July 4, 2024 11:08 pm
Schools

ਲੁਧਿਆਣਾ ‘ਚ ਗਰਮੀਆਂ ਦੀਆਂ ਛੁੱਟੀਆਂ ਬਾਵਜੂਦ ਖੁੱਲ੍ਹੇ ਸੀ ਕੁਝ ਸਕੂਲ, ਪ੍ਰਸ਼ਾਸਨ ਵੱਲੋਂ ਕਾਰਵਾਈ ਦੇ ਹੁਕਮ

ਚੰਡੀਗੜ੍ਹ, 22 ਮਈ 2024: ਅੱਤ ਦੀ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ (Schools) ਵਿੱਚ 20 ਮਈ ਤੋਂ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਹੁਕਮ ਦਿੱਤੇ ਸਨ ਕਿ ਜੇਕਰ ਕੋਈ ਸਕੂਲ ਖੁੱਲ੍ਹਾ ਪਾਇਆ ਗਿਆ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਧਰ, ਲੁਧਿਆਣਾ ਦੇ ਕੁਝ ਸਕੂਲ ਗਰਮੀਆਂ ਵਿੱਚ ਖੁੱਲ੍ਹੇ ਸਨ ਅਤੇ ਗਰਮੀ ਵਿੱਚ ਬੱਚੇ ਸਕੂਲ ਵਿੱਚ ਆ-ਜਾ ਰਹੇ ਸਨ, ਜਿਸ ਦਾ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ।

ਸਰਕਾਰ ਦੇ ਹੁਕਮਾਂ ਦੇ ਬਾਵਜੂਦ ਲੁਧਿਆਣਾ ਦੇ ਕੁਝ ਸਕੂਲ ਖੁੱਲ੍ਹੇਆਮ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ, ਜਦਕਿ ਕੁਝ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਡੀਸੀ ਨੂੰ ਕੀਤੀ, ਜਿਸ ਤੋਂ ਬਾਅਦ ਡੀਸੀ ਸਾਕਸ਼ੀ ਸਾਹਨੀ ਨੇ ਸਖ਼ਤ ਨੋਟਿਸ ਲੈਂਦਿਆਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਡੀਸੀ ਵੱਲੋਂ ਕੀਤੀ ਗਈ ਜਾਂਚ ਵਿੱਚ ਲੁਧਿਆਣਾ ਦੇ 10 ਸਕੂਲਾਂ  (Schools) ਦੇ ਨਾਂ ਸਾਹਮਣੇ ਆਏ ਹਨ ਜੋ ਸਰਕਾਰੀ ਹੁਕਮਾਂ ਦੇ ਬਾਵਜੂਦ ਖੁੱਲ੍ਹੇ ਸਨ। ਡੀਈਓ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਸੂਚੀ ਡੀਸੀ ਨੂੰ ਭੇਜ ਦਿੱਤੀ ਹੈ। ਇਨ੍ਹਾਂ ਵਿੱਚ ਲੁਧਿਆਣਾ ਦਾ ਟੈਂਡਰ ਇੰਟਰਨੈਸ਼ਨਲ ਸਕੂਲ, ਜੋਸਫ ਸੈਕਰਡ ਹਾਰਟ ਸਕੂਲ ਸਾਊਥ ਸਿਟੀ, ਗੁਰੂ ਨਾਨਕ ਪਬਲਿਕ ਸਕੂਲ ਬਾਸੀਸਿਆਂ, ਗੁਰੂ ਹਰਕ੍ਰਿਸ਼ਨ ਆਦਰਸ਼ ਸਕੂਲ ਢਾਡਰਾਂ, ਸਰਾਭਾ ਨਗਰ ਦਾ ਪਿੰਕੀ ਪਲੇ ਵੇ ਸਕੂਲ, ਹਰਿਕ੍ਰਿਸ਼ਨ ਸਕੂਲ ਲੁਧਿਆਣਾ, ਈ-ਕੈਨੇਡੀਅਨ ਸਕੂਲ ਲੁਧਿਆਣਾ, ਸ਼੍ਰੀ ਰਾਮ ਯੂਨੀਵਰਸਲ ਸਕੂਲ ਸਰਾਭਾ, ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ, ਸੈਂਟਰਲ ਮਾਡਲ ਸਕੂਲ ਲੁਧਿਆਣਾ ਜੋ ਕਿ ਛੁੱਟੀ ਦੇ ਹੁਕਮਾਂ ਦੇ ਬਾਵਜੂਦ ਖੁੱਲ੍ਹੇ ਰਹੇ।