Veterinary Hospitals

Punjab News: ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਪੰਜਾਬ ਦੇ ਸਰਕਾਰੀ ਵੈਟਰਨਰੀ ਹਸਪਤਾਲਾਂ ‘ਚ ਹੋਵੇਗਾ ਮੁਫ਼ਤ ਇਲਾਜ

ਚੰਡੀਗੜ੍ਹ, 18 ਜਨਵਰੀ 2025: ਪੰਜਾਬ ਸਰਕਾਰ ਨੇ ਸੱਪ ਦੇ ਡੰਗਣ ਦੀ ਸੂਰਤ ‘ਚ ਪਸ਼ੂਆਂ ਦੇ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ (Veterinary Hospitals) ‘ਚ ਮੁਫ਼ਤ ਇਲਾਜ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਾਂਝੀ ਕੀਤੀ ਹੈ |

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੱਪ ਦੇ ਜ਼ਹਿਰ ਤੋਂ ਬਚਾਅ ਲਈ ਪੌਲੀਵੈਲੈਂਟ ਦਵਾਈਆਂ ਜ਼ਿਲ੍ਹਾ ਪੱਧਰ ‘ਤੇ ਸਾਰੇ 22 ਪੌਲੀਕਲੀਨਿਕਾਂ ਅਤੇ 97 ਤਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ ‘ਚ ਉਪਲਬੱਧ ਕਰਵਾ ਦਿੱਤੀਆਂ ਗਈਆਂ ਹਨ |

ਇਸ ਪਹਿਲ ਦਾ ਉਦੇਸ਼ ਸੱਪ ਦੇ ਡੰਗਣ ਤੋਂ ਪੀੜਤ ਪਸ਼ੂਆਂ ਅਤੇ ਪਾਲਤੂ ਜਾਨਵਰਾਂ ਨੂੰ ਛੇਤੀ ਅਤੇ ਪ੍ਰਭਾਵਸ਼ਾਲੀ ਇਲਾਜ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਹਸਪਤਾਲ ਸੱਪ ਦੇ ਡੰਗਣ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਜ਼ਰੂਰੀ ਐਂਟੀ-ਵੇਨਮ ਦਵਾਈਆਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਨਾਲ ਲੈਸ ਕੀਤਾ ਹੈ।

ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਮੇਂ ਸਿਰ ਇਲਾਜ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਸਾਰੇ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਦੇ ਮਾਲਕਾਂ ਨੂੰ ਇਸ ਸਹੂਲਤ ਅਤੇ ਸੱਪ ਦੇ ਡੰਗਣ ਦੇ ਲੱਛਣਾਂ ਬਾਰੇ ਜਾਗਰੂਕ ਕਰਨ ਤਾਂ ਜੋ ਲੋਕ ਲੋੜ ਪੈਣ ‘ਤੇ ਆਪਣੇ ਜਾਨਵਰਾਂ ਦਾ ਤੁਰੰਤ ਇਲਾਜ ਕਰਵਾ ਸਕਣ |

ਇਸਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਇਸ ਸਹੂਲਤ ਬਾਰੇ ਜਾਗਰੂਕ ਕਰਨ ਲਈ ਹਰੇਕ ਪਸ਼ੂ ਹਸਪਤਾਲ ‘ਚ ਐਸ.ਓ.ਪੀ. ਪ੍ਰਦਰਸ਼ਿਤ ਕੀਤੀ ਜਾਵੇ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੱਪ ਦੇ ਡੰਗਣ ਦੇ ਮੁੱਢਲੇ ਲੱਛਣਾਂ ‘ਚ ਸਾਹ ਲੈਣ ਵਿੱਚ ਮੁਸ਼ਕਲ, ਸਰੀਰ ‘ਤੇ ਦੰਦਾਂ ਦੇ ਨਿਸ਼ਾਨ, ਸਰੀਰ ‘ਚ ਦਰਦ, ਕੰਬਣੀ ਅਤੇ ਜਾਨਵਰ ਦਾ ਅਧਰੰਗ, ਪਿਸ਼ਾਬ ‘ਚ ਖੂਨ ਆਦਿ ਸ਼ਾਮਲ ਹਨ।

ਉਨ੍ਹਾਂ ਸਲਾਹ ਦਿੱਤੀ ਕਿ ਕਿਸਾਨਾਂ ਨੂੰ ਜ਼ਖ਼ਮ ਨੂੰ ਕੱਟਣ ਜਾਂ ਚੂਸਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਤੁਰੰਤ ਨਜ਼ਦੀਕੀ ਪਸ਼ੂ ਹਸਪਤਾਲ (Veterinary Hospitals) ਜਾਣਾ ਚਾਹੀਦਾ ਹੈ ਅਤੇ ਪ੍ਰਭਾਵਿਤ ਜਾਨਵਰ ਦਾ ਇਲਾਜ ਸ਼ੁਰੂ ਕਰਨ ਲਈ ਤੁਰੰਤ ਪਸ਼ੂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

Read More: ਪੰਜਾਬ ਦੇ 6 ਵੈਟਰਨਰੀ ਪੌਲੀਕਲੀਨਿਕਾਂ ‘ਚ ਪੰਜਾਬ ਸਰਕਾਰ ਛੇਤੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ

Scroll to Top