ਵਾਤਾਵਰਣ

SOCH: ਪੰਜਾਬੀ ਫਿਲਮ ਇੰਡਸਟਰੀ ਬਣੇਗੀ ਵਾਤਾਵਰਣ ਸੰਭਾਲ ਮੇਲੇ ਦਾ ਅਹਿਮ ਹਿੱਸਾ

ਲੁਧਿਆਣਾ 29 ਦਸੰਬਰ 2023: ‘ਸੋਚ’ ਸੰਸਥਾ ਦੇ ਪ੍ਰੈਜੀਡੈਂਟ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਜੋਆਇੰਟ ਸੈਕਟਰੀ ਇੰਜ. ਅਮਰਜੀਤ ਸਿੰਘ ਧਾਮੀ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰ ਐਸੋਸੀਏਸ਼ਨ (ਪੈਫਟਾ) ਦੇ ਮੁੱਖ ਸਰਪ੍ਰਸਤ ਗੁਰਪ੍ਰੀਤ ਸਿੰਘ ਘੁੱਗੀ, ਜਰਨਲ ਸਕੱਤਰ ਮਲਕੀਤ ਸਿੰਘ ਰੌਣੀ ਅਤੇ ਉੱਘੇ ਪੰਜਾਬੀ ਫਿਲਮ ਨਿਰਦੇਸ਼ਕ ਸਮੀਪ ਸਿੰਘ ਕੰਗ ਨਾਲ ਮੁਲਾਕਾਤ ਕੀਤੀ ਗਈ।

ਗੁਰਪ੍ਰੀਤ ਸਿੰਘ ਘੁੱਗੀ ਜੀ ਨੇ ‘ਸੋਚ’ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਡਾ. ਲੱਖੇਵਾਲੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਸੰਭਾਲਣਾ ਅਹਿਮ ਕਾਰਜ ਹੈ ਅਤੇ ਜੋ ਵਾਤਾਵਰਣ ਸੰਭਾਲ ਮੇਲਾ ‘ਸੋਚ’ ਸੰਸਥਾ ਵੱਲੋਂ ਲਾਇਆ ਜਾ ਰਿਹਾ ਹੈ ਇਸ ਵਿੱਚ ਪੰਜਾਬੀ ਫਿਲਮੀ ਕਲਾਕਾਰ ਆਪਣਾ ਖੂਬਯੋਗਦਾਨ ਪਾਉਣਗੇ, ਕਿਉਂਕਿ ਮਨੁੱਖਤਾ ਦੀ ਹੋਂਦ ਲਈ ਸਾਫ-ਸੁਥਰੇ ਵਾਤਾਵਰਣ ਦੀ ਲੋੜ ਸਭ ਤੋਂ ਮੁੱਢਲੀ ਹੈ।

ਮਲਕੀਤ ਸਿੰਘ ਰੌਣੀ ਜੀ ਨੇ ਕਿਹਾ ਕਿ ਪੈਫਟਾ ‘ਸੋਚ’ ਸੰਸਥਾ ਦੇ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰਦੀ ਹੈ ਅਤੇ ਸਮੂਹ ਕਲਾਕਾਰ ਭਾਈਚਾਰਾ ‘ਸੋਚ’ ਸੰਸਥਾ ਦੇ ਹਰ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਯੋਗਦਾਨ ਪਾਵੇਗਾ। ਇਸ ਮੌਕੇ ਮੌਜੂਦ ਉੱਗੇ ਪੰਜਾਬੀ ਫਿਲਮ ਨਿਰਦੇਸ਼ਕ ਸਮੀਪ ਸਿੰਘ ਕੰਗ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਵੱਡੇ ਕਾਰਜ ਨਾਲ ਜੁੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫੋਟੋਗ੍ਰਾਫੀ/ਵੀਡੀਓਗ੍ਰਾਫੀ ਨਾਲ ਜੁੜੇ ਹਰ ਸ਼ਖਸ ਨੂੰ ‘ਸੋਚ’ ਸੰਸਥਾ ਦੀ ਅਵਾਰਡ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵਿੱਚ ਅਪਲਾਈ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

ਮੀਟਿੰਗ ਦੇ ਅਖੀਰ ਵਿੱਚ ਸਮੂਹ ਸ਼ਖਸ਼ੀਅਤਾਂ ਵੱਲੋਂ ‘ਸੋਚ’ ਸੰਸਥਾ ਦੁਆਰਾ ਲਾਏ ਜਾ ਰਹੇ ਰਾਜ ਪੱਧਰੀ ਵਾਤਾਵਰਣ ਸੰਭਾਲ ਮੇਲਾ 2024 ਵਿੱਚ ਸਮੂਹ ਪੰਜਾਬ ਵਾਸੀਆਂ ਨੂੰ ਮਿਤੀ: 3-4 ਫਰਵਰੀ 2024 ਨੂੰ ਨਹਿਰੂ ਰੋਜ਼ ਗਾਰਡਨ, ਲੁਧਿਆਣਾ ਵਿਖੇ ਪੁੱਜਣ ਦੀ ਅਪੀਲ ਕੀਤੀ ਗਈ ਅਤੇ ਮੇਲੇ ਵਿੱਚ ਦਿੱਤੇ ਜਾ ਰਹੇ ਵੱਖ-ਵੱਖ ਸ਼੍ਰੇਣੀਆਂ ਦੇ ਅਵਾਰਡ (5 ਲੱਖ) ਸਬੰਧੀ ਪੋਸਟਰ ਵੀ ਸਾਂਝਾ ਕੀਤਾ। ਇਸ ਉਪਰੰਤ ਸੰਸਥਾ ਦੇ ਪ੍ਰੈਜੀਡੈਂਟ ਡਾ. ਲੱਖੇਵਾਲੀ ਵੱਲੋਂ ਸਮੂਹ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Scroll to Top