ਨਵੀਂ ਦਿੱਲੀ, 14 ਅਕਤੂਬਰ 2025: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ (14 ਅਕਤੂਬਰ) ਨੂੰ ਨਵੀਂ ਦਿੱਲੀ ‘ਚ ਕਰਵਾਏ ਸੰਯੁਕਤ ਰਾਸ਼ਟਰ ਫੌਜ ਯੋਗਦਾਨ ਪਾਉਣ ਵਾਲੇ ਦੇਸ਼ਾਂ (UNTCC) ਦੇ ਮੁਖੀਆਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਲਈ, ਸ਼ਾਂਤੀ ਰੱਖਿਆ ਕਦੇ ਵੀ ਇੱਕ ਵਿਕਲਪ ਨਹੀਂ ਰਿਹਾ, ਸਗੋਂ ਆਸਥਾ ਦਾ ਇੱਕ ਵਿਸ਼ਾ ਰਿਹਾ ਹੈ। ਸਾਡੀ ਆਜ਼ਾਦੀ ਦੀ ਸ਼ੁਰੂਆਤ ਤੋਂ ਹੀ, ਭਾਰਤ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੇ ਆਪਣੇ ਮਿਸ਼ਨ ‘ਚ ਸੰਯੁਕਤ ਰਾਸ਼ਟਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਆਪਣੇ ਸੰਬੋਧਨ ਦੌਰਾਨ ਰੱਖਿਆ ਮੰਤਰੀ ਨੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ, “ਇਨ੍ਹੀਂ ਦਿਨੀਂ ਕੁਝ ਦੇਸ਼ ਖੁੱਲ੍ਹੇਆਮ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਕੁਝ ਉਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਦੂਜੇ ਆਪਣੇ ਨਿਯਮ ਬਣਾ ਕੇ ਅਗਲੀ ਸਦੀ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਭ ਦੇ ਵਿਚਾਲੇ ਭਾਰਤ ਪੁਰਾਣੇ ਅੰਤਰਰਾਸ਼ਟਰੀ ਢਾਂਚੇ ਦੇ ਸੁਧਾਰ ਦੀ ਵਕਾਲਤ ਕਰਦੇ ਹੋਏ ਅੰਤਰਰਾਸ਼ਟਰੀ ਨਿਯਮਾਂ-ਅਧਾਰਤ ਵਿਵਸਥਾ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣ ਲਈ ਵਚਨਬੱਧ ਹੈ।”
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “ਪਿਛਲੇ ਦਹਾਕਿਆਂ ‘ਚ ਲਗਭੱਗ 2,90,000 ਭਾਰਤੀ ਕਰਮਚਾਰੀਆਂ ਨੇ 50 ਤੋਂ ਵੱਧ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜਾਂ ‘ਚ ਸੇਵਾ ਨਿਭਾਈ ਹੈ ਅਤੇ ਆਪਣੇ ਪੇਸ਼ੇਵਰ ਹੁਨਰ, ਹਿੰਮਤ ਅਤੇ ਹਮਦਰਦੀ ਲਈ ਵਿਸ਼ਵਵਿਆਪੀ ਸਨਮਾਨ ਪ੍ਰਾਪਤ ਕੀਤਾ ਹੈ। ਕਾਂਗੋ ਅਤੇ ਕੋਰੀਆ ਤੋਂ ਲੈ ਕੇ ਦੱਖਣੀ ਸੁਡਾਨ ਅਤੇ ਲੇਬਨਾਨ ਤੱਕ, ਸਾਡੇ ਸੈਨਿਕ, ਪੁਲਿਸ ਅਤੇ ਡਾਕਟਰੀ ਪੇਸ਼ੇਵਰ ਕਮਜ਼ੋਰ ਲੋਕਾਂ ਦੀ ਰੱਖਿਆ ਅਤੇ ਸਮਾਜਾਂ ਦੇ ਪੁਨਰ ਨਿਰਮਾਣ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।”
Read More: ਭਾਰਤ ਖ਼ਿਲਾਫ ਕਿਸੇ ਨੂੰ ਵੀ ਆਪਣੀ ਧਰਤੀ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ: ਅਫਗਾਨਿਸਤਾਨ