ਸਪੋਰਟਸ, 03 ਮਾਰਚ 2026: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਇੱਕ ਵਾਰ ਫਿਰ ਦੁਨੀਆ ਦੀ ਨੰਬਰ-1 ਵਨਡੇ ਬੱਲੇਬਾਜ਼ ਬਣ ਗਈ ਹੈ। ਮੰਗਲਵਾਰ ਨੂੰ ਆਈਸੀਸੀ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਮਹਿਲਾ ਵਨਡੇ ਰੈਂਕਿੰਗ ‘ਚ ਮੰਧਾਨਾ ਨੇ ਦੱਖਣੀ ਅਫਰੀਕਾ ਦੀ ਲੌਰਾ ਵੋਲਵਰਡਟ ਨੂੰ ਪਿੱਛੇ ਛੱਡ ਦਿੱਤਾ ਹੈ। ਗੇਂਦਬਾਜ਼ੀ ਰੈਂਕਿੰਗ ‘ਚ ਅਲਾਨਾ ਕਿੰਗ ਨੇ ਸੋਫੀ ਏਕਲਸਟੋਨ ਨੂੰ ਪਛਾੜ ਦਿੱਤਾ, ਜੋ ਚਾਰ ਸਾਲਾਂ ਤੋਂ ਸਿਖਰਲੇ ਸਥਾਨ ‘ਤੇ ਸੀ।
ਮੰਧਾਨਾ ਦੇ ਰੇਟਿੰਗ ਅੰਕ 790 ਹੋ ਗਏ ਹਨ, ਜਦੋਂ ਕਿ ਲੌਰਾ ਵੋਲਵਰਡਟ ਦੇ ਹੁਣ 782 ਹਨ। ਮੰਧਾਨਾ ਨੇ ਆਸਟ੍ਰੇਲੀਆ ਵਿਰੁੱਧ ਲੜੀ ਵਿੱਚ 58 ਅਤੇ 31 ਦੌੜਾਂ ਦੀਆਂ ਮਹੱਤਵਪੂਰਨ ਪਾਰੀਆਂ ਖੇਡੀਆਂ। ਹਾਲਾਂਕਿ, ਮਾਰਚ ਅਤੇ ਅਪ੍ਰੈਲ ਵਿੱਚ ਨਿਊਜ਼ੀਲੈਂਡ ਵਿਰੁੱਧ ਲੜੀ ਵਿੱਚ ਵੋਲਵਰਡਟ ਕੋਲ ਨੰਬਰ-1 ਸਥਾਨ ਮੁੜ ਪ੍ਰਾਪਤ ਕਰਨ ਦਾ ਮੌਕਾ ਹੋਵੇਗਾ।
ਹਰਮਨਪ੍ਰੀਤ ਕੌਰ ਸਿਖਰਲੇ ਟਾਪ-10 ‘ਚ ਵਾਪਸੀ
ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ‘ਚ ਆਪਣੇ ਸੁਧਰੇ ਪ੍ਰਦਰਸ਼ਨ ਦਾ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਫਾਇਦਾ ਹੋਇਆ ਹੈ। ਉਹ ਚੋਟੀ ਦੇ 10 ‘ਚ ਸ਼ਾਮਲ ਹੋ ਗਈ ਹੈ। ਹਰਮਨਪ੍ਰੀਤ ਨੇ ਸੀਰੀਜ਼ ‘ਚ 53, 54 ਅਤੇ 25 ਦੌੜਾਂ ਬਣਾਈਆਂ, ਜਿਸ ਨਾਲ ਉਸਨੂੰ ਚਾਰ ਸਥਾਨਾਂ ਦੀ ਛਾਲ ਮਾਰ ਕੇ 9ਵੇਂ ਸਥਾਨ ‘ਤੇ ਪਹੁੰਚਣ ‘ਚ ਮੱਦਦ ਮਿਲੀ। ਇਸ ਦੌਰਾਨ, ਜੇਮੀਮਾ ਰੌਡਰਿਗਜ਼ ਇਸ ਸਮੇਂ ਬੱਲੇਬਾਜ਼ੀ ਰੈਂਕਿੰਗ ‘ਚ 12ਵੇਂ ਸਥਾਨ ‘ਤੇ ਹੈ।
ਐਲਿਸਾ ਹੀਲੀ ਨੇ ਚੌਥੇ ਸਥਾਨ ‘ਤੇ ਆਪਣੇ ਵਨਡੇ ਕਰੀਅਰ ਨੂੰ ਅਲਵਿਦਾ ਕਿਹਾ
ਆਸਟ੍ਰੇਲੀਆ ਦੀ ਦਿੱਗਜ ਐਲਿਸਾ ਹੀਲੀ ਨੇ ਆਪਣੇ ਆਖਰੀ ਵਨਡੇ ਮੈਚ ‘ਚ ਸੈਂਕੜਾ ਲਗਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ 744 ਅੰਕਾਂ ਨਾਲ ਚੌਥੇ ਸਥਾਨ ‘ਤੇ ਬਣੀ ਹੋਈ ਹੈ। ਬੱਲੇਬਾਜ਼ੀ ਰੈਂਕਿੰਗ ‘ਚ, ਬੈਥ ਮੂਨੀ 749 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ, ਅਤੇ ਐਸ਼ਲੇ ਗਾਰਡਨਰ 724 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਆਸਟ੍ਰੇਲੀਆ ਦੀ ਜਾਰਜੀਆ ਵੋਲ ਨੇ ਵੀ ਸੀਰੀਜ਼ ‘ਚ 54 ਦੀ ਔਸਤ ਨਾਲ ਸਕੋਰ ਕੀਤਾ, 23 ਅੰਕ ਹਾਸਲ ਕੀਤੇ ਅਤੇ 34ਵੇਂ ਸਥਾਨ ‘ਤੇ ਪਹੁੰਚ ਗਈ।
Read More: IND ਬਨਾਮ WI Result: ਭਾਰਤ ਦਾ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਡਾ ਰਨ ਚੇਜ਼, ਸੰਜੂ ਸੈਮਸਨ ਨੇ ਤੋੜੇ ਰਿਕਾਰਡ




