿ ਇਤਿਹਾਸਕ ਨਾਵਲ ਹੋਣ ਕਰਕੇ ਪਾਤਰਾਂ ਤੇ ਥਾਂਵਾਂ ਲਈ ਸਰੋਤਾਂ ਦੇ ਆਧਾਰ ‘ਤੇ ਅਸਲ ਨਾਮ ਹੀ ਵਰਤੇ ਹਨ। ਟੀ. ਆਰ. ਵਿਨੋਦ, ਮਿੱਤਰ ਸੈਨ ਮੀਤ ਦੇ ਨਾਵਲ ਤਫ਼ਤੀਸ਼ ਬਾਰੇ ਲਿਖਦੇ ਵਾਸਤਵਿਕ ਸੰਸਥਾਵਾਂ ਅਤੇ ਵਿਅਕਤੀਆਂ ਦੇ ਨਾਵਾਂ ਦੇ ਸਿੱਧੇ ਜ਼ਿਕਰ ਨੂੰ ਨਾਵਲ ਦੀ ਖੋਟ ਮੰਨਦੇ ਹਨ। ਉਹ ਕਹਿੰਦੇ ਹਨ ਕਿ ਨਾਵਲ ਵਾਸਤਵ ਨਹੀਂ ਹੁੰਦਾ, ਵਾਸਤਵ ਦਾ ਅਨੁਭਵ ਹੁੰਦਾ ਹੈ।13 ਪਰ ਨਾਵਲ ਖ਼ਾਸ ਕਰਕੇ ਇਤਿਹਾਸਕ ਨਾਵਲ ਵਿਚ ਵਾਸਤਵਿਕ ਨਾਵਾਂ ਥਾਵਾਂ ਦਾ ਜ਼ਿਕਰ ਨਾਵਲ ਨੂੰ ਹੋਰ ਪ੍ਰਮਾਣਿਕ, ਯਥਾਰਥਵਾਦੀ ਤੇ ਰੋਮਾਂਚਕ ਬਣਾ ਦਿੰਦੇ ਹਨ।
ਪਾਠਕ ਸਹਿਜੇ ਹੀ ਨਾਵਲ ਦੀਆਂ ਘਟਨਾਵਾਂ ਤੇ ਪਾਤਰਾਂ ਨਾਲ ਇਕ ਅਪਣੱਤ ਭਰਿਆ ਰਿਸ਼ਤਾ ਮਹਿਸੂਸ ਕਰਦਾ ਹੈ। ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਬਲਦੇਵ ਸਿੰਘ ਵਾਂਗ ਆਪਣੇ ਨਾਵਲ ‘ਪੰਜਵਾਂ ਸਹਿਬਜ਼ਾਦਾ’ ਵਿਚ ਭਾਈ ਬਚਿੱਤਰ ਸਿੰਘ ਜੀ ਨੂੰ ਪੰਜ ਪਿਆਰਿਆਂ ਤੋਂ ਤੁਰੰਤ ਬਾਅਦ ਅੰਮ੍ਰਿਤ ਛਕਾਉਣ ਜਿਹੀ ਕੋਈ ਇਤਿਹਾਸਕ ਗਲਤੀ ਜਗਦੀਪ ਨੇ ਹੰਨੈ ਹੰਨੈ ਪਾਤਸ਼ਾਹੀ ਵਿਚ ਨਹੀਂ ਕੀਤੀ, ਇਸ ਨਾਵਲ ਵਿਚਲੀ ਬਿਆਨੀ ਕੋਈ ਵੀ ਘਟਨਾ ਨਿਰੋਲ ਮਨੋ-ਘੜ੍ਹਤ ਨਹੀਂ, ਸਗੋਂ ਕੁਝ ਕੁ ਗੱਲਾਂ ਬਾਰੇ ਇਹ ਮਹਿਸੂਸ ਹੁੰਦਾ ਜਿਵੇਂ ਵਾਸਤਵ ਵਿਚ ਬੀਤੀ ਕੋਈ ਘਟਨਾ ਨੂੰ ਲੇਖਕ ਨੇ ਆਪਣੇ ਵਿਸ਼ਾਲ ਅਨੁਭਵ ਅਨੁਸਾਰ ਰੋਮਾਂਟਿਕ ਤੇ ਨਾਟਕੀ ਭਾਂਤ ਰੌਚਕ ਬਣਾ ਦਿੱਤਾ ਹੈ।
ਇਸ ਨਾਵਲ ਦੀ ਹੋਂਦ ਪਿਛਲੇ ਕਾਰਨਾਂ ਨੂੰ ਘੋਖਦਿਆਂ ਇਕ ਅਹਿਮ ਖਿਆਲ ਧਿਆਨਗੋਚਰੇ ਆਉਂਦਾ ਹੈ, ਜੋ ਵਿਕਟਰ ਹਿਊਗੋ ਦੇ ਨਾਵਲ Les Misérables ਦੇ ਪੰਜਾਬੀ ਅਨੁਵਾਦ ‘ਦੁਖੀਏ’ ਦੀ ਭੂਮਿਕਾ ਵਿਚ ਕਰਤਾਰ ਸਿੰਘ ਲਿਖਦੇ ਹਨ ਕਿ ਕਿਸੇ ਕੌਮ ਦਾ ਸਾਹਿਤ ਉਸ ਦੀ ਵਿਦਵਤਾ, ਦਾਨਾਈ ਅਤੇ ਉੱਚੇ ਤੇ ਸੁੱਚੇ ਵਲਵਲਿਆਂ ਦਾ ਖ਼ਜ਼ਾਨਾ ਹੋਇਆ ਕਰਦਾ ਹੈ। ਸਾਹਿਤ ਇਕ ਅਜਿਹਾ ਸ਼ੀਸ਼ਾ ਹੈ ਜਿਸ ਵਿਚ ਝਾਤੀ ਮਾਰਿਆਂ ਕਿਸੇ ਕੌਮ ਦੀ ਸਭਿਅਤਾ ਦਾ ਨਕਸ਼ਾ ਦਿਸ ਪੈਂਦਾ ਹੈ। ਜਿਸ ਵੀ ਕੌਮ ਨੇ ਦੁਨੀਆਂ ਵਿਚ ਕਦੇ ਤਰੱਕੀ ਕੀਤੀ ਹੈ, ਐਨ ਉਸੇ ਵੇਲੇ ਉਨ੍ਹਾਂ ਦਾ ਸਾਹਿਤ ਵੀ ਕਮਾਲ ਦਰਜੇ ਦੀ ਸ਼ਾਨ ਵਿਚ ਵਧਿਆ ਫੁਲਿਆ ਹੁੰਦਾ ਰਿਹਾ ਹੈ।
ਜਦੋਂ ਕੋਈ ਕੌਮ ਡਿੱਗੀ ਹੋਈ ਹਾਲਤ ਵਿਚ ਹੁੰਦੀ ਹੈ, ਤਦ ਖਾਸ ਲਿਆਕਤ ਨਾਲ ਨਿਵਾਜੇ ਹੋਏ ਆਤਮਿਕ ਦਿਉ ਚੜ੍ਹਦੀਆਂ ਕਲਾਂ ਵਿਚ ਵਿਚਰ ਕੇ ਤੇ ਸਦਾ ਹਰੀ ਆਸ ਦਾ ਸਹਾਰਾ ਲੈ ਕੇ, ਕੌਮ ਨੂੰ ਹਲੂਣਾ ਦੇ ਕੇ ਜਗਾਉਦੇ ਹਨ ਤੇ ਇਸ ਵਿਚ ਉੱਨਤੀ ਦੇ ਰਾਹੇ ਹੰਭਲਾ ਮਾਰ ਕੇ ਤੁਰਨ ਦਾ ਉਮਾਹ ਪੈਦਾ ਕਰਨ ਦਾ ਇਰਾਦਾ ਕਰ ਲੈਂਦੇ ਹਨ। ਇਹ ਹਲੂਣਾ ਉਹ ਆਪਣੀ ਕਲਮ ਨਾਲ ਦਿੰਦੇ ਹਨ। ਆਸ, ਉਤਸ਼ਾਹ, ਸੱਤਿਆ, ਉੱਚੇ ਆਦਰਸ਼ ਤੇ ਸੁੱਚੇ ਇਖ਼ਲਾਕ ਦੀ ਲਗਨ ਪੈਦਾ ਕਰਨ ਵਾਲਾ ਸਾਹਿਤ ਹੋਂਦ ਵਿਚ ਆਉਂਦਾ ਹੈ ਅਤੇ ਕੌਮ ਇਸ ਜਾਦੂ ਦੇ ਅਸਰ ਹੇਠ ਮਸਤ ਹੋਈ ਉਡਾਰੀਆਂ ਲਾਉਂਦੀ ਉਤਾਂਹ ਨੂੰ, ਤਰੱਕੀ ਵੱਲ ਸਫ਼ਰ ਕਰਨਾ ਸ਼ੁਰੂ ਕਰ ਦਿੰਦੀ ਹੈ। ਦੇਸ ਪੰਜਾਬ ਦੀ ਇਸ ਵੇਲੇ ਅਜਿਹੀ ਹਾਲਤ ਹੈ ਕਿ ਇਸਨੂੰ ਸੁਧਾਰਨ ਦੇ ਨਿੱਗਰ ਯਤਨ ਕਰਨੇ ਜ਼ਰੂਰੀ ਹਨ। ਇਹ ਸੁਧਾਰ ਆਪਣੇ ਸੁਨਹਿਰੀ ਇਤਿਹਾਸ ਨੂੰ ਆਪਣੀਆਂ ਸਿਮਰਤੀਆਂ ਵਿਚ ਮੁੜ ਧਿਆਕੇ, ਗੁਰੂ-ਬਖਸ਼ਿਸ਼ ਸਦਕਾ ਇਲਾਹੀ ਗੁਰਬਾਣੀ ਤੇ ਇਤਿਹਾਸ ਤੋਂ ਮਾਰਗ-ਦਰਸ਼ਨ ਲੈਂਦੇ ਹੋਏ ਕਾਰਜਸ਼ੀਲ ਹੋਇਆ ਹੋ ਸਕਦਾ ਹੈ। ਇਸੇ ਕਾਰਜ ਲਈ ਯਤਨਸ਼ੀਲ ਹੁੰਦੇ ਹੋਏ ਇਹ ਨਾਵਲ ਲੜੀ ਆਰੰਭ ਕਰਨ ਦਾ ਉਪਰਾਲਾ ਕੀਤਾ ਗਿਆ ਲੱਗਦਾ ਹੈ।
ਇਸ ਤੋਂ ਇਲਾਵਾ ਇਸ ਨਾਵਲ ਦੀ ਹੋਂਦ ਦਾ ਕਾਰਨ ਡਾ. ਰਜਨੀਸ਼ ਬਹਾਦਰ ਸਿੰਘ ਦੇ ਲੇਖ ‘ਨਾਵਲ ਦੀ ਹੋਂਦ-ਪ੍ਰਕਿਰਿਆ’ ਵਿਚਲੇ ਕਥਨ14 ਤੋਂ ਹਟ ਕੇ ਜਾਪਦਾ ਹੈ ਕਿਉਂਕਿ ਨਾ ਹੀ ਨਾਵਲ ਪੰਜਾਬ ਦੇ ਸਮਾਜਿਕ ਜੀਵਨ ‘ਚ ਅੰਗਰੇਜ਼ ਸਾਮਰਾਜ ਸਦਕਾ ਆਏ ਵਸਤੂਗਤ ਪਰਿਵਰਤਨ ਨੂੰ ਆਪਣਾ ਆਧਾਰ ਬਣਾਉਂਦਾ ਹੈ ਤੇ ਨਾ ਹੀ ਜਗੀਰਦਾਰੀ ਨਿਜ਼ਾਮ ਦੀ ਆਰਥਿਕਤਾ ਦੇ ਪ੍ਰਭਾਵ ਅਧੀਨ ਪੂੰਜੀਵਾਦੀ ਅਰਥਚਾਰੇ ਵਿਚ ਜਟਿਲ ਹੋਏ ਰਿਸ਼ਤਿਆਂ ਵਿਚੋਂ ਪੈਦਾ ਹੋਏ ਤਣਾਅ ਨੂੰ ਆਪਣਾ ਮੂਲ ਸਰੋਕਾਰ ਬਣਾਉਣ ਦੀ ਨਿਗੂਣੀ ਕੋਸ਼ਿਸ਼ ਕਰਦਾ ਹੈ, ਸਗੋਂ ਇਸ ਨਾਵਲ ਦੀ ਰਚਨਾ ਪਿਛਲੇ ਕਾਰਨਾਂ ਨੂੰ ਘੋਖਦਿਆਂ ਮਹਿਸੂਸ ਹੁੰਦਾ ਹੈ ਕਿ ਨਾਵਲਕਾਰ ਦੀ ਮਨੋ-ਸਰੰਚਨਾ ਵਿਚ ਗੁਰੂ-ਪੰਥ ਦੀ ਚੜ੍ਹਦੀਕਲਾ ਅਤੇ ਵੱਡੇ ਵਰਤਾਰਿਆਂ ਤੋਂ ਬਾਅਦ ਸਤਿਗੁਰਾਂ ਦੇ ਦੈਵੀ-ਬਚਨਾਂ ‘ਤੇ ਅਸੀਮ ਅਟੁੱਟ ਭਰੋਸੇ ਸਦਕਾ ਕੌਮ ਦੇ ਬੇਮਿਸਾਲ ਪ੍ਰਤੀਕਰਮ ਨੂੰ ਜਾਨਣ ਦੀ ਇੱਛਾ ਨਿਰੰਤਰ ਕਾਰਜਸ਼ੀਲ ਜਾਪਦੀ ਹੈ। ਇਸ ਦੇ ਨਾਲ ਹੀ ਅਠਾਰਵੀਂ ਸਦੀ ਦੇ ਇਸ ਇਤਿਹਾਸਕ ਖੰਡ ਬਾਰੇ ਰਚਨਾਵਾਂ ਵਿਸ਼ੇਸ਼ ਕਰਕੇ ਗਾਲਪਨਿਕ ਰਚਨਾਵਾਂ ਦੀ ਅਣਹੋਂਦ ਵੀ ਨਾਵਲਕਾਰ ਦੀ ਗੂੜ੍ਹ-ਪ੍ਰੇਰਨਾ ਦਾ ਅਹਿਮ ਹਿੱਸਾ ਹੋ ਨਿਬੱੜਦਾ ਹੈ।
4
ਹੰਨੈ ਹੰਨੈ ਪਾਤਸ਼ਾਹੀ ਦੇ ਕੁਝ ਵਿਲੱਖਣ ਪੱਖਾਂ, ਇਤਿਹਾਸ ਪ੍ਰਤੀ ਨਜ਼ਰੀਏ ਦੀ ਸ਼ੈਲ਼ੀ, ਗਲਪ-ਜੁਗਤਾਂ, ਬਿਰਤਾਂਤ ਸ਼ੈਲੀ ਅਤੇ ਗੁਰੂ-ਪੰਥ ਪ੍ਰਤੀ ਸਮਰਪਣ ਨੂੰ ਸਮਝਣ ਲਈ, ਇਸ ਨਾਵਲ ਵਿਚ ਪੇਸ਼ ਹੋਏ ਗਾਲਪਨਿਕ ਦ੍ਰਿਸ਼ਟਾਂਤਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਕਰਦੇ ਹੋਏ ਜਗਦੀਪ ਸਿੰਘ ਦੀ ਲਿਖਣ-ਸ਼ੈਲੀ ਦਾ ਮੁਲਾਂਕਣ ਕਰਦੇ ਹਾਂ
ਨਾਵਲ ਲੜੀ ‘ਨਾਨਕ ਰਾਜੁ ਚਲਾਇਆ’ ਦਾ ਨਾਮ ਪਾਵਨ ਗੁਰਬਾਣੀ ਵਿਚ ਸੱਤੇ ਬਲਵੰਡ ਜੀ ਦੀ ਵਾਰ ਵਿਚ ਆਈ ਪੰਗਤੀ “ਨਾਨਕਿਰਾਜੁਚਲਾਇਆਸਚੁਕੋਟਸਤਾਣੀਨੀਵਦੈ॥”15 ਵਿੱਚੋਂ ਲਿਆ ਗਿਆ ਹੈ। ਜਿਸਦੇ ਆਰੰਭਲੇ ਸ਼ਬਦਾਂ ਦਾ ਭਾਵ-ਅਰਥ ਇਹ ਹੈ ਕਿ ਇਹ ਰਾਜ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ, ਉਹਨਾਂ ਦੇ ਹੀ ਬਚਨਾਂ ਨੂੰ ਦਸ਼ਮੇਸ਼ ਪਿਤਾ ਨੇ ਦੁਹਰਾਉਂਦਿਆਂ ‘ਰਾਜ ਕਰੇਗਾ ਖਾਲਸਾ’ ਉਚਾਰਦੇ ਹੋਏ ਖਾਲਸੇ ਨੂੰ ਪਤਾਸ਼ਾਹੀ ਦਾ ਵਰ ਦਿੱਤਾ ਸੀ। ਜਿਸ ‘ਤੇ ਟੇਕ ਰੱਖਦੇ ਖਾਲਸਾ-ਪੰਥ ਅਸੀਮ ਭਰੋਸੇ ਵਿਚ, ਦ੍ਰਿੜ੍ਹ ਇਰਾਦੇ ਸੰਗ ਕਹਿੰਦਾ ਹੈ:
“ਹਮ ਰਾਖਤ ਪਾਤਸ਼ਾਹੀ ਦਾਵਾ।
ਜਾਂ ਇਤਕੋ ਜਾਂ ਅਗਲੋ ਪਾਵਾ।”
ਇਸ ਨਾਵਲ ‘ਹੰਨੈ ਹੰਨੈ ਪਾਤਸ਼ਾਹੀ’ ਦਾ ਨਾਮ ਬਾਬਾ ਰਤਨ ਸਿੰਘ ਭੰਗੂ ਦੁਆਰਾ ਰਚਿਤ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਆਏ ਇਸ ਦੋਹਰੇ:
‘ਹਮ ਪਾਤਸ਼ਾਹੀ ਸਤਿਗੁਰੁ ਦਈ ਹੰਨੈ ਹੰਨੈ ਲਾਇ।
ਜਹਿ ਜਹਿ ਬਹੈ ਜ਼ਮੀਨ ਪਰ ਤਹਿ ਤਹਿ ਤਖਤ ਬਿਠਾੲੈਂ।’
ਵਿੱਚੋਂ ਕਸੀਦੀਆਂ ਗਈਆਂ ਹਨ, ਇਹ ਦੋਹਰਾ ਵੀ ਸਤਿਗੁਰਾਂ ਦੇ ਬਚਨਾਂ ਉਪਰ ਸਿੱਖਾਂ ਦੇ ਨਿਸ਼ਚੇ ਤੇ ਭਰੋਸੇ ਨੂੰ ਬਿਆਨ ਕਰਦਾ ਹੈ।
ਹੰਨੈ ਤੋਂ ਭਾਵ ਘੋੜੇ ਦੀ ਕਾਠੀ ਦੇ ਅੱਗੇ ਦਾ ਕੀਲਾ ਹੈ, ਜਿਥੇ ਲਗਾਮ ਨੂੰ ਅਟਕਾਈਦਾ ਹੈ।16 ਇਸੇ ਨਾਲ ਹੀ ਸਿੱਖ ਯੋਧੇ ਖਾਲਸਾਈ ਨਿਸ਼ਾਨ ਬੰਨ੍ਹਦੇ ਸਨ। ਉਹਨਾਂ ਦੀ ਚੜ੍ਹਦੀਕਲਾ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਉਹ ਸਤਿਗੁਰਾਂ ਦੇ ਬਚਨਾਂ ‘ਤੇ ਭਰੋਸੇ ਸਦਕਾ ਆਪਣੀ ਪਾਤਸ਼ਾਹੀ ਦਾ ਦਾਵਾ ਹੰਨੈ ਤੋਂ ਲੈ ਕੇ ਪੂਰੇ ਬ੍ਰਹਿਮੰਡ ਤੀਕਰ ਮੰਨਦੇ, ਰੱਖਦੇ ਤੇ ਮਾਣਦੇ ਸਨ। ਇਸੇ ਦਾਅਵੇ ਦੀਆਂ ਬੇਮਿਸਾਲ ਸਾਖੀਆਂ, ਜੋ ਅਠਾਰਵੀਂ ਸਦੀ ਦੇ ਸਿੱਖਾਂ ਨੇ ਆਪਣੀਆਂ ਦੇਹਾਂ ਤੇ ਹੰਢਾਈਆਂ, ਨੂੰ ਇਸ ਨਾਵਲ ਵਿਚ ਪੇਸ਼ ਕੀਤਾ ਗਿਆ ਹੈ।
ਇਸ ਨਾਵਲ ਦੇ ਆਰੰਭ ਵਿਚ ਅਲੋਕਾਰੀ ਗੱਲ ਕਰਦਿਆਂ ਇਤਿਹਾਸਕ ਕਾਲ-ਖੰਡ ਅਨੁਸਾਰ ਵੱਖਰੇ-ਵੱਖਰੇ ਦੌਰ ਦੇ ਪਾਤਰ ਇੱਕੋ ਵੇਲੇ ਇਕੱਠੇ ਦਿਖਾਏ ਗਏ ਹਨ। ਇਸ ਵੱਖ-ਵੱਖ ਵੇਲਿਆਂ ਦੇ ਪਾਤਰਾਂ ਨੂੰ ਇਕ ਥਾਂ ‘ਤੇ ਬਿਠਾਕੇ ਨਾਵਲ ਦਾ ਆਗਾਜ਼ ਕਰਨਾ ਨਾਵਲਕਾਰ ਦੀ ਕਾਲਪਨਿਕ ਗਲਪ ਜੁਗਤ ਦੀ ਪੇਸ਼ਕਾਰੀ ਹੈ। ਬਿਰਤਾਂਤਕ ਭੂਮਿਕਾ ਵਿਚ ਮੁੱਖ ਪਾਤਰਾਂ ਦੀ ਜਾਣ-ਪਛਾਣ ਕਰਾਉਂਦਿਆ ਉਹ ਤਿੰਨ ਪਾਤਰਾਂ ਬਾਰੇ ਗੱਲ ਕਰਦਾ ਹੈ। ਜਿੰਨ੍ਹਾਂ ਵਿਚੋਂ ਦੋ ਪਾਤਰਾਂ ਦੀ ਜਾਣਕਾਰੀ ਫੌਰੀ ਪ੍ਰਗਟਾਓ (Immediate exposition) ਸਦਕਾ ਉਸੇ ਵੇਲੇ ਦਿੰਦਾ ਦੱਸਦਾ ਹੈ ਕਿ ਪਹਿਲਾ ਪਾਤਰ ਨਨਕਾਣਾ ਸਾਹਿਬ ਸ਼ਹੀਦ ਹੋਏ ਦਰਬਾਰਾ ਸਿੰਘ ਤੇ ਦੂਜੇ ਪੰਜਾਬੀ ਸੂਬਾ ਮੋਰਚੇ ਵੇਲੇ ਸ਼ਹੀਦ ਹੋਏ ਕਾਕਾ ਇੰਦਰਜੀਤ ਸਿੰਘ ਕਰਨਾਲ ਹਨ। ਤੀਜੇ ਪਾਤਰ ਦੀ ਜਾਣਕਾਰੀ ਨੂੰ ਵਿਲੰਬਿਤ ਪ੍ਰਗਟਾਓ (Delayed exposition) ਜੁਗਤ ਵਰਤਦਿਆਂ ਪਰਦੇ ਪਿਛੇ ਰੱਖਦਾ ਹੈ। ਨਾਵਲ ਲੜੀ ਦੇ ਅੰਤ ਤੀਕ ਉਸ ਬਾਰੇ ਸਾਰਾ ਕੁਝ ਸ਼ਪਸ਼ਟ ਹੋਣ ਦਾ ਭਰੋਸਾ ਵੀ ਪਾਠਕਾਂ ਵਿਚ ਪਾਤਰ ਦੀ ਪਛਾਣ ਪ੍ਰਤੀ ਉਤਸੁਕਤਾ ਨੂੰ ਕਾਇਮ ਰੱਖਦਾ ਹੈ।
ਇਸ ਨਾਵਲ ਵਿਚ ਨਾਵਲਕਾਰ ਖੁਦ ਵਕਤਾ ਨਹੀਂ ਬਣਦਾ ਸਗੋਂ ਇਸ ਨਾਵਲ ਦੀ ਕਥਾ ਤੀਜੇ ਪਾਤਰ (ਜਿਸਦਾ ਤੁਆਰਫ਼ ਹਾਲੇ ਹੋਣਾ ਹੈ) ਰਾਹੀਂ ਸ਼ੁਰੂ ਹੋਕੇ ਕੰਦੀ ਬਾਬਾ ਰਾਹੀਂ ਤੁਰਦੀ, ਕਾਕਾ ਇੰਦਰਜੀਤ ਸਿੰਘ ਕਰਨਾਲ ਤੇ ਦਰਬਾਰਾ ਸਿੰਘ ਦੇ ਆਪਸੀ ਸੰਵਾਦ ਰਾਹੀਂ ਹੁੰਦੀ ਹੋਈ, ਨਾਵਲ ਦੇ ਮੁੱਖ ਕਥਾਕਾਰ ਤੱਕ ਪਹੁੰਚਦੀ ਹੈ। ਕਥਾ ਦਾ ਇਹ ਸਫ਼ਰ ਨਾਵਲ ਦੀ ਗੋਂਦ ਦੀ ਬਾਰੀਕੀ ਨਾਲ ਅੱਗੇ ਵਧਦਾ ਹੈ। ਨਾਵਲ ਦਾ ਮੁੱਖ ਕਥਾਕਾਰ ਬਾਬਾ ਰਤਨ ਸਿੰਘ ਭੰਗੂ ਹੈ, ਨਾਵਲ ਦੇ ਕਥਾਕਾਰ ਹੁੰਦੇ ਹੋਏ ਉਹ ਉੱਤਮ ਪੁਰਖ ਵਿਚ ਸਾਰੀ ਕਥਾ ਬਿਆਨ ਕਰਦੇ ਹਨ। ਨਾਵਲ ਦਾ ਮੁੱਖ ਆਧਾਰ ‘ਪ੍ਰਾਚੀਨ ਪੰਥ ਪ੍ਰਕਾਸ਼’ ਹੋਣ ਕਰਕੇ ਉਹ ਕਈ ਵਾਰ ਕੇਂਦਰੀ ਪਾਤਰ ਵਜੋਂ ਵੀ ਕਥਾ ਬਿਆਨ ਕਰਦੇ ਮਹਿਸੂਸ ਹੁੰਦੇ ਹਨ। ਤਕਰੀਬਨ ਸਾਰੇ ਨਾਵਲ ‘ਚ ਉਹ ਸਿਰਫ਼ ਬਿਰਤਾਂਤ ਸਿਰਜਣ, ਬਿਆਨਣ ‘ਚ ਮਹਿਦੂਦ ਰਹਿੰਦੇ ਹਨ; ਨਾਵਲ ਵਿਚਲੀਆਂ ਘਟਨਾਵਾਂ ਤੇ ਸਥਿਤੀਆਂ ‘ਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੁੰਦੀ।
ਨਾਵਲਕਾਰ ਦੀ ਰਚਨਾ ਜੁਗਤ ਬਾਰੇ ਦੇਖਦਿਆਂ ਉਸਦੇ ਗਲਪ ਸਿਰਜਣਾ ਬਾਰੇ ਗੱਲ ਕਰਦਿਆਂ ਨਾਵਲ ਦੇ ਅਨੇਕਾਂ ਪ੍ਰਸੰਗਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਜਿੰਨ੍ਹਾਂ ਵਿਚ ਆਪਣੀ ਯੋਗਤਾ ਤੇ ਨਿਪੁੰਨਤਾ ਦਾ ਪ੍ਰਮਾਣ ਦਿੰਦੇ ਹੋਏ ਉਸਨੇ ਕਮਾਲ ਦਾ ਬਿਰਤਾਂਤ ਪੇਸ਼ ਕੀਤਾ ਹੈ। ਜਿਵੇਂ ਨਵਾਬ ਕਪੂਰ ਸਿੰਘ ਬਾਰੇ ਗੱਲ ਕਰਦਿਆਂ ਉਹਨਾਂ ਦੀਆਂ ਬਚਪਨ ਦੀਆਂ ਖੇਡਾਂ ਦਾ ਜ਼ਿਕਰ, ਨਵਾਬੀ ਵੇਲੇ ਜਥੇਦਾਰ ਜੀ ਤੇ ਬਾਕੀ ਸਿੱਖਾਂ ਵਿਚਾਲੇ ਗੱਲਬਾਤ, ਕਪੂਰ ਸਿੰਘ ਗੁਰੂ-ਪੰਥ ਦੇ ਨਵਾਬੀ ਪ੍ਰਵਾਨ ਕਰਨ ਦੇ ਹੁਕਮ ਨੂੰ ਮੰਨਦੇ ਹੋਏ ਪੰਜਾਂ ਪਿਆਰਿਆਂ ਦੇ ਚਰਨੀ ਛੁਹਾ ਕੇ ਪ੍ਰਾਪਤ ਕਰਨਾ ਅਤੇ ਅਕਾਲ ਬੁੰਗੇ ਬਾਣੀ ਪੜ੍ਹਦੇ ਸਿੱਖ ਰਾਹੀਂ ਸਤਿਗੁਰਾਂ ਦੇ ਹੁਕਮ ਮਿਲਣ ਦੇ ਪ੍ਰਸੰਗ ਨੂੰ ਗਾਲਪਨਿਕ ਢੰਗ ਨਾਲ ਪੇਸ਼ ਕਰਦਿਆਂ ਉਹ ਸਰਵ ਪ੍ਰਮਾਣਿਤ ਸਾਖੀ ਦੇ ਨਵੇਂ ਪ੍ਰਤੀਮਾਨ ਸਿਰਜਦਾ ਹੈ।
ਸਾਰੇ ਨਾਵਲ ਵਿਚ ਇਤਿਹਾਸਕ ਘਟਨਾਵਾਂ ਨੂੰ ਬਿਆਨ ਕਰਦੇ ਹੋਏ ਗੁਰਬਾਣੀ ਦੀਆਂ ਪੰਕਤੀਆਂ ਦੇ ਹਵਾਲੇ ਦੇਣ ਦਾ ਢੰਗ ਨਾਵਲਕਾਰ ਦੀ ਗਲਪ-ਜੁਗਤ ਦੀ ਗਹਿਰਾਈ ਬਾਰੇ ਦੱਸਦਾ ਹੈ। ਉਹ ਇੰਝ ਸਾਖੀਆਂ ਵਿਚ ਗੁਰਬਾਣੀ ਦਾ ਹਵਾਲਾ ਦਿੰਦਾ ਹੋਇਆ ਇਸ ਤੱਥ ਦੀ ਗਵਾਹੀ ਵੀ ਭਰਦਾ ਹੈ ਕਿ ਸਾਰਾ ਸਿੱਖ ਇਤਿਹਾਸ ਗੁਰਬਾਣੀ ਦੇ ਓਟ ਆਸਰੇ ਨਾਲ ਚੱਲਦਿਆਂ ਗੁਰਬਾਣੀ ਵਿਚਲੇ ਸੰਦੇਸ਼ਾਂ ਦੀ ਹੀ ਪ੍ਰਕਾਸ਼ਮਾਨਤਾ (Manifestation) ਹੈ।
ਮਿਸਾਲ ਦੇ ਤੌਰ ‘ਤੇ ਨਵਾਬ ਕਪੂਰ ਸਿੰਘ ਵੱਲੋਂ ਜੱਸਾ ਸਿੰਘ (ਆਹਲੂਵਾਲੀਆ) ਦੇ ਮਾਤਾ ਜੀ ਤੋਂ ਉਹਨਾਂ ਨੂੰ ਪੰਥ ਦੇ ਸਪੁਰਦ ਕਰਨ ਦੀ ਮੰਗ ਹੱਸਕੇ ਮੰਨਦਿਆਂ, ਗੁਰਬਾਣੀ ਦੀ ਜੋ ਸਿਖਿਆ ਮਾਤਾ ਜੀ ਦੀ ਸੁਰਤਿ ਵਿਚ ਧਰਵਾਸ ਦੇ ਰਹੀ ਸੀ, ਉਹ ਸ਼ਬਦ ਕੀਰਤਨ ਕਰਦੇ ਰਾਗੀ ਸਿੰਘ ਦੁਆਰਾ ਪੜ੍ਹੇ ਜਾਣਾ, ਗੁਰਬਾਣੀ ਰਾਹੀਂ ਬਖਸ਼ੀ ਖਾਲਸ-ਨਿਆਂ ਦੀ ਭਾਵਨਾ ਜੋ ਗੁਰੂ-ਪੰਥ ਦੇ ਚੇਤਿਆਂ ਵਿਚ ਉਕਰੀ ਹੋਈ ਹੈ, ਉਸਦਾ ਮੱਸੇ ਦਾ ਸਿਰ ਵੱਢਣ ਪਿਛੋਂ ਸਿੰਘਾਂ ਦੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਤੁਰਦਿਆਂ ਸੂਖਮ ਰੂਪ ਵਿਚ ਸ਼ਹੀਦ ਸਿੰਘਾਂ ਵੱਲੋਂ ਗਾਏ ਜਾਣ ਦਾ ਦ੍ਰਿਸ਼ ਨਾਵਲ ਵਿਚ ਪੇਸ਼ ਕਰਨਾ, ਖਾਲਸੇ ਦਾ ਬਚਨਾਂ ਦੇ ਬਲੀ ਹੋਣ ਦੀ ਦ੍ਰਿੜ੍ਹਤਾ ਪਿਛਲੇ ਸਿਧਾਂਤ ਨੂੰ ਹੁਕਮਨਾਮਾ ਸਾਹਿਬ ਲੈਣ ਵਾਲੇ ਸਿੰਘ ਤੋਂ ਮੰਗਲਾਚਰਨ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕਿਲਾ ਰਾਮਰੌਣੀ ਦੇ ਉਸਰਣ ਵੇਲੇ ਸਮੁੱਚੇ ਸਿੱਖਾਂ ਦੀ ਭਾਵਨਾ ਨੂੰ ਇੱਟਾਂ ਦੀ ਸੇਵਾ ਕਰਦੇ ਸਿੱਖ ਵੱਲੋਂ ਪੜ੍ਹੇ ਸ਼ਬਦ ਰਾਹੀਂ ਪਾਠਕ ਨੂੰ ਮੁਖਾਤਿਬ ਕਰਾਉਣਾ, ਹਰੇਕ ਸਿੱਖ ਵਾਂਙ ਲਾੜੀ ਮੌਤ ਨੂੰ ਵਿਆਹ ਸ਼ਹਾਦਤ ਪ੍ਰਾਪਤ ਕਰਨ ਦਾ ਇਰਾਦਾ ਰੱਖੀ ਬੈਠੇ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ ਗੁਰਬਾਣੀ ਵਿਚਲੇ ਅਧਿਆਤਮਕ ਵਿਆਹ ਦੇ ਪ੍ਰਸੰਗ ਵਿਚ ਪੇਸ਼ ਕਰਨਾ, ਸਿੰਘਾਂ ਦੁਆਰਾ ਘੋੜੀਆਂ ਬਾਣੀ ਗਾਈ ਜਾਣੀ, ਗਿਲਜ਼ਿਆਂ ਦੇ ਪਹਿਲੇ ਜੱਥੇ ਨੂੰ ਮੌਤ ਦੇ ਘਾਟ ਉਤਾਰਣ ਵੇਲੇ ਉਹਨਾਂ ਦੇ ਜਜ਼ਬੇ ਪਿਛੇ ਕਾਰਜਸ਼ੀਲ ਗੁਰਬਾਣੀ ਦੀ ਸਿੱਖਿਆ ਦਾ ਅਕਾਲ ਬੁੰਗੇ ‘ਤੋਂ ਰਾਗੀ ਸਿੰਘਾਂ ਦੁਆਰਾ ਗਾਇਨ ਕਰਨਾ ਅਤੇ ਸਿੰਘਾਂ ਦੇ ਯੁੱਧ ਕਰਦੇ ਹੋਏ ਉਹਨਾਂ ਦੁਆਰਾਂ ਹੀ ਲਾਵਾਂ ਦਾ ਕੀਰਤਨ ਕਰਨਾ ਪੇਸ਼ ਕੀਤੇ ਪ੍ਰਕਰਣ ਨੂੰ ਕਿਤੇ ਵੀ ਦ੍ਰਿਸ਼ਟਾਂਤ ਤੋਂ ਬਾਹਰ ਨਹੀਂ ਹੋਣ ਦਿੰਦਾ। ਇਹ ਕੁਝ ਕੁ ਹਵਾਲੇ ਨਾਵਲਕਾਰ ਦੀ ਬਿਰਤਾਂਤ-ਜੁਗਤ ਦੇ ਨਾਲ ਇਤਿਹਾਸ ਪ੍ਰਤੀ ਸਮਝ ਨੂੰ ਬਿਆਨ ਕਰਦੇ ਹਨ। ਉਸਨੇ ਇਤਿਹਾਸਕ ਕਾਰਜ ਕਰਦੇ ਸਿੰਘਾਂ ਦੇ ਮਨੋਬਿਰਤੀਆਂ ‘ਚ ਕਾਰਜਸ਼ੀਲ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਿੱਧੇ ਪੇਸ਼ ਕਰਨ ਤੋਂ ਗੁਰੇਜ਼ ਕਰਦੇ ਹੋਏ, ਗਾਲਪਨਿਕ ਢੰਗ ਨਾਲ, ਉਸ ਘਟਨਾ ਵਿਚ ਹੀ ਰਚਾ ਦਿੱਤਾ ਗਿਆ, ਜਿਸ ਨਾਲ ਕਥਾ ਵਿਚ ਹੋਰ ਸਹਿਜ ਹੋਈ ਹੈ।
ਸਿੱਖ ਹਰ ਵੇਲੇ, ਹਰ ਕੰਮ ਤੋਂ ਪਹਿਲਾਂ ਸਤਿਗੁਰਾਂ ਅੱਗੇ ਅਰਦਾਸ ਕਰਦੇ ਹਨ। ਇਸ ਸਿਧਾਂਤ ਦਾ ਬਹੁਤ ਬਾਰੀਕੀ ਨਾਲ ਧਿਆਨ ਰੱਖਿਆ ਗਿਆ ਹੈ, ਤਕਰੀਬਨ ਹਰ ਦ੍ਰਿਸ਼ਟਾਂਤ ਵਿਚ ਹਰੇਕ ਕਾਰਜ ਦੀ ਆਰੰਭਤਾ ਵੇਲੇ ਕੀਤੀ ਗਈ ਅਰਦਾਸ ਦੇ ਬਿੰਬ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਇਸ ਨਾਵਲ ਵਿਚ ਭਾਈ ਮਨੀ ਸਿੰਘ ਦੀ ਗੁਰੂ-ਪੰਥ ਦੇ ਬਚਨਾਂ ‘ਤੇ ਖਰੇ ਉਤਰਣ ਦੀ ਅਰਜ਼ੋਈ ਪੂਰੀ ਕਰਨ ਲਈ, ਕਪੂਰ ਸਿੰਘ ਨੂੰ ਨਵਾਬੀ ਦੇਣ ਵੇਲੇ, ਜ਼ਕਰੀਆ ਖਾਂ ਦੇ ਹਮਲਿਆਂ ਦਾ ਜਵਾਬ ਦੇਣ ਵੇਲੇ, ਮੱਸੇ ਰੰਘੜ ਦਾ ਸਿਰ ਵੱਢਣ ਲਈ ਤੁਰਨ ਵੇਲੇ, ਗਿਲਜੇ ਨਾਲ ਮੱਥਾ ਲਾਉਣ ਵੇਲੇ, ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੰਗਾਰ ਨੂੰ ਪੂਰਾ ਕਰਨ ਲਈ ਤੁਰਨ ਵੇਲੇ, ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦ ਹੋਣ ਦੇ ਬਚਨ ਪੂਰਾ ਕਰਾਉਣ ਲਈ, ਲੰਗਰ ਚੱਲਦੇ ਰੱਖਣ ਤੇ ਸਿਰਾਂ ਬਦਲੇ ਸੇਵਾ ਕਰਨ ਦਾ ਸਿਦਕ ਬਖਸ਼ਣ ਦੀ ਮੰਗ ਵੇਲੇ, ਸੁੱਖਾ ਸਿੰਘ ਤੇ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦ ਹੋਣ ਵੇਲੇ ਅਤੇ ਹੋਰ ਵੀ ਕਈ ਸਾਖੀਆਂ ਵਿਚ ਸਤਿਗੁਰਾਂ ਅੱਗੇ ਕੀਤੀ ਅਰਦਾਸ ਦੇ ਵਿਸ਼ੇਸ਼ ਜ਼ਿਕਰ ਨੂੰ, ਨਾਵਲਕਾਰ ਵੱਲੋਂ ਗੁਰੂ-ਖਾਲਸਾ ਜੀ ਦੇ ਇਤਿਹਾਸ ਨੂੰ ਹੂ-ਬ-ਹੂ ਬਿਆਨ ਕਰਨ ਦੀ ਸੁਚੱਜੀ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਚੈਖੋਵ ਕਹਿੰਦਾ ਹੈ ਕਿ ਜੇ ਕਹਾਣੀ ਦੇ ਆਰੰਭ ਵਿਚ ਕੋਈ ਜਣਾ ਕੰਧ ਵਿਚ ਕਿੱਲ ਠੋਕਦਾ ਹੈ ਤਾਂ ਅੰਤ ਵਿਚ ਹੀਰੋ ਨੂੰ ਇਸੇ ਕਿੱਲ ਨਾਲ ਲਟਕ ਕੇ ਮਰਨਾ ਪਵੇਗਾ। ਇਸ ਤੋਂ ਇਹ ਭਾਵ ਸਹਿਜੇ ਲਿਆ ਜਾ ਸਕਦਾ ਹੈ ਕਿ ਨਾਵਲ ਵਿਚਲੀ ਹਰੇਕ ਨਿੱਕੀ ਜਿੰਨੀ ਇਕਾਈ ਮਹੱਤਵਪੂਰਨ ਹੈ; ਇਸ ਨਾਵਲ ਵਿਚ ਸਾਨੂੰ ਇਹੀ ਲਗਾਤਾਰਤਾ ਦੇਖਣ ਨੂੰ ਮਿਲਦੀ ਹੈ, ਕਾਲਪਨਿਕ ਪਾਤਰ ਕੰਦੀ ਬਾਬਾ, ਦਸ਼ਮੇਸ਼ ਪਿਤਾ ਵੱਲੋਂ ਨਾਮ ਬਦਲੇ ਜਾਣ ‘ਤੇ ਆਏ ਅਕੱਥ ਬਦਲਾਵ ਨੂੰ ਪੇਸ਼ ਕਰਦਾ ਤਾਂ ਇਸਦੀ ਨਿਰੰਤਰਤਾ ਵਿਚ ਹੀ ਨਵਾਬ ਕਪੂਰ ਸਿੰਘ ਵੱਲੋਂ ਢਹਿੰਦੀ ਕਲਾ ਵਾਲੇ ਨਾਮ ਬਦਲਣ ਦਾ ਪ੍ਰਸੰਗ ਪੇਸ਼ ਕੀਤਾ ਗਿਆ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਪ੍ਰਾਸਰੀਰਕ ਪ੍ਰਸੰਗ ਸਿਰਜਦੇ ਹੋਏ ਨਾਵਲਕਾਰ ਸਿੱਖ ਯਾਦ ਦੇ ਹਵਾਲੇ ਨਾਲ ਬਿਆਨਦਾ ਹੈ ਕਿ ਉਹਨਾਂ ਨੂੰ ਸ਼ਹੀਦ ਸਿੰਘ ਲੈਣ ਆਏ ਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਡਿਊਢੀਦਾਰ ਦੀ ਸੇਵਾ ਬਖਸ਼ੀ ਗਈ।
ਭਾਈ ਤਾਰੂ ਸਿੰਘ ਦੀ ਸ਼ਹਾਦਤ ਵੇਲੇ ਜਦੋਂ ਉਹਨਾਂ ਨੂੰ ਦੂਜੇ ਪਾਸੇ ਦੇ ਡਿਊਢੀਦਾਰ ਦੀ ਸੇਵਾ ਪ੍ਰਾਪਤ ਹੋਣ ਵੇਲੇ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰਕੇ, ਫਿਰ ਇਹ ਦੋਵੇਂ ਸ਼ਹੀਦ ਸਿੰਘਾਂ ਦਾ ਬਾਕੀ ਸ਼ਹੀਦ ਸਿੰਘਾਂ ਨਾਲ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈਣ ਆਉਣ ਦਾ ਪ੍ਰਸੰਗ ਪੇਸ਼ ਕਰਕੇ ਲਿਖਤ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਗਿਆ ਹੈ। ਬਾਬਾ ਸੁੱਖਾ ਸਿੰਘ ਦਾ ਅਬਦਾਲੀ ਤੇ ਉਸਦੀ ਫੌਜ ਦੇ ਗਿਲਜ਼ਿਆਂ ਨਾਲ ਮੱਥਾ ਲੱਗਦਾ ਹੈ ਤਾਂ ਨਾਵਲਕਾਰ ਇਹ ਜ਼ਿਕਰ ਕਰਨਾ ਨਹੀਂ ਭੁੱਲਦਾ ਕਿ ਇਹ ਗਿਲਜ਼ੇ ਆਪਣੇ ਸਾਥੀ ਦਾ ਬਾਬਾ ਸੁੱਖਾ ਸਿੰਘ ਨੂੰ ਵੰਗਾਰਕੇ ਉਹਨਾਂ ਨਾਲ ਯੁੱਧ ਕਰ, ਇਸ ਜਹਾਨੋਂ ਕੂਚ ਕਰ ਜਾਣ ਨੂੰ ਨਹੀਂ ਭੁੱਲੇ ਹਨ। ਉਹ ਬਾਬਾ ਸੁੱਖਾ ਸਿੰਘ ਦੇ ਕਾਹਨੂੰਵਾਨ ਦੇ ਜੰਗਲਾਂ ਵਿਚ ਜੰਗ ਦੌਰਾਨ ਫੱਟੜ ਹੋਣ ਕਰਕੇ ਘੋੜੇ ਦੇ ਹੰਨੇ ਨਾਲ ਬੰਨ੍ਹੀ ਲੱਤ ਨੂੰ ਮਾਲਵੇ ਵਿਚ ਜੈਤੋਂ ਪਿੰਡ ਜਾਕੇ ਉਤਾਰਾ ਕਰਨ ਵੇਲੇ ਖੁਲਵਾਉਣ ਦਾ ਜ਼ਿਕਰ ਵੀ ਇਸੇ ਲਗਾਤਾਰਤਾ ਨੂੰ ਕਾਇਮ ਰੱਖਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਸੰਗ ਸਿਰਜਦਾ ਨਾਵਲਕਾਰ ਆਪਣੇ ਪ੍ਰਕਰਣ ਨੂੰ ਵਿਸਾਰਦਾ ਨਹੀਂ ਤੇ ਪਾਠਕ ਦੇ ਚੇਤਿਆਂ ‘ਚ ਉਸ ਦੁਆਰਾ ਸਿਰਜੇ ਗਾਲਪਨਿਕ ਬਿੰਬ ਗਹਿਰਾ ਅਸਰ ਰੱਖਦੇ ਹਨ। ਉਸਦੀ ਬਿਰਤਾਂਤ ਘੜ੍ਹਦਾ ਗਾਲਪਨਿਕ ਰਚਨਾ ਜੁਗਤ ਤੋਂ ਭਲੀ-ਭਾਂਤ ਵਾਕਫ਼ ਮਹਿਸੂਸ ਹੁੰਦਾ ਹੈ ਤੇ ਕਥਾ ਦੌਰਾਨ ਹਰੇਕ ਨਿੱਕੀ ਇਕਾਈ ਦੇ ਮਹੱਤਵ ਨੂੰ ਸਮਝਦਾ ਹੈ।
ਨਾਵਲਕਾਰ ਦੇ ਗਲਪ-ਜੁਗਤ ਦੀ ਅਨੇਕਾਂ ਹੋਰ ਮੁਹਾਰਤਾਂ ਦੀ ਪੇਸ਼ਕਾਰੀ ਇਸ ਨਾਵਲ ਰਾਹੀਂ ਹੋਈ ਹੈ। ਭਾਵੇਂ ਉਹ ਦਿਨਾਂ, ਮਹੀਨਿਆਂ ਤੇ ਸਾਲਾਂ ਦੀ ਬੇਰਸ ਗਿਣਤੀ ਤੋਂ ਬਾਹਰ ਰਹਿੰਦਾ ਹੈ ਪਰ ਕਈ ਸਾਖੀਆਂ ਵਿਚ ਉਸ ਘਟਨਾ ਦੇ ਵਾਪਰਨ ਦਾ ਸਮਾਂ, ਚਲਦੀ ਕਥਾ ਵਿੱਚੋਂ ਸਹਿਜੇ ਹੀ ਪਤਾ ਲੱਗਦਾ ਹੈ। ਗਲਪ ਰਚਨਾ ਵਿਚ ਕਥਾ-ਕਾਲ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਇਸ ਨਾਵਲ ਵਿਚ ਬਾਬਾ ਬੋਤਾ ਸਿੰਘ ਗਰਜਾ ਸਿੰਘ ਵੱਲੋਂ ਨੂਰਦੀਨ ਦੀ ਸਰਾਂ ‘ਤੇ ਸਰਕਾਰ ਦੇ ਹੰਕਾਰ ਨੂੰ ਭੰਨਣ ਲਈ, ਰਾਹਗੀਰਾਂ ਤੋਂ ਕਰ ਵਸੂਲਣ ਵਾਸਤੇ ਲਾਏ ਨਾਕੇ ਕਰਕੇ ਹੋਏ ਯੁੱਧ ਦਾ ਹਾਲ ਦੱਸਦੇ ਹੋਏ ਲੜ੍ਹਾਈ ਦੇ ਸ਼ੁਰੂ ਵਿਚ ਸਿੰਘਾਂ ਨੂੰ ‘ਜਾਪ ਸਾਹਿਬ’ ਦਾ ਪਾਠ ਆਰੰਭ ਕਰਦੇ ਤੇ ਸ਼ਹਾਦਤ ਹੋਣ ਵੇਲੇ ਜਾਪ ਸਾਹਿਬ ਦੀਆਂ ਆਖਰੀ ਪੰਕਤੀਆਂ ਦਾ ਪਾਠ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਜੰਗ ਦੀ ਅਵਧੀ ਸਾਨੂੰ ਸਾਖੀ ਦੀ ਪੇਸ਼ਕਾਰੀ ਤੋਂ ਪਤਾ ਲੱਗ ਜਾਂਦਾ ਹੈ।
ਭਾਈ ਮਨੀ ਸਿੰਘ ਦੀ ਸ਼ਹਾਦਤ ਵੇਲੇ, ਉਹਨਾਂ ਦੇ ਬੰਦ-ਬੰਦ ਕੱਟੇ ਜਾਣ ਜਾਣ ਦੀ ਸਾਖੀ ਦਾ ਸਮਾਂ ਵੀ ਕਥਾ ਬਿਆਨ ਕਰਦੀ ਹੈ, ਨਾਵਲ ਵਿਚ ਜਲਾਦ ਦੇ ਬੰਦ ਕੱਟਣ ਲੱਗਿਆਂ ਉਹ ‘ਸੁਖਮਨੀ ਸਾਹਿਬ’ ਦਾ ਪਾਠ ਕਰ ਰਹੇ ਹਨ ਤੇ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤਾਂ ਸੰਗਤ ਉਹਨਾਂ ਦੇ ਮੁੱਖੋਂ ਸੁਖਮਨੀ ਸਾਹਿਬ ਜੀ ਦੀ 14ਵੀਂ ਅਸ਼ਟਪਦੀ ਸੁਣਦੀ ਹੈ। ਭਾਈ ਤਾਰੂ ਸਿੰਘ ਜੀ ਦੀ ਕੇਸਾਂ ਸਮੇਤ ਖੋਪੜੀ ਉਤਾਰਣ ਵੇਲੇ ਉਹ ‘ਜਪੁਜੀ ਸਾਹਿਬ’ ਦਾ ਪਾਠ ਆਰੰਭ ਕਰਦੇ ਹਨ ਤੇ ਖੋਪੜੀ ਉਤਰਣ ਵੇਲੇ ਉਹ ਜਪੁਜੀ ਸਾਹਿਬ ਦਾ ਪਾਠ ਸਮਾਪਤ ਕਰ ਲੈਂਦੇ ਹਨ। ਜਦੋਂ ਬਾਬਾ ਸੁੱਖਾ ਸਿੰਘ, ਗਿਲਜ਼ੇ ਦੇ ਖ਼ਾਲਸੇ ਨੂੰ ਮਾਰੀ ਵੰਗਾਰ ਦੇ ਜਵਾਬ ਵਿਚ ਯੁੱਧ ਕਰਨ ਜਾਂਦੇ ਹਨ ਤਾਂ ਉਹ ਭੁਝੰਗੀ ਚੜ੍ਹਤ ਸਿੰਘ ਨੂੰ ਉਸੇ ਵੇਲੇ ‘ਚੰਡੀ ਦੀ ਵਾਰ’ ਆਰੰਭ ਕਰਨ ਲਈ ਕਹਿੰਦੇ ਹੋਏ ਅਤੇ ਇਕ ਬਜ਼ੁਰਗ ਬਾਬਾ ਜੀ ਨੂੰ ਨਾਲ ਹੀ ਵਾਰ ਦੀ ਕਥਾ ਆਰੰਭ ਕਰਦੇ ਬਿਆਨ ਕੀਤਾ ਗਿਆ ਹੈ।
ਸੋਹਣੇ ਅੰਦਾਜ਼ ਨਾਲ ਸਾਰੇ ਪ੍ਰਸੰਗ ਵਿਚ ਜਾਪ ਹੂ-ਬ-ਹੂ ਨਾਲ ਚਲਦਾ ਹੈ ਤੇ ਵੀਹ ਪਉੜੀਆਂ ਦੇ ਜਾਪ ਵਿਚ ਹੀ ਉਹ ਮੈਦਾਨ ਫਤਹਿ ਕਰ ਲੈਂਦੇ ਹਨ। ਨਾਵਲਕਾਰ ਨੇ ਵੀਹ ਪਉੜੀਆਂ ਦੇ ਸ਼ਬਦ ਅਰਥਾਂ ਨੂੰ ਚੱਲਦੇ ਯੱਧ ਦੀ ਪਿੱਠ ਭੂਮੀ ਬਣਾਕੇ ਪੇਸ਼ ਕੀਤਾ ਹੈ ਤੇ ਅੰਤ ਵਿਚ ਜਿਵੇਂ ਚੰਡੀ ਦੀ ਵਾਰ ਵਿਚ ਜਿਵੇਂ ਦੁਰਗਾ ਮਹਿਖੇ ਦੈਂਤ ਦੇ ਢਿੱਡ ਵਿਚ ਵਾਰ ਮਾਰਦੀ ਹੈ ਕੁਝ ਉਸ ਤਰਜ਼ ‘ਤੇ ਬਾਬਾ ਸੁੱਖਾ ਸਿੰਘ ਗਿਲਜ਼ੇ ਦੇ ਵਾਰ ਕਰਦੇ ਹਨ। ਜਿਥੇ ਇਹ ਅੰਦਾਜ਼ ਯੁੱਧ ਦੇ ਕਾਲ-ਖੰਡ ਨੂੰ ਪੇਸ਼ ਕਰਦਾ ਹੈ, ਉਥੇ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗੁਰਸਿੱਖ ਆਪਣੇ ਜੀਵਨ ਵਿਚ ਬਾਣੀ ਨੂੰ ਜੀਵਦੇ ਵੀ ਹਨ। ਇਹ ਇਤਿਹਾਸਕ ਸਾਖੀਆਂ, ਸਮੂਹ ਗੁਰੂ-ਪੰਥ ਦੇ ਚੇਤਿਆਂ ਵਿਚ ਸਜੀਵ ਹਨ, ਜਿਸ ਗਲਪ-ਜੁਗਤ ਨਾਲ ਇਹਨਾਂ ਨੂੰ ਇਸ ਨਾਵਲ ਨੇ ਪੇਸ਼ ਕੀਤਾ ਹੈ, ਉਸ ਕਰਕੇ ਇਹ ਪਾਠਕ ਨੂੰ ਵੱਖਰੀ ਤਰ੍ਹਾਂ ਟੁੰਬਦੀਆਂ ਹਨ।
ਇਸ ਇਤਿਹਾਸਕ ਨਾਵਲ ਵਿਚ ਕੁਝ ਥਾਵਾਂ ‘ਤੇ ਨਾਵਲਕਾਰ ਨੇ ਬਿਰਤਾਂਤ ਦੀ ਰਵਾਨੀ ਲਈ ਆਪਣੀ ਕਾਲਪਨਿਕਤਾ ਦਾ ਸਹਾਰਾ ਵੀ ਲਿਆ ਹੈ। ਨਾਵਲ ਦੇ ਆਰੰਭ ਵਿਚ ਨਿਹੰਗ ਕੁਦਰਤ ਸਿੰਘ ਬਾਬਾ ਕੰਦੀ, ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਕਥਾ ਵਿਚ ਮਸਤਾਨਾ, ਰਾਮਰੌਣੀ ਕਿਲਾ ਦੀ ਉਸਾਰੀ ਵੇਲੇ ਸੁਣਾਈ ਜਾ ਰਹੀ ਭਾਈ ਮੰਝ ਜੀ ਦੀ ਸਾਖੀ ਵਿਚ ਲੱਕੜਾਂ ਅਤੇ ਨਾਵਲ ਦੇ ਅਖੀਰਲੇ ਪ੍ਰਸੰਗ ਵਿਚ ਹੂਰਪਰੀ ਆਦਿ ਕਾਲਪਨਿਕ ਪਾਤਰ ਇਸ ਨਾਵਲ ਵਿਚ ਦੇਖਣ ਨੂੰ ਮਿਲਦੇ ਹਨ। ਇਹਨਾਂ ਰਾਹੀਂ ਨਾਵਲਕਾਰ ਆਪਣੀ ਕਾਲਪਨਿਕਤਾ ਨਾਲ ਬਿਰਤਾਂਤ ਦੀ ਬਣਤਰ ਤੇ ਤੋਰ ਨੂੰ ਹੋਰ ਰਵਾਂਦਾਰ ਬਣਾਉਂਦਾ ਹੈ।
ਇਸ ਨਾਵਲ ਦੀ ਬਿਰਤਾਂਤਕਾਰੀ ਕਰਦਿਆਂ ਨਾਵਲਕਾਰ ਭਾਸ਼ਕ-ਜੁਗਤਾਂ ਦੀ ਸੁਚੱਜੀ ਵਰਤੋਂ ਕਰਦਾ ਹੈ, ਇਸ ਵਿਚ ਉਸਨੇ ਕਈ ਮੁਹਾਵਰੇ, ਮਿੱਥਾਂ, ਅਖਾਣਾਂ ਤੇ ਅਲੰਕਾਰ ਵਰਤੇ ਹਨ। ਇਹਨਾਂ ਪ੍ਰਚਲਿਤ ਬਿਰਤਾਂਤ-ਰੂਪਾਂ ਨੂੰ ਸਰਲ-ਬਿਰਤਾਂਤ ਕਹਿੰਦੇ ਹੋਏ ਡਾ. ਹਰਿਭਜਨ ਸਿੰਘ ਕਹਿੰਦੇ ਹਨ, “ਲਤੀਫਾ, ਸੰਸਮਰਣ, ਕੇਸ, ਅਖਾਣ, ਮਿੱਥ, ਲੋਕ-ਕਹਾਣੀ, ਬੁਝਾਰਤ ਆਦਿ ਇਹੋ ਜੇਹੇ ਹੀ ਸਰਲ ਰੂਪ ਹਨ ਜੋ ਸਾਡੇ ਵਾਸਤਵਿਕ ਜੀਵਨ ਵਰਤਾਰੇ ਨਾਲ ਰਚੇ-ਮਿਚੇ ਹਨ। ਜਦੋਂ ਇਹਨਾਂ ਨੂੰ ਅਸੀਂ ਨਾਵਲ ਵਿਚ ਪਛਾਣਦੇ ਹਾਂ ਤਾਂ ਨਾਵਲ ਵੀ ਸਾਨੂੰ ਆਪਣੇ ਵਾਸਤਵਿਕ ਜਗਤ ਵਰਗਾ ਲੱਗਦਾ ਹੈ।”17 ਨਾਵਲ ਵਿਚ ਇਹਨਾਂ ਦੀ ਵਰਤੋਂ ਪਾਠਕ ਨੂੰ ਉਸ ਇਤਿਹਾਸਕ ਕਾਲ-ਖੰਡ ਦੇ ਹੋਰ ਨੇੜੇ ਲੈ ਜਾਂਦੀ ਹੈ, ਜਿਵੇਂ “ਖਾਲਾ ਜੀ ਦਾ ਵਾੜਾ, ਕਾਵਾਂ ਦੀ ਪੰਚਾਇਤ, ਲੱਕੜ ਨਾਲ ਲੱਗ ਲੋਹਾ ਵੀ ਤਰ ਜਾਏ, ਸਿਆਪੇ ਦੀ ਨੈਣ, ਜਿਵੇਂ ਕੋਈ ਚੁੱਪ ਚਪੀਤੇ ਵੇਲ ਨਾਲੋਂ ਕੱਦੂ ਤੋੜ ਲੈਂਦਾ, ਮਤੀਰੇ ਵਾਂਗੂੰ ਖਿਲਰਦੀ ਖੋਪੜੀ, ਜੰਗਾਲੇ ਛੁਰੇ ਵਾਂਗੂੰ ਖੁੱਭਣ, ਸੱਤੇ ਸਹਿਆਂ ਤੇ ਬਘਿਆੜ ਪੈਣਾ, ਕਿਸ ਖੇਤ ਦੀ ਮੂਲੀ, ਆਸਮਾਨ ਚੋਂ ਬਾਜਾਂ ਵਾਂਗ ਝਪਟੇ ਤੇ ਚੀਤੇ ਦੀ ਰਫਤਾਰ ਨਾਲ ਸ਼ਿਕਾਰ ਕਰ ਦੌੜੇ ਤੇ ਜੇ ਦੁਸ਼ਮਣ ਸ਼ਹਿਦ ਦਿੱਤਿਆਂ ਮਰਦਾ ਹੋਵੇ ਤਾਂ ਜ਼ਹਿਰ ਅਜਾਈਂ ਖਰਾਬ ਕਰਨਾ, ਬਾਜ਼ ਕਿੱਕਰਾਂ ਤੇ ਕਦੇ ਆਲਣੇ ਨਹੀਂ ਪਾਉਂਦੇ ਆਦਿ” ਪ੍ਰਸੰਗ ਦੀ ਬਿਰਤਾਂਤਕਾਰੀ ਕਰਦਿਆਂ ਵਰਤੇ ਇਹ ਅਖਾਣ, ਮੁਹਾਵਰੇ ਇਸ ਇਤਿਹਾਸਕ ਨਾਵਲ ਦੀ ਭਾਸ਼ਿਕ ਬਣਤਰ ਦੀ ਨੁਹਾਰ ਪੇਸ਼ ਕਰਦੇ ਹਨ, ਕਈ ਥਾਵਾਂ ‘ਤੇ ਪੁਰਾਣੇ ਅਖਾਣਾਂ ਨੂੰ ਵੱਖਰੇ ਪ੍ਰਸੰਗ ਵਿਚ ਵਰਤਦਾ ਹੋਇਆ ਨਾਵਲਕਾਰ ਨਵੇਂ ਅਰਥਾਂ ਦੀ ਦਰਿਆਫ਼ਤ ਕਰਦਾ ਹੈ।
ਇਹਨਾਂ ਸਰਲ-ਬਿਰਤਾਂਤਾਂ ਤੋਂ ਇਲਾਵਾ ਕਈ ਠੇਠ ਮਲਵਈ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਵੀ ਕਰਦਾ ਹੈ, ਜਿਵੇਂ ਕੋਸ਼ਟ, ਜਰਵਾਣਾ, ਛਿੱਥੇ, ਮਿੱਤ, ਗਿੱਝਣਾ, ਢੀਮਾਂ, ਭਿਆਂ, ਯੱਬ, ਦਵੱਲਣਾ, ਕਰਾੜ ਤੇ ਕੰਢ ਆਦਿ ਸ਼ਬਦ ਨਾਵਲ ਵਿਚ ਕਈ ਵਾਰ ਦੇਖਣ ਨੂੰ ਮਿਲਦੇ ਹਨ। ਇਹਨਾਂ ਤੋਂ ਇਲਾਵਾ ਮੀਰ ਮੰਨੂ ਦੀ ਜੇਲ ਵਿਚ ਇਕ ਸ਼ਹੀਦ ਹੋਣ ਵਾਲੇ ਬੱਚੇ ਦਾ, ਬਾਲ ਜੱਸਾ ਸਿੰਘ ਦੇ ਵਾਰਤਲਾਪ ਨੂੰ ਬੱਚਿਆਂ ਦੀ ਤੋਤਲੀ ਆਵਾਜ਼ ਲੇਖਣੀ ਵਿਚ ਪੇਸ਼ ਕਰਨਾ ਪਾਠਕ ਦੀ ਬਿਰਤਾਂਤ ਪ੍ਰਤੀ ਨੇੜਤਾ ਨੂੰ ਵਧਾਉਂਦਾ ਹੈ। ਜਗਦੀਪ ਪਾਠਕ ਦੇ ਗਿਆਨ ਵਿਚ ਵਾਧਾ ਕਰਦਾ ਹੋਇਆ ਨਾਵਲ ਦੇ ਕਾਲ-ਖੰਡ ਦੇ ਸਮਕਾਲੀ ਕਈ ਸ਼ਬਦ ਵਰਤਦਾ ਹੈ, ਅਜੋਕੇ ਦੌਰ ਵਿਚ ਇਸ ਨਾਵਲ ਤੋਂ ਪਹਿਲਾਂ ਜਿੰਨ੍ਹਾਂ ਦੀ ਵਰਤੋਂ ਨਾ-ਮਾਤਰ ਹੀ ਸੀ, ਇਹਨਾਂ ਸ਼ਬਦਾਂ ਦੇ ਅਰਥ ਜਾਨਣ ਲਈ ਆਮ ਪਾਠਕ ਗੁਰਸ਼ਬਦ ਰਤਨਾਗਰ ਮਹਾਨਕੋਸ਼ ਨਾਲ ਜੁੜਦਾ ਹੈ ਜਿਵੇਂ ਕਿ ੳਸਨੇ ਪਿਪਲਾ, ਲਲੇਰ, ਪਦਮ, ਤੁਖਮ, ਹੌਦਾ, ਸੁੰਮਾ ਅਤੇ ਸੀਖ ਪਾਉ ਆਦਿ ਸ਼ਬਦ ਵਰਤਦੇ ਹੋਏ ਆਪਣੀ ਭਾਸ਼ਾਈ ਮੁਹਾਰਤ ਦਾ ਨਮੂਨਾ ਪੇਸ਼ ਕੀਤਾ ਹੈ।
ਨਾਵਲਕਾਰ ਗੁਰਦਿਆਲ ਸਿੰਘ ਕਹਿੰਦੇ ਹਨ, “ਪਾਤਰਾਂ ਨੂੰ ਵਸਤੂ-ਸਥਿਤੀ ਵਿਚ ਵਿਚਰਦਿਆਂ ਦਿਖਾਉਣ ਦੀ ਥਾਂ, ਉਸ ਪ੍ਰਤੀ ਉਹਨਾਂ ਦੇ ਮਾਨਸਿਕ ਪ੍ਰਤਿਕਰਮਾਂ ਨੂੰ ਚਿਤਾਰਿਆ ਜਾਂਦਾ ਹੈ, ਪਾਤਰਾਂ ਦਾ ਮਨ, ਸਕਰੀਨ ਦਾ ਕੰਮ ਕਰਦਾ ਹੈ, ਉਸ ਉਪਰ ਦੁੱਖ-ਸੁੱਖ, ਇਛਾਵਾਂ-ਨਿਰਾਸ਼ਾਵਾਂ, ਸੁਪਨੇ ਤੇ ਅਨੁਭਵ ਉਗੜੇ-ਦੁਗੜੇ ਰੂਪ ਪੇਸ਼ ਕਰਦੇ ਹਨ, ਜਿਸਨੂੰ ਤਰਤੀਬ ਬੱਧ ਕਰਦੇ ਪਾਠਕ ਦਾ ਸਿੱਧਾ ਵਾਹ ਪਾਤਰ ਦੀ ਚੇਤਨਾ ਨਾਲ ਪੈਂਦਾ ਹੈ।”18 ਇਸ ਜੁਗਤ ਨੂੰ ਵਰਤਦਿਆਂ ਹੋਇਆਂ ਇਸ ਨਾਵਲ ਵਿਚ ਕਈ ਥਾਵਾਂ ‘ਤੇ ਗਾਲਪਨਿਕ ਬਿੰਬ ਸਿਰਜਣ ਲਈ ਪਾਤਰਾਂ ਦੇ ਚੇਤਨਾ ਪ੍ਰਵਾਹ ਤੇ ਆਂਤਰਿਕ ਮਨਬਚਨੀ ਦਾ ਸਹਾਰਾ ਲਿਆ ਹੈ। ਭਾਈ ਤਾਰਾ ਸਿੰਘ ਵਾਂ ਦੇ ਡੇਰੇ ਤੇ ਹਮਲੇ ਵੇਲੇ ਸਭ ਤੋਂ ਪਹਿਲਾਂ ਫੌਜ ਦੀ ਕਨਸੋਅ ਮਿਲਣ ਤੇ ਬਾਬਾ ਬਘੇਲ ਸਿੰਘ ਦਾ ਲੜਨ ਦੀ ਬਜਾਏ ਸਿੰਘਾਂ ਨੂੰ ਜਾ ਕੇ ਖਬਰ ਦੇਣ ਦੇ ਛਿਨਭੰਗਰ ਖ਼ਿਆਲ ਵੇਲੇ ਆਪਣੇ ਆਪ ਨਾਲ ਹੋਈ ਗੱਲਬਾਤ ਨੂੰ ਪੇਸ਼ ਕਰਨਾ, ਭਾਈ ਤਾਰੂ ਸਿੰਘ ਸਿੰਘ ਦੇ ਫੜ੍ਹੇ ਜਾਣ ਤੋਂ ਬਾਅਦ, ਬਚਪਨ ‘ਚ ਇਕੱਠੇ ਸ਼ਹਾਦਤ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਜਾ ਰਹੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਮਨੋਵੇਗਾਂ ਨੂੰ ਪੇਸ਼ ਕਰਨਾ ਅਤੇ ਇਸ ਤੋਂ ਇਲਾਵਾ ਕਈ ਵਾਰ ਮੁਗਲ ਸਿਪਾਹੀਆਂ, ਨਵਾਬਾਂ, ਜਕਰੀਆ ਖਾਂ, ਨਾਦਰ ਸ਼ਾਹ ਤੇ ਅਬਦਾਲੀ ਦੇ ਮਨੋਵੇਗਾਂ ਨੂੰ ਪੇਸ਼ ਕਰਕੇ ਪਾਠਕ ਨੂੰ ਪਾਤਰਾਂ ਦੀ ਚੇਤਨਾ ਨਾਲ ਰੂ-ਬ-ਰੂ ਕਰਾਉਣ ਵਿਚ ਨਾਵਲਕਾਰ ਦੀ ਗਲਪ ਸਿਰਜਣ ਦੀ ਨਿਪੁੰਨਤਾ ਦਿਖਾਈ ਦਿੰਦੀ ਹੈ।
ਸਮੁੱਚੇ ਨਾਵਲ ਵਿਚ ਇਤਿਹਾਸਕ ਸੰਵੇਦਨਾ ਭਰਪੂਰ ਬਿਰਤਾਂਤ ਪਿੱਛੇ ਨਾਵਲਕਾਰ ਦੀ ਇਤਿਹਾਸ ਪ੍ਰਤੀ ਸਮਰਪਣ ਤੇ ਇਤਿਹਾਸਕ ਵਰਤਾਰਿਆਂ ਦੇ ਪ੍ਰਪੰਚ ਨੂੰ ਸਮਝਣ ਲਈ ਸੂਖਮ ਬਿਰਤੀ ਦਾ ਹੋਣਾ ਹੈ। ਇਹਨਾਂ ਨੂੰ ਪੇਸ਼ ਕਰਦੇ ਹੋਏ ਉਸਦੀ ਬਾਹਰਮੁਖਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਖਾਸ ਤੌਰ ‘ਤੇ ਸਿੱਖ ਇਹ ਮੰਨਦੇ ਹਨ ਕਿ ਉਹ ਗੁਰਬਾਣੀ ਤੇ ਇਤਿਹਾਸ ਤੋਂ ਪ੍ਰੇਰਣਾ ਲੈਕੇ ਆਪਣੇ ਵਰਤਮਾਨ ਤੇ ਭਵਿੱਖ ਦੀਆਂ ਸਾਰੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹਨ। ਇਸ ਤਰ੍ਹਾਂ ਵਾਸਤਵਿਕ ਤੇ ਸਰਵ-ਪ੍ਰਮਾਣਿਤ ਹੋਣ ਲਈ ਸਿੱਖਾਂ ਦੇ ਸੁਨਿਹਰੇ ਕਾਲ ਬਾਰੇ ਲਿਖੇ ਇਤਿਹਾਸਕ ਨਾਵਲ ਵਿਚ ਅਜਿਹੇ ਪ੍ਰਸੰਗਾਂ ਦਾ ਹੋਣ ਅਤਿ ਲਾਜ਼ਮੀ ਹੋ ਜਾਂਦਾ ਹੈ। ਹੱਥਲੇ ਨਾਵਲ ਵਿਚ ਨਾਵਲਕਾਰ ਪਿਛਲਝਾਤ ਰਚਨਾ ਜੁਗਤ ਵਰਤਦਿਆਂ ਇਤਿਹਾਸਕ ਸਾਖੀਆਂ ਰਾਹੀਂ ਬਿਰਤਾਂਤ ਸਿਰਜਦਾ ਹੈ। ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਲੋਂ ਨੂਰਦੀਨ ਦੀ ਸਰਾਂ ਤੇ ਨਾਕਾ ਲਾਉਣ ਲੱਗਿਆਂ ਛੋਟੇ ਸਾਹਿਬਜ਼ਾਦਿਆਂ ਦੇ ਸੂਬਾ ਸਰਹਿੰਦ ਦੀ ਕਚਿਹਰੀ ਵਿਚ ਸੁੱਚਾ ਨੰਦ ਨੂੰ ਕਹੇ ਗਏ ਬੋਲਾਂ ਨੂੰ ਦੁਹਰਾਉਣਾ, ਸ਼ੁਬੇਗ ਸਿੰਘ ਵੱਲੋਂ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਾਵਨ ਸੀਸ ਤੇ ਧੜ੍ਹ ਦੇ ਸੰਸਕਾਰ ਦੀ ਸਾਖੀ ਸ਼ਹਿਬਾਜ਼ ਸਿੰਘ ਨੂੰ ਸੁਣਾਉਣਾ, ਕਾਹਨੂੰਵਾਨ ਦੀ ਛੰਭ ਦੇ ਯੁੱਧ ਵਿਖੇ ਬਾਬਾ ਜੱਸਾ ਸਿੰਘ ਜੀ ਵੱਲੋਂ ਤੱਤੀ ਤਵੀ, ਚਾਂਦਨੀ ਚੌਂਕ, ਮਹਿਰਾਜ ਦੀ ਜੰਗ, ਅੰਮ੍ਰਿਤ ਦੀ ਦਾਤ ਦਾ ਪ੍ਰਸੰਗ, ਸਰਹਿੰਦ ਦੀ ਕੰਧ ਤੇ ਚਮਕੌਰ ਸਾਹਿਬ ਦੀ ਜੰਗ ਦਾ ਜ਼ਿਕਰ ਕਰਦਿਆਂ ਸਿੱਖ ਯੋਧਿਆਂ ਨੂੰ ਉਤਸ਼ਾਹਿਤ ਕੀਤੇ ਜਾਣਾ, ਰਾਮਰੌਣੀ ਦੇ ਕਿਲੇ ਦੀ ਉਸਾਰੀ ਸਮੇਂ ਚਲਦੇ ਲੰਗਰਾਂ ਲਈ ਲੱਕੜਾਂ ਦੀ ਸੇਵਾ ਕਰਦੇ ਸਿੰਘਾਂ ਨੂੰ ਲਾਂਗਰੀ ਹਰੀ ਸਿੰਘ ਵੱਲੋਂ ਗੁਰੂ ਅਰਜਨ ਦੇਵ ਜੀ ਤੇ ਭਾਈ ਮੰਝ ਜੀ ਦੀ ਗੁਰੂ ਕੇ ਲੰਗਰਾਂ ਲਈ ਸੇਵਾ ਕਰਨ ਦੀ ਸਾਖੀ ਤੇ ਗੁਰੂ-ਨਦਰਿ ਸਦਕਾ ਬਖਸ਼ਿਸ਼ ਹੋਣ ਦਾ ਪ੍ਰਸੰਗ ਸੁਣਾਉਣਾ, ਮੀਰ ਮੰਨੂੰ ਦੀ ਜੇਲ ਵਿਚ ਮਾਤਾ ਵੱਲੋਂ ਕੋਹੇ ਜਾਣ ਤੋਂ ਥੋੜ੍ਹਾ ਸਮਾਂ ਪਹਿਲਾਂ ਆਪਣੇ ਬਾਲਕ ਦੇ ਸਿਦਕ ਨੂੰ ਹੋਰ ਪੱਕਿਆਂ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਖੀ ਸੁਣਾਏ ਜਾਣ ਨੂੰ ਗਾਲਪਨਿਕ ਢੰਗ ਨਾਲ ਪੇਸ਼ ਕਰੇ ਜਾਣਾ ਸਾਡੇ ਧਿਆਨਗੋਚਰੇ ਆਉਂਦਾ ਹੈ। ਜਿਸ ਤਰ੍ਹਾਂ ਸਿੱਖ ਮੰਨਦੇ ਹਨ ਕਿ ਉਹ ਹਰ ਖੁਸ਼ੀ, ਮੁਸੀਬਤ, ਔਖੀ ਘੜੀ ਤੇ ਯੁੱਧ ਵੇਲੇ ਵੀ ਇਤਿਹਾਸ ਚਿਤਾਰਦੇ ਤੇ ਵਿਚਾਰਦੇ ਰਹਿੰਦੇ ਹਨ, ਇਸ ਸੰਕਲਪ ਨੂੰ ਇਤਿਹਾਸ ਦੀ ਲਗਾਤਾਰਤਾ ਵਿਚ ਕਥਿਤ ਪ੍ਰਸੰਗਾਂ ਰਾਹੀਂ ਨਾਵਲ ਵਿਚ ਗਾਲਪਨਿਕ ਅੰਦਾਜ਼ ਨਾਲ ਪੇਸ਼ ਕਰਨਾ, ਇਸਨੂੰ ਵਾਸਤਵਿਕਤਾ ਦੇ ਹੋਰ ਨੇੜੇ ਲੈ ਜਾਂਦਾ ਹੈ।
ਇਹ ਨਾਵਲ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਪੇਸ਼ ਕਰਦਾ ਹੈ, ਜਿਸ ਵੇਲੇ ਸਿੱਖਾਂ ਨੂੰ ਨਿੱਤ ਨਵੇਂ ਸੂਰਜ ਨਾਲ ਨਵੀਂ ਜੰਗ ਦਰਪੇਸ਼ ਹੁੰਦੀ ਸੀ, ਅਜਿਹੇ ਬਿਰਤਾਂਤ ਨੂੰ ਸਿਰਜਦਿਆਂ ਨਾਵਲਕਾਰ ਦਾ ਗੂੜ੍ਹ ਅਧਿਐਨ ਧਿਆਨ ਦੀ ਮੰਗ ਕਰਦਾ ਹੈ। ਨਾਵਲ ਦੇ ਕਾਲ-ਖੰਡ ਦੌਰਾਨ ਹੋਈਆਂ ਇਤਿਹਾਸਕ ਲੜਾਈਆਂ ਦੀ ਸਿੱਧੀ ਜਾਣਕਾਰੀ ਦੇਣ ਦੀ ਥਾਂ, ਉਹ ਇਹਨਾਂ ਦੇ ਦੁਆਲੇ ਗਲਪ ਸਿਰਜਦਾ ਖਾਲਸਾ ਪੰਥ ਦੇ ਸਿਧਾਂਤਾਂ, ਸ਼ਸ਼ਤਰਾਂ ਪ੍ਰਤੀ ਪਿਆਰ ਸਤਿਕਾਰ, ਜੰਗ ਦੇ ਮੈਦਾਨ ਵਿਚ ਯੋਧਿਆਂ ਦੇ ਕਰਤੱਵ ਅਤੇ ਸਿੱਖ ਜੰਗ ਬਾਰੇ ਕਮਾਲ ਦੀ ਪੇਸ਼ਕਾਰੀ ਕਰਦਾ ਹੈ। ਨਾਵਲਕਾਰ ਸਿੱਖਾਂ ਦੇ ਯੁੱਧ ਲੜ੍ਹਣ ਦੇ ਤਰੀਕੇ ਅਤੇ ਕਾਰਣ ਬਾਰੇ ਲਿਖਦਾ ਕਹਿੰਦਾ ਹੈ, “ਸਿੰਘਾਂ ਨੇ ਆਪਣੇ ‘ਪੀਰ’ ਸ਼ਸ਼ਤਰਾਂ ਨੂੰ ਮੱਥੇ ਨਾਲ ਛੁਹਾ ਕੇ ਅੱਜ ਤੱਕ ਹੁੰਦੀਆਂ ਆ ਰਹੀਆਂ ਜੰਗਾਂ ਦੀ ਪ੍ਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਜੁੱਧ ਸਰਬੱਤ ਦੇ ਭਲੇ ਹਿੱਤ ਵੀ ਕੀਤੇ ਜਾ ਸਕਦੇ ਹਨ।”19 ਇਸ ਨਾਵਲ ਵਿਚ ਅਨੇਕਾਂ ਥਾਵਾਂ ‘ਤੇ ਸਿੱਖਾਂ ਦੇ ਯੁੱਧ ਤੇ ਬਹਾਦਰ ਸੂਰਬੀਰ ਯੋਧਿਆਂ ਪ੍ਰਤੀ ਨਜ਼ਰੀਏ ਬਾਰੇ ਗੱਲ ਕੀਤੀ ਗਈ ਹੈ, ਨਾਵਲ ਵਿਚ ਪੇਸ਼ ਅਜਿਹੇ ਵਿਚਾਰਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਇਥੇ ਕਰਨਾ ਕੁਥਾਂ ਨਹੀਂ ਹੋਵੇਗਾ: ਜੰਗ ਤੋਂ ਕਾਹਦੀ ਸੰਗ, ਬਹਾਦਰਾਂ ਦੇ ਖੀਸੇ ਬਹਾਦਰੀ, ਜੰਗ ‘ਚ ਸ਼ਸ਼ਤਰ ਦੇ ਵਾਰ ਨਾਲ ਸਰੀਰ ਪਵਿੱਤਰ ਹੁੰਦਾ ਮੰਨਣਾ, ਕਿਸੇ ਦਾ ਖਾਲਸੇ ਦੀ ਧਰਮ ਯੁੱਧ ਦ੍ਰਿੜ੍ਹਤਾ ਅੱਗੇ ਨਾ ਟਿਕਣਾ, ਕਮਾਨ ‘ਚੋਂ ਨਿਕਲੇ ਤੀਰ ਦਾ ਨਿਸ਼ਾਨੇ ਤੇ ਨਾ ਲੱਗਣਾ ਤੀਰ ਦੀ ਬੇਅਦਬੀ ਤੇ ਨਿਸ਼ਾਨੇਬਾਜ਼ ਲਈ ਡੁੱਬ ਮਰਨ ਵਾਲੀ ਗੱਲ, ਯੋਧਾ ਜਾਣਦਾ ਕਦੋਂ ਨਹੀਂ ਲੜਨਾ, ਲੜਾਈ ਆਪਣੇ ਭਰੋਸੇਮੰਦ ਸ਼ਸ਼ਤਰਾਂ ਨਾਲ ਲੜੀ ਜਾਵੇ, ਸੂਰਮਿਆਂ ਦੇ ਸ਼ਬਦਕੋਸ਼ ‘ਚ ‘ਪਰ’ ਨਹੀਂ ਹੁੰਦਾ, ਵੱਡੀ ਤੇ ਤਾਕਤਵਰ ਫੌਜ ਦੇ ਅਵੇਸਲੇ ਹੋਣ ਤੇ ਲੜਨਾ, ਖਾਲਸੇ ਨੇ ਭੱਜਣਾ ਤੇ ਈਨ ਮੰਨਣਾ ਨਹੀਂ ਸਿੱਖਿਆ, ਜੰਗ ਦੇ ਮੈਦਾਨ ‘ਚ ਪੈਰ ਅਗਾਂਹ ਨੂੰ ਹੀ ਚੁੱਕਣਾ, ਕਦਮ ਪਿਛਾਂਹ ਕਰਿਆਂ ਸੂਰਮਿਆਂ ਦੀ ਇੱਜ਼ਤ ਘੱਟਦੀ, ਜੰਗ ਦੇ ਮੈਦਾਨ ‘ਚ ਯੋਧੇ ਦਾ ਅੱਖ ਝਪਕਣਾ ਗੁਨਾਹ ਹੈ, ਜੰਗ ‘ਚ ਕਦੇ ਪਿਛਾਂਹ ਨਹੀਂ ਤੱਕਦੇ, ਦੁਸ਼ਮਣ ਨੇ ਕਦੇ ਸੂਰਬੀਰ ਦੀ ਪਿੱਠ ਨਹੀਂ ਦੇਖੀ ਹੁੰਦੀ ਅਤੇ ਸੂਰਮੇ ਕਦੇ ਕਾਹਲੇ ਨਹੀਂ ਹੁੰਦੇ ਆਦਿ ਗੱਲਾਂ ਨਾਵਲਕਾਰ ਦੀ ਖ਼ਾਲਸੇ ਦੇ ਸਿਧਾਂਤਾਂ ਤੇ ਸਿੱਖ-ਜੰਗ ਪ੍ਰਤੀ ਦ੍ਰਿਸ਼ਟੀਕੋਣ ਤੇ ਸਮਝ ਨੂੰ ਬਿਆਨ ਕਰਦੀਆਂ ਹਨ, ਜਿੰਨ੍ਹਾਂ ਨੂੰ ਉਸਨੇ ਇਤਿਹਾਸਕ ਨਾਵਲ ਵਿਚ ਗਾਲਪਨਿਕ ਤਰੀਕੇ ਨਾਲ ਪੇਸ਼ ਕਰਕੇ ਸਹਿਜੇ ਹੀ ਪਾਠਕ ਨੂੰ ਇਹਨਾਂ ਪ੍ਰਤੀ ਮੁੜ ਜਾਣੂ ਕਰਵਾਇਆ ਹੈ।
ਜਗਦੀਪ ਸਿੰਘ ਨਾਵਲ ਵਿਚਲੀਆਂ ਘਟਨਾਵਾਂ ਤੇ ਸਥਿਤੀਆਂ ਦੀ ਭਾਸ਼ਣ ਸ਼ੈਲੀ ਵਿਚ ਸਿੱਧੀ ਵਿਆਖਿਆ ਤੋਂ ਬਚਦਾ ਹੈ। ਉਹ ਸਿਰਫ਼ ਇਤਿਹਾਸਕ ਪਾਤਰਾਂ ਦੇ ਵਿਚਾਰ ਤੇ ਅਨੁਭਵ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਤਿਹਾਸਕ ਤੇ ਧਾਰਮਿਕ ਪਲਾਟ ਹੁੰਦੇ ਹੋਏ ਵੀ ਉਹ ਨਾਵਲ ਦੀ ਕਹਾਣੀ ਨੂੰ ਰੋਕਦਾ ਨਹੀਂ ਤੇ ਨਾ ਹੀ ਨਿਬੰਧ ਸ਼ੈਲੀ ਵਰਤਦਾ ਹੋਇਆ ਪਾਠਕ ਨੂੰ ਸਿੱਧੇ ਭਾਸ਼ਣ ਦਿੰਦਾ ਹੈ, ਪਰ ਕੁਝ ਕੁ ਥਾਵਾਂ ਤੇ ਕਥਾਨਕ ਦੇ ਹਵਾਲੇ ਨਾਲ ਆਪਣੀ ਗੱਲ ਕਰ ਦਿੰਦਾ ਹੈ। ਇਸ ਤਰ੍ਹਾਂ ਦੀਆਂ ਕੁਝ ਕੁ ਸੰਕੇਤਕ ਗੱਲਾਂ ਸਾਨੂੰ ਇਸ ਨਾਵਲ ਵਿਚ ਦੇਖਣ ਨੂੰ ਮਿਲਦੀਆਂ ਹਨ। ਸਭ ਤੋਂ ਅਹਿਮ ਗੱਲ ਯੋਧਿਆਂ ਦੇ ਸ਼ਸ਼ਤਰਾਂ ਦੇ ਵਾਰ ਕਰਨ ਦਾ ਅੰਦਾਜ਼, ਜਿਸਨੂੰ ਇਸ ਨਾਵਲ ਵਿਚ ਨਾਵਲਕਾਰ ਨੇ ਬਾਖ਼ੂਬੀ ਬਿਆਨ ਕੀਤਾ ਹੈ।
ਅਜੋਕੇ ਦੌਰ ‘ਚ ਆਧੁਨਿਕਤਾ ਦੇ ਪ੍ਰਭਾਵ ਅਧੀਨ ਕੁਝ ਕੁ ਗੱਤਕਈ ਸਿੰਘ ਵੰਨ-ਸਵੰਨੇ ਗਾਣਿਆਂ ‘ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸ਼ਸ਼ਤਰਾਂ ਵਿਦਿਆ ਦੇ ਜੌਹਰ ਦਿਖਾਉਂਦੇ ਹੋਏ ਪੁਰਾਤਨ ਮਰਿਆਦਾ ਨੂੰ ਵਿਸਾਰ ਰਹੇ ਹਨ। ਉਸ ਪੁਰਾਤਨ ਮਰਿਆਦਾ ਦਾ ਜ਼ਿਕਰ ਇਸ ਨਾਵਲ ਵਿਚ ਕੀਤਾ ਮਿਲਦਾ ਹੈ। ਨਾਵਲ ਵਿਚ ਜਦੋਂ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਸਾਖੀ ਵਿਚ ਉਹ ਜਾਪੁ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋਏ ਯੁੱਧ ਕਰਦੇ ਹਨ ਤਾਂ ਸਿੰਘਾਂ ਦੇ ਵਾਰ ਤੇ ਜਾਪੁ ਸਾਹਿਬ ਇਕੋ ਲੈਅ ਵਿਚ ਚਲਦੇ ਹਨ, ਜਿੰਨੀ ਤੇਜ਼ੀ ਨਾਲ ਬਾਣੀ ਚਲਦੀ ਹੈ ਸਿੰਘਾਂ ਦੇ ਸ਼ਸ਼ਤਰ ਵੀ ਓਨੀ ਹੀ ਫ਼ੁਰਤੀ ਨਾਲ ਚੱਲਦੇ ਹਨ। ਦੁਨਿਆਵੀ ਪ੍ਰਭਾਵ ਤੋਂ ਕੋਹਾਂ ਦੂਰ ਵਿਚਰਦੇ ਗੁਰੂ-ਪੰਥ ਦੇ ਅਨੇਕਾਂ ਸਿੰਘ ਅੱਜ ਵੀ ਇਸੇ ਮਰਿਆਦਾ ਦਾ ਪਾਲਣ ਕਰਦੇ ਹਨ, ਬਾਕੀਆਂ ਲਈ ਉਸ ਮਰਿਆਦਾ ਨੂੰ ਨਿਭਾਉਣ ਲਈ ਇਹ ਨਾਵਲ ਇਕ ਇਸ਼ਾਰਾ ਕਰਦਾ ਮਹਿਸੂਸ ਹੁੰਦਾ ਹੈ। ਸਿੰਘ ਤਿਆਰ ਕੀਤੇ ਲੰਗਰ ਵਿਚ, ਸਤਿਗੁਰਾਂ ਨੂੰ ਭੋਗ ਲਵਾਉਣ ਉਪਰੰਤ ਕੋਈ ਵਾਧ ਘਾਟ ਨਹੀਂ ਸਨ ਕਰਦੇ। ਇਕ ਪ੍ਰਸੰਗ ਵਿਚ ਝਾੜ ਕਰੇਲਿਆਂ ਦੇ ਕੌੜੇ ਹੋਣ ਕਰਕੇ ਲੂਣ ਪਾਉਣ ਦੀ ਸਲਾਹ ਦੇਣ ਵਾਲੇ ਭੁਝੰਗੀ ਨੂੰ ਖਾਲਸਾ ਕਹਿੰਦਾ ਹੈ, “ ਨਹੀਂ ਭਾਈ ਸਿੰਘਾ, ਅਰਦਾਸ ਕਰ ਦਿੱਤੀ ਹੈ ਤੇ ਮਹਾਰਾਜ ਨੂੰ ਭੋਗ ਲਵਾ ਦਿੱਤਾ ਹੈ, ਸੋ ਹੁਣ ਅਸੀਂ ਏਦਾਂ ਹੀ ਛਕਾਂਗੇ”20 ਮਹਾਰਾਜ ਪ੍ਰਤੀ ਇਹ ਸਮਰਪਣ ਅਜੋਕੇ ਦੌਰ ਵਿਚ ਹੈ ਜਾਂ ਨਹੀਂ ਅਸੀਂ ਆਪਣੇ ਗਿਰਵਾਨ ਵਿਚ ਦੇਖ ਸਕਦੇ ਹਾਂ।
ਆਮ ਤੌਰ ਤੇ ਇਤਿਹਾਸਕ ਨਾਵਲਕਾਰਾਂ ਉਪਰ ਇਲਜ਼ਾਮ ਆਉਂਦਾ ਹੈ ਕਿ ਉਹ ਵਿਰੋਧੀ ਸਰੋਕਾਰਾਂ ਵਾਲੀ ਧਿਰ ਨੂੰ ਨਫ਼ਰਤੀ ਲਹਿਜੇ ਨਾਲ ਪੇਸ਼ ਕਰਦੇ ਹਨ ਪਰ ਜਗਦੀਪ ਸਿੰਘ ਦੀ ਲੇਖਣੀ ਤੇ ਇਹ ਇਲਜ਼ਾਮ ਨਹੀਂ ਲਾਇਆ ਜਾ ਸਕਦਾ ਕਿਉਂਕਿ ਉਸਦੀ ਲਿਖਤ ‘ਚ ਇਮਾਨਦਾਰੀ ਦੇ ਨਾਲ-ਨਾਲ ‘ਪਰ’ ਨੂੰ ਵਡਿਆਉਣ ਦਾ ਜ਼ੇਰਾ ਵੀ ਹੈ। ਉਹ ਭਾਈ ਤਾਰਾ ਸਿੰਘ ਵਾਂ ਦੇ ਪ੍ਰਸੰਗ ਵਿਚ ਇਕ ਮੁਗਲ ਸਿਪਾਹੀ ਦੇ ਮਰਨ ‘ਤੇ ਲਿਖਦਾ ਹੈ ਕਿ ਪਤਾ ਨਹੀਂ ਕਿਸੇ ਮੁਗਲ ਦੀ ਆਪਣੀ ਗੋਲੀ ਨੇ ਇਸਨੂੰ ਮਾਰਿਆ ਹੈ ਜਾਂ ਬਘੇਲ ਸਿੰਘ ਨੇ, ਪਰ ਨਾਂ ਬਘੇਲ ਸਿੰਘ ਦੇ ਹੀ ਲੱਗੇਗਾ। ਜਿਥੇ ਮੌਕਾ ਬਣਦਾ ਉਥੇ ਹੀ ਉਹ ‘ਪਰ’(Other) ਦੀ ਸਿਫ਼ਤ ਵੀ ਕਰਦਾ ਹੈ, ਜੋ ਆਮ ਨਾਵਲਕਾਰਾਂ ਵਿਚ ਘਟ ਹੀ ਦੇਖਣ ਨੂੰ ਮਿਲਦਾ ਹੈ। ਮੁਰੀਦ ਖਾਂ ਦੇ ਚੰਗੇ ਨਿਸ਼ਾਨੇਬਾਜ਼ ਹੋਣ ਅਤੇ ਦੋ ਵੱਖ-ਵੱਖ ਨਿਸ਼ਾਨਿਆਂ ਲਈ ਇਕੱਠੇ ਦੋ ਤੀਰ ਚਲਾ ਸਕਣ ਦੀ ਕਲਾ ਦਾ ਜ਼ਿਕਰ ਕਰਨਾ, ਅਹਿਮਦ ਸ਼ਾਹ ਅਬਦਾਲੀ ਦੇ ਦੂਰਾਨੀ ਯੋਧਿਆਂ ਦੇ ਸਰੀਰਾਂ, ਸ਼ਸ਼ਤਰਾਂ, ਸੰਜੋਆਂ ਤੇ ਘੋੜਿਆਂ ਦੀ ਸਿਫ਼ਤ ਬਾਕਮਾਲ ਢੰਗ ਨਾਲ ਕਰਨਾ ਜਗਦੀਪ ਸਿੰਘ ਦੇ ਹਿੱਸੇ ਆਇਆ ਹੈ।
ਇਸ ਨਾਵਲ ਦੇ ਆਉਣ ਦੇ ਸਮੇਂ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਜਿਸ ਸਮੇਂ ਇਹ ਨਾਵਲ ਆਉਂਦਾ ਹੈ ਉਸ ਵੇਲੇ ਦੇ ਹਾਲਾਤ ਪਾਠਕ ਦੇ ਮਨ ‘ਤੇ ਇਕ ਗਹਿਰਾ ਅਸਰ ਪਾੳਂਦੇ ਹਨ। ਜਿਸ ਤਰ੍ਹਾਂ ਹਰੇਕ ਖਿੱਤੇ ਦੀ ਰਾਜਨੀਤਕ ਚੇਤਨਾ ਉਸਦੇ ਭਵਿੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਉਸ ਤਰ੍ਹਾਂ ਪੰਜਾਬ ਵਿਚਲੇ ਹਾਲਾਤਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਕੁਝ ਸਮਾਂ ਪਹਿਲਾਂ ਪੰਜਾਬ ਇਕ ਇਤਿਹਾਸਕ ਸੰਘਰਸ਼ ਜਿੱਤਕੇ ਆਇਆ ਹੈ ਪਰ ਪੰਜਾਬ ਦੀ ਰਾਜਨੀਤਿਕ ਚੇਤਨਾ ਨੇ ਭੇਖੀਆਂ ਦੇ ਪ੍ਰਵਚਨ ਅਧੀਨ ਦਿਸਦੇ ਪ੍ਰਭਾਵਾਂ ਨੂੰ ਅਣਡਿੱਠ ਕਰ ਅਖੌਤੀ ਬਦਲ ਚੁਣਨ ਨੂੰ ਤਰਜੀਹ ਦਿੱਤੀ। ਫਲਸਰੂਪ ਜਿੱਥੇ ਆਪਣੇ ਆਪ ਨੂੰ ਇਸ ਲੰਮੇ ਸੰਘਰਸ਼ ਦੇ ਮੋਢੀ ਤੇ ਕਰਤਾ ਧਰਤਾ ਮੰਨਣ ਵਾਲੇ ਆਗੂਆਂ ਨੂੰ ਮੂੰਹ ਦੀ ਖਾਣੀ ਪਈ ਉਥੇ ਹੀ ਸਿਰਾਂ ਦੇ ਭਾਅ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦਾ ਇਕ ਪਰਿਵਾਰ ਦੀ ਨਿੱਜੀ ਜੰਗੀਰ ਬਣ, ਇੰਝ ਪੰਜਾਬ ਦੀ ਸਿਆਸਤ ਵਿਚ ਹਾਸ਼ੀਆਗਤ ਹੋਣਾ, ਇਸ ਖਿੱਤੇ ਦੇ ਭਵਿੱਖ ਲਈ ਚਿੰਤਾਜਨਕ ਗੱਲ ਹੈ। ਇਸਦੇ ਉਲਟ ਜਿਸ ਸਟੇਟ ਨਾਲ ਸਾਡਾ ਜਮਾਂਦਰੂ ਵੈਰ ਰਿਹਾ, ਉਸਦੀ ਖੁਣਸੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਧਿਰ ਦਾ ਦੇਸ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣਾ ਦੁਖਦਾਈ ਤੇ ਹੈਰਾਨੀਜਨਕ ਗੱਲ ਹੈ। ਪੰਜਾਬ ਵਿਚ ਵੱਸਦੇ ਲੋਕਾਂ ਨੇ ਇਹ ਫ਼ੈਸਲਾ ਰਾਜਨੀਤਿਕ ਚੇਤਨਾ ਦੇ ਪੱਧਰ ‘ਤੇ ਲੈਣ ਦੀ ਬਜਾਏ ਇਕ ਲੰਮੇ ਅਰਸੇ ਤੋਂ ਲੋਕਪੱਖੀ ਅਤੇ ਸਰਬੱਤ ਦੇ ਭਲੇ ਲਈ ਵਚਨਬੱਧ ਆਗੂਆਂ ਦੀ ਅਣਹੋਂਦ ਨਾਲ ਪੈਦਾ ਹੋਏ ਖਲਾਅ ਵਿਚੋਂ ਲਿਆ ਹੈ। ਇਸ ਅਣਹੋਂਦ ਦੇ ਖਲਾਅ ਦਾ ਬਦਲ ਸਿੱਖ ਸਿਧਾਂਤਾਂ ਕੋਲ ਹਮੇਸ਼ਾ ਹੀ ਮੌਜੂਦ ਹੈ।
ਅਜਿਹੇ ਮੌਕੇ ਇਸ ਨਾਵਲ ਦਾ ਆਉਣਾ ਬਹੁਤ ਮਹੱਤਵਪੂਰਨ ਗੱਲ ਹੈ ਕਿਉਂ ਜੋ ਇਹ ਨਾਵਲ ਉਸ ਵੇਲੇ ਦੀ ਗੱਲ ਕਰਦਾ ਹੈ ਜਦੋਂ ਗੁਰੂ-ਕਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਪਹਿਲੀ ਵਾਰ ਸਾਂਝੇ ਰੂਪ ਵਿਚ ਇਸ ਖਿੱਤੇ ਦੀ ਅਗਵਾਈ ਕਰਦੇ ਹਾਂ। ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ, ਸਤਿਗੁਰਾਂ ਵੱਲੋਂ ਬਖਸ਼ੇ ਆਗੂਆਂ ਵਾਲੇ ਗੁਣ ਕਿਵੇਂ ਸਮੁੱਚੇ ਖਾਲਸਾ ਪੰਥ ਦੇ ਚੇਤਿਆਂ ‘ਚ ਆਪਣਾ ਸਦੀਵ ਸਥਾਨ ਬਣਾ ਲੈਂਦੇ ਹਨ, ਇਹ ਸਾਨੂੰ ਇਸ ਨਾਵਲ ਰਾਹੀਂ ਵੀ ਪਤਾ ਲੱਗਦਾ ਹੈ। ਗੁਰੂ-ਸਿਧਾਤਾਂ ‘ਤੇ ਪਹਿਰਾ ਦਿੰਦੇ ਅਨੇਕਾਂ ਦੁਨਿਆਵੀ ਔਕੜਾਂ ਝੱਲਦੇ ਵੀ ਸਾਰੇ ਆਗੂਆਂ ਦਾ ਸਤਿਗੁਰਾਂ ਦੇ ਬਚਨਾਂ ਤੇ ਇਸ ਖਿੱਤੇ ਪ੍ਰਤੀ ਸਮਰਪਣ ਬੇਮਿਸਾਲ ਹੈ, ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਲੋਕਾਈ ਨੂੰ ਖਾਲਸਾ ਰਾਜ ਦੇ ਝਲਕਾਰਿਆਂ ਨਾਲ ਸ਼ਰਸ਼ਾਰ ਕਰਦੇ ਹਨ। ਭਾਵੇਂ ਇਹ ਸੁਭਾਅ ਤੇ ਸਮਰਪਣ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਹੀ ਮਿਲ ਸਕਦਾ ਹੈ ਪਰ ਫਿਰ ਵੀ ਇੰਝ ਜਾਪਦਾ ਹੈ ਜਿਵੇਂ ਉਸ ਬਖਸ਼ਿਸ਼ ਲਈ ਪਾਤਰਤਾ ਸਿੱਧ ਕਰਨ ਵਿਚ ਨਾਵਲ ਆਪਣਾ ਰੋਲ ਨਿਭਾ ਸਕਦਾ ਹੈ। ਇਸ ਨਾਵਲ ‘ਚ ਸਿੱਖ ਆਗੂਆਂ ਦੇ ਗੁਣ ਤੇ ਸੁਭਾਅ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖਾਲਸੇ ਦੀ ਫੈਸਲੇ ਲੈਣ ਦੀ ਜੁਗਤ, ਨਿਆਂ ਕਰਨ ਦਾ ਢੰਗ, ਪ੍ਰਜਾ ਪ੍ਰਤੀ ਨਜ਼ਰੀਆ ਤੇ ਖਾਲਸਾ ਰਾਜ ਦੀਆਂ ਇਸਤਲਾਹਾਂ ਇਸ ਨਾਵਲ ਰਾਹੀਂ ਵੀ ਜਾਣੀਆਂ ਜਾ ਸਕਦੀਆਂ ਹਨ। ਅਜਿਹੇ ਮਾਡਲ, ਉਸ ਦੌਰ ਵਿਚ ਪੇਸ਼ ਕਰਨਾ, ਜਦੋਂ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, ਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ।
ਜਗਦੀਪ ਸਿੰਘ ਦੀ ਪ੍ਰਾਪਤੀ ਇਸ ਗੱਲ ਵਿਚ ਹੈ ਕਿ ਉਸਨੇ ਆਪਣੇ ਨਾਵਲ ਵਿਚ ਇਤਿਹਾਸਕ ਪਲਾਟ ਚੁਣਕੇ, ਕਥਾਨਕ ਰਾਹੀਂ ਬ੍ਰਿਤਾਂਤ ਘੜ੍ਹਦਿਆਂ, ਨਾਵਲ ਦੀ ਗੋਂਦ ਦਾ ਸੋਹਣਾ ਨਮੂਨਾ ਪੇਸ਼ ਕੀਤਾ ਹੈ। ਇਸ ਨਾਵਲ ਦੇ ਪਾਤਰ ਸਿਰਜਣ, ਦ੍ਰਿਸ਼ ਚਿਤਰਣ ਤੇ ਬ੍ਰਿਤਾਂਤ ਬਣਤਰ ਕਰਦਿਆਂ ਸ਼ਬਦ-ਬੁਣਤੀ ਦੀ ਬਾਰੀਕੀ, ਭਾਸ਼ਕ ਜੁਗਤਾਂ ਦੀ ਸੁਚੱਜੀ ਵਰਤੋਂ, ਉਸਦੇ ਗਲਪ ਸੰਸਾਰ ਦੇ ਵਿਸ਼ਾਲ ਘੇਰੇ ਨੂੰ ਬਿਆਨਦੀ ਹੈ। ਉਸਦੀ ਇਸ ਗਲਪ ਰਚਨਾ ਵਿਚ ਕਾਲਪਨਿਕਤਾ ਦੇ ਉਤਮ ਨਮੂਨੇ ਮਿਲਦੇ ਹਨ। ਇਤਿਹਾਸ ਪ੍ਰਤੀ ਸਮਰਪਣ ਦੀ ਅਣਹੋਂਦ ਵਿਚ ਪਹਿਲਾਂ ਪ੍ਰਚਲਿਤ ਤਰੀਕੇ ਜਿੱਥੇ ਨਾ ਚਾਹੁੰਦੇ ਹੋਏ ਵੀ ਇਤਿਹਾਸ ਨੂੰ ਬੋਝਲ ਬਣਾ ਦਿੰਦੇ ਹਨ, ਉਥੇ ਜਗਦੀਪ ਸਿੰਘ ਇਤਿਹਾਸਕ ਸਾਖੀਆਂ ਨੂੰ ਇੰਨ-ਬਿੰਨ ਬਿਆਨ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦਿਆਂ ਕਥਾ ਦੀ ਰੌਚਿਕਤਾ ਨੂੰ ਨਾਵਲ ਦੇ ਆਦਿ ਤੋਂ ਅੰਤ ਤੱਕ ਕਾਇਮ ਰੱਖਦਾ ਆਪਣੇ ਆਪ ਨੂੰ ਇਕ ਸੁਘੜ ਤੇ ਨਿਪੁੰਨ ਲਿਖਾਰੀ ਵਜੋਂ ਸਥਾਪਤ ਕਰਦਾ ਹੈ। ਇਸ ਨਾਵਲ ਦਾ ਨਾਇਕ ਸਿੱਖ ਸਿਧਾਤਾਂ ਤੇ ਗੁਰੂ-ਪਿਆਰ ਨੂੰ ਨਮੂਦਾਰ ਤੇ ਜੀਵਨ ਵਿਚ ਜਿਉਂਦਾ ਗੁਰਮੁਖ ਹੈ, ਜਿਸਦੀ ਬੇਮਿਸਾਲ ਜੀਵਨ ਸ਼ੈਲੀ ਇਤਿਹਾਸ ਦੇ ਵੱਖਰੇ-ਵੱਖਰੇ ਕਿਰਦਾਰਾਂ ਰਾਹੀਂ ਪ੍ਰਕਾਸ਼ਮਾਨ (Manifest) ਹੋਈ ਹੈ। ਸਿੱਖ ਸਿਧਾਂਤ ਇਸ ਨਾਵਲੀ ਸੰਸਾਰ ਦੇ ਕਣ-ਕਣ ਵਿਚ ਸਮੋਏ ਹੋਏ ਮਹਿਸੂਸ ਹੁੰਦੇ ਹਨ। ਬੇਮਿਸਾਲ ਸਿੱਖ ਇਤਿਹਾਸ ਨੂੰ ਰੌਚਿਕ ਬਣਾਉਣ ਲਈ ਅਨੇਕਾਂ ਤਰ੍ਹਾਂ ਦੇ ਯਤਨ ਕਰਨ ਵਿਚ ਜਗਦੀਪ ਸਿੰਘ ਨੇ ਆਪਣੀ ਕਲਮ ਦੀ ਨਿਪੁੰਨਤਾ ਦਾ ਪ੍ਰਮਾਣ ਪੇਸ਼ ਕੀਤਾ ਹੈ। ਉਸਦਾ ਇਹ ਪਲੇਠਾ ਨਾਵਲ ਜਿਥੇ ਸਾਹਿਤਕ ਜਗਤ ਵਿਚ ਨਵੀਆਂ ਲੀਹਾਂ ਪਾਵੇਗਾ, ਉਥੇ ਗੁਰੂ-ਪੰਥ ਦੇ ਥਾਪੜੇ ਸਦਕਾ ਜਗਦੀਪ ਸਿੰਘ ਦੀ ਲਿਖਣੀ ਦੇ ਕੋਟ ਦੀ ਨੀਂਹ ਬੇਹੱਦ ਮਜ਼ਬੂਤ ਕਰ ਗਿਆ ਹੈ। ‘ਨਾਨਕ ਰਾਜੁ ਚਲਾਇਆ’ ਲੜੀ ਦੇ ਆਉਣ ਵਾਲੇ ਨਾਵਲ ਇਸਦੀ ਪੜ੍ਹਤ ਨੂੰ ਵਿਸ਼ਾਲ ਅਰਥਾਂ ਵਿਚ ਲਿਜਾਣ ਵਿਚ ਸਹਾਈ ਹੋਣਗੇ।
ਹਵਾਲੇ
- ਹਰਿਭਜਨ ਸਿੰਘ (2002), ਪੰ. 07, ਰਚਨਾ ਸੰਰਚਨਾ, ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ।
- ਸੁਰਿੰਦਰ ਕੁਮਾਰ ਦਵੇਸ਼ਵਰ (ਸੰਪਾ.) (2002), ਪੰ. 15, ਨਾਵਲ ਸ਼ਾਸ਼ਤਰ ਅਤੇ ਪੰਜਾਬੀ ਨਾਵਲ, ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ।
- ਟੀ. ਆਰ. ਵਿਨੋਦ (1999), ਪੰ. 17, ਆਓ ਨਾਵਲ ਪੜੀਏ, ਲੁਧਿਆਣਾ: ਚੇਤਨਾ ਪ੍ਰਕਾਸ਼ਨ।
- Hayden White (1964). p. 26. Metahistory, London: The Johanhopkins University Press.
- ਸੰਤ ਸਿੰਘ ਸੇਖੋਂ (1979), ਪੰ. 69, ਨਾਵਲ ਤੇ ਪਲਾਟ, ਪੰਜਾਬ: ਭਾਸ਼ਾ ਵਿਭਾਗ।
- ਉਹੀ, ਪੰ.70
- ਹਰਿੰਦਰ ਸਿੰਘ ਮਹਿਬੂਬ (2015), ਪੰ. 20-21, ਸਹਿਜੇ ਰਚਿਓ ਖਾਲਸਾ, ਅੰਮ੍ਰਿਤਸਰ: ਸਿੰਘ ਬ੍ਰਦਰਜ਼।
- Levi-Strauss, Claude (1979). P.1. Myth And Meaning, New York : Schocken Books.
- ਜੋਗਿੰਦਰ ਸਿੰਘ ਰਾਹੀ (1978), ਪੰ. 159, ਪੰਜਾਬੀ ਨਾਵਲ, ਅੰਮ੍ਰਿਤਸਰ: ਨਾਨਕ ਸਿੰਘ ਪੁਸਤਕਮਾਲਾ।
- E.M. Forster (1927). pp. 45. Aspects of the Novel, New York: Harcourt, Brace and Company.
- ਟੀ. ਆਰ. ਵਿਨੋਦ (1999), ਪੰ. 14, ਆਓ ਨਾਵਲ ਪੜੀਏ, ਲੁਧਿਆਣਾ: ਚੇਤਨਾ ਪ੍ਰਕਾਸ਼ਨ।
- ਜਸਪਾਲ ਕੌਰ ਕਾਂਗ (2002), ਗਲਪ ਚੇਤਨਾ ਤੋਂ ਨਾਵਲ ਰੂਪ ਵਿਧਾਨ ਤੱਕ, ਸੁਰਿੰਦਰ ਕੁਮਾਰ ਦਵੇਸ਼ਵਰ (ਸੰਪਾ.) ਨਾਵਲ ਸ਼ਾਸ਼ਤਰ ਅਤੇ ਪੰਜਾਬੀ ਨਾਵਲ (153-163) ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ।
- ਟੀ. ਆਰ. ਵਿਨੋਦ (1999), ਪੰ. 108, ਆਓ ਨਾਵਲ ਪੜੀਏ, ਲੁਧਿਆਣਾ: ਚੇਤਨਾ ਪ੍ਰਕਾਸ਼ਨ।
- ਰਜਨੀਸ਼ ਬਹਾਦਰ ਸਿੰਘ (1999), ਪੰ. 25, ਗਲਪ ਅਧਿਐਨ, ਲੁਧਿਆਣਾ: ਚੇਤਨਾ ਪ੍ਰਕਾਸ਼ਨ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 966
- ਕਾਹਨ ਸਿੰਘ ਨਾਭਾ (2011), ਪੰ. 284, ਮਹਾਨ ਕੋਸ਼, ਪੰਜਾਬ: ਭਾਸ਼ਾ ਵਿਭਾਗ।
- ਹਰਿਭਜਨ ਸਿੰਘ (2002), ਗਲਪ ਦੀ ਵਾਸਤਵਿਕਤਾ, ਸੁਰਿੰਦਰ ਕੁਮਾਰ ਦਵੇਸ਼ਵਰ (ਸੰਪਾ.), ਨਾਵਲ ਸ਼ਾਸ਼ਤਰ ਅਤੇ ਪੰਜਾਬੀ ਨਾਵਲ (54-62) ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ।
- ਗੁਰਦਿਆਲ ਸਿੰਘ (2002), ਨਾਵਲ ‘ਚ ਦ੍ਰਿਸ਼ਟੀ ਬਿੰਦੂ, ਸੁਰਿੰਦਰ ਕੁਮਾਰ ਦਵੇਸ਼ਵਰ (ਸੰਪਾ.), ਨਾਵਲ ਸ਼ਾਸ਼ਤਰ ਅਤੇ ਪੰਜਾਬੀ ਨਾਵਲ (108-117) ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ।
- ਜਗਦੀਪ ਸਿੰਘ (2022), ਪੰ. 12, ਹੰਨੈ ਹੰਨੈ ਪਾਤਸ਼ਾਹੀ, ਅੰਮ੍ਰਿਤਸਰ: ਅਕਾਲ ਪਬਲੀਕੇਸ਼ਨ।
- ਉਹੀ, ਪੰ. 128
ਪਰਮਵੀਰ ਸਿੰਘ
ਖੋਜਾਰਥੀ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (ਪੰਜਾਬ)
+91-98885-57630