ਸਪੋਰਟਸ, 16 ਸਤੰਬਰ 2025: ਹਾਂਗਕਾਂਗ ‘ਤੇ ਚਾਰ ਵਿਕਟਾਂ ਦੀ ਜਿੱਤ ਨਾਲ, ਸ਼੍ਰੀਲੰਕਾ ਨੇ ਸੋਮਵਾਰ ਨੂੰ ਏਸ਼ੀਆ ਕੱਪ 2025 ਦੇ ਸੁਪਰ-4 ਪੜਾਅ ਲਈ ਕੁਆਲੀਫਾਈ ਕਰ ਲਿਆ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਹਾਂਗਕਾਂਗ ਨੇ ਨਿਜ਼ਾਕਤ ਖਾਨ ਅਤੇ ਅੰਸ਼ੁਮਨ ਰਾਠ ਵਿਚਕਾਰ ਅਰਧ-ਸੈਂਕੜਾ ਸਾਂਝੇਦਾਰੀ ਦੇ ਆਧਾਰ ‘ਤੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਜਵਾਬ ਵਿੱਚ, ਸ਼੍ਰੀਲੰਕਾ ਨੇ ਪਾਥੁਮ ਨਿਸਾਨਕਾ ਦੀ 68 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ 18.5 ਓਵਰਾਂ ਵਿੱਚ ਛੇ ਵਿਕਟਾਂ ‘ਤੇ 153 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ।
ਇਸ ਹਾਰ ਦੇ ਨਾਲ, ਮੌਜੂਦਾ ਟੂਰਨਾਮੈਂਟ ਵਿੱਚ ਹਾਂਗਕਾਂਗ ਦਾ ਸਫ਼ਰ ਖਤਮ ਹੋ ਗਿਆ। ਸ਼੍ਰੀਲੰਕਾ ਤੋਂ ਪਹਿਲਾਂ, ਉਨ੍ਹਾਂ ਨੂੰ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਕ੍ਰਮਵਾਰ ਸੱਤ ਵਿਕਟਾਂ (11 ਸਤੰਬਰ) ਅਤੇ 94 ਦੌੜਾਂ (9 ਸਤੰਬਰ) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯਾਸੀਮ ਮੁਰਤਜ਼ਾ ਦੀ ਅਗਵਾਈ ਵਾਲੀ ਟੀਮ ਗਰੁੱਪ ਬੀ ਦੇ ਅੰਕ ਸੂਚੀ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ -2.151 ਦੇ ਨੈੱਟ ਰਨ ਰੇਟ ਨਾਲ ਬਾਹਰ ਹੋ ਗਈ। ਦੂਜੇ ਪਾਸੇ, ਸ਼੍ਰੀਲੰਕਾ ਲਗਾਤਾਰ ਦੋ ਮੈਚ ਜਿੱਤਣ ਤੋਂ ਬਾਅਦ ਚਾਰ ਅੰਕਾਂ ਅਤੇ +1.546 ਦੇ ਨੈੱਟ ਰਨ ਰੇਟ ਨਾਲ ਸਿਖਰ ‘ਤੇ ਪਹੁੰਚ ਗਿਆ ਹੈ। ਹੁਣ ਟੀਮ 18 ਸਤੰਬਰ ਨੂੰ ਅਫਗਾਨਿਸਤਾਨ ਨਾਲ ਭਿੜੇਗੀ।
Read More: ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤੀ ਟੀਮ ਖ਼ਿਲਾਫ ACC ਕੋਲ ਕੀਤੀ ਸ਼ਿਕਾਇਤ