ਚੰਡੀਗੜ੍ਹ, 28 ਅਪ੍ਰੈਲ 2023: ਹਿੰਸਾ ਪ੍ਰਭਾਵਿਤ ਸੂਡਾਨ (Sudan) ਤੋਂ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ‘ਆਪ੍ਰੇਸ਼ਨ ਕਾਵੇਰੀ’ ਦੇ ਹਿੱਸੇ ਵਜੋਂ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸ਼ੁੱਕਰਵਾਰ ਨੂੰ 392 ਨਾਗਰਿਕਾਂ ਦਾ ਇੱਕ ਹੋਰ ਜੱਥਾ ਘਰ ਪਰਤਿਆ। ਇਸ ਮੁਹਿੰਮ ਤਹਿਤ ਕੱਢੇ ਗਏ ਭਾਰਤੀ ਨਾਗਰਿਕਾਂ ਨੂੰ ਸੂਡਾਨ ਤੋਂ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਅਤੇ ਫਿਰ ਉਥੋਂ ਭਾਰਤ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ, “392 ਯਾਤਰੀਆਂ ਦੇ ਨਾਲ ਇੱਕ ਹੋਰ ਸੀ-17 ਜਹਾਜ਼ ਨਵੀਂ ਦਿੱਲੀ ਪਹੁੰਚ ਗਿਆ।”
ਆਪਰੇਸ਼ਨ ਕਾਵੇਰੀ ਤਹਿਤ ਬੁੱਧਵਾਰ ਨੂੰ 360 ਨਾਗਰਿਕਾਂ ਨੂੰ ਵਪਾਰਕ ਉਡਾਣ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ। ਜਦੋਂਕਿ ਦੂਜੇ ਬੈਚ ਵਿੱਚ ਸੀ-17 ਗਲੋਬਮਾਸਟਰ ਦੁਆਰਾ ਅਗਲੇ ਹੀ ਦਿਨ 246 ਨਾਗਰਿਕਾਂ ਨੂੰ ਮੁੰਬਈ ਲਿਆਂਦਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੁੱਲ 998 ਭਾਰਤੀਆਂ ਨੂੰ ਘਰ ਲਿਆਂਦਾ ਜਾ ਚੁੱਕਾ ਹੈ।
ਸੂਡਾਨ (Sudan) ‘ਚ ਫੌਜ ਅਤੇ ਨੀਮ ਫੌਜੀ ਦਲ ਵਿਚਾਲੇ ਸੱਤਾ ਹਾਸਲ ਕਰਨ ਲਈ ਭਿਆਨਕ ਸੰਘਰਸ਼ ਚੱਲ ਰਿਹਾ ਹੈ। ਹਾਲਾਂਕਿ, ਦੋਵੇਂ ਧਿਰਾਂ 72 ਘੰਟਿਆਂ ਦੀ ਜੰਗਬੰਦੀ ‘ਤੇ ਸਹਿਮਤ ਹੋਣ ਤੋਂ ਬਾਅਦ, ਭਾਰਤ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਯਤਨ ਤੇਜ਼ ਕਰ ਦਿੱਤੇ ਹਨ।