Lal Chand Kataruchak

ਹੁਣ ਤੱਕ 90 ਫੀਸਦੀ ਝੋਨੇ ਦੀ ਖ਼ਰੀਦ, ਕਿਸਾਨਾਂ ਦੇ ਖਾਤਿਆਂ ’ਚ 3000 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 19 ਅਕਤੂਬਰ 2024: ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਜਾਣਕਾਰੀ ਦਿੱਤੀ ਹੈ ਕਿ ਚਾਲੂ ਖਰੀਦ ਸੀਜ਼ਨ ਦੌਰਾਨ ਬੀਤੀ ਦੇਰ ਸ਼ਾਮ ਤੱਕ ਪੰਜਾਬ ਦੀਆਂ ਮੰਡੀਆਂ ‘ਚ ਕੁੱਲ 18,31,588 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੂ | ਇਨ੍ਹਾਂ ‘ਚੋਂ 90 ਫੀਸਦੀ ਯਾਨੀ 16,37,517 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ |

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੇ ਕਿਸਾਨਾਂ ਦੇ ਖਾਤਿਆਂ ‘ਚ ਕਰੀਬ 3000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸਦੇ ਨਾਲ ਖਰੀਦ ਸੀਜ਼ਨ ਲਈ
ਪੰਜਾਬ ਸਰਕਾਰ ਨੇ 2651 ਖਰੀਦ ਕੇਂਦਰ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਹੁਣ ਤੱਕ 2184 ਚੌਲ ਮਿੱਲ ਮਾਲਕਾਂ ਨੇ ਮਿੱਲਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦਿੱਤੀਆਂ ਹਨ।

ਕਟਾਰੂਚੱਕ (Lal Chand Kataruchak) ਨੇ ਸਟੋਰੇਜ ਦੀ ਉਪਲਬੱਧਤਾ ਸੰਬੰਧੀ ਕਿਹਾ ਕਿ ਭਾਰਤੀ ਖੁਰਾਕ ਨਿਗਮ ਦੇ ਮੁਤਾਬਕ ਇਸ ਵੇਲੇ 9.5 ਲੱਖ ਮੀਟਰਕ ਟਨ ਥਾਂ ਉਪਲਬੱਧ ਹੈ। ਪੰਜਾਬ ‘ਚ ਦਸੰਬਰ ਮਹੀਨੇ ‘ਚ ਮਿਲਿੰਗ ਸ਼ੁਰੂ ਹੋ ਜਾਂਦੀ ਹੈ, ਇਸ ਲਈ ਦਸੰਬਰ 2024 ਤੱਕ ਲਗਭਗ 30 ਲੱਖ ਮੀਟ੍ਰਿਕ ਟਨ ਜਗ੍ਹਾ ਉਪਲਬੱਧ ਕਰਵਾਈ ਜਾਵੇਗੀ |

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 4 ਲੱਖ ਮੀਟ੍ਰਿਕ ਟਨ ਜ਼ਿਆਦਾ ਅਨਾਜ ਦੀ ਢੋਆ-ਢੁਆਈ ਦਰਜ ਕੀਤੀ ਹੈ। ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ 85.53 ਲੱਖ ਮੀਟ੍ਰਿਕ ਟਨ ਦੀ ਢੋਆ-ਢੁਆਈ ਦਰਜ ਕੀਤੀ ਗਈ ਸੀ, ਜਦੋਂ ਕਿ 2023 ‘ਚ ਅਪ੍ਰੈਲ ਤੋਂ ਸਤੰਬਰ ਦੀ ਮਿਆਦ ਦੌਰਾਨ ਇਹ ਅੰਕੜਾ 81.73 ਲੱਖ ਮੀਟ੍ਰਿਕ ਟਨ ਸੀ।

ਕਟਾਰੂਚੱਕ ਨੇ ਚੌਲ ਮਿੱਲ ਮਾਲਕਾਂ ਦੀਆਂ ਮੰਗਾਂ ਸਬੰਧੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਦੌਰਾਨ ਮਿੱਲ ਮਾਲਕਾਂ ਦੀਆਂ ਵੱਖ-ਵੱਖ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ। ਕਟਾਰੂਚੱਕ ਨੇ ਕਿਹਾ ਕਿ ਕਸਟਮ ਮਿਲਿੰਗ ਰਾਈਸ (ਸੀ.ਐਮ.ਆਰ.) ਦੀਆਂ ਸਕਿਓਰਿਟੀ ਇੱਕ ਸਾਲ ਛੱਡ ਕੇ, ਬਾਕੀ ਮਿੱਲਰਾਂ ਨੂੰ ਵਾਪਸ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਚੌਲ ਮਿੱਲ ਮਾਲਕਾਂ ਨੂੰ 150 ਕਰੋੜ ਰੁਪਏ ਦੀ ਰਾਹਤ ਮਿਲੀ ਹੈ।

ਮੰਤਰੀ ਨੇ ਦੱਸਿਆ ਕਿ ਪਹਿਲਾਂ 175 ਰੁਪਏ ਪ੍ਰਤੀ ਟਨ ਸੀਐਮਆਰ ਸਕਿਉਰਿਟੀ ਦੀ ਥਾਂ ਹੁਣ ਸਿਰਫ਼ 10 ਰੁਪਏ ਪ੍ਰਤੀ ਟਨ ਵਸੂਲੀ ਹੋਵੇਗੀ, ਜਿਸ ਨਾਲ ਮਿੱਲ ਮਾਲਕਾਂ ਨੂੰ 300 ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ। ਇਸ ਤੋਂ ਇਲਾਵਾ, ਇਸ ਸਾਲ ਦੀ ਨੀਤੀ ਤਹਿਤ ਸੁਰੱਖਿਆ ਦਰ ਟਨ ਸਮਰੱਥਾ ਅਨੁਸਾਰ ਨਿਰਧਾਰਤ ਕੀਤੀ ਗਈ ਹੈ |

ਜਦੋਂ ਕਿ ਪਿਛਲੇ ਸਾਲਾਂ ਦੌਰਾਨ ਇਹ ਸਕਿਉਰਿਟੀ ਹਰੇਕ ਮਿੱਲ ਤੋਂ 11 ਲੱਖ ਰੁਪਏ ਦੀ ਸਮਾਨ ਦਰ ‘ਤੇ ਵਸੂਲੀ ਗਈ ਸੀ। ਪਰ ਹੁਣ 2 ਮੀਟਰਕ ਟਨ ਤੱਕ ਦੀ ਸਮਰੱਥਾ ਵਾਲੀਆਂ ਮਿੱਲਾਂ ਤੋਂ 5 ਲੱਖ ਰੁਪਏ, 2 ਤੋਂ 5 ਮੀਟਰਕ ਟਨ ਦੀ ਸਮਰੱਥਾ ਵਾਲੀਆਂ ਮਿੱਲਾਂ ਤੋਂ 7.5 ਲੱਖ ਰੁਪਏ, ਜਦਕਿ 5 ਮੀਟਰਿਕ ਟਨ ਤੋਂ ਵੱਧ ਸਮਰੱਥਾ ਵਾਲੀਆਂ ਮਿੱਲਾਂ ਤੋਂ 11 ਲੱਖ ਰੁਪਏ ਵਸੂਲੇ ਜਾਣਗੇ।

ਇਸਦੇ ਨਾਲ ਹੀ ਅਨਾਜ ਮੰਡੀਆਂ ‘ਚ ਕੰਮ ਕਰਦੇ ਮਜ਼ਦੂਰਾਂ/ਪਲੇਦਾਰਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਬਾਰਦਾਨੇ ਦੀ ਲੋਡਿੰਗ ਦੀ ਦਰ ‘ਚ ਸੋਧ ਕਰਕੇ 1.94 ਰੁਪਏ ਤੋਂ ਵਧਾ ਕੇ 2.34 ਰੁਪਏ ਕਰ ਦਿੱਤੀ ਹੈ।

 

Scroll to Top