ਚੰਡੀਗੜ੍ਹ, 27 ਜੁਲਾਈ 2023: ਸੁਪਰੀਮ ਕੋਰਟ ਨੇ ਈਡੀ ਡਾਇਰੈਕਟਰ ਐਸ.ਕੇ ਮਿਸ਼ਰਾ (SK Mishra) ਨੂੰ 15 ਸਤੰਬਰ ਤੱਕ ਈਡੀ ਦੇ ਡਾਇਰੈਕਟਰ ਵਜੋਂ ਬਣੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਵਧਾਉਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਈਡੀ ਦੇ ਡਾਇਰੈਕਟਰ ਵਜੋਂ ਐਸ.ਕੇ ਮਿਸ਼ਰਾ ਦਾ ਕਾਰਜਕਾਲ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਸੀ। ਈਡੀ ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ (SK Mishra) ਦੇ ਕਾਰਜਕਾਲ ਦੇ ਵਾਧੇ ਨੂੰ ਸੁਪਰੀਮ ਕੋਰਟ ਨੇ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਆਪਣੇ ਬਕਾਇਆ ਕੰਮਾਂ ਨੂੰ ਨਿਪਟਾਉਣ ਲਈ 31 ਜੁਲਾਈ 2023 ਤੱਕ ਦਾ ਸਮਾਂ ਦਿੱਤਾ।
ਇਸਦੇ ਨਾਲ ਹੀ ਜਸਟਿਸ ਬੀਆਰ ਗਵਈ, ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਜੇ ਕਰੋਲ ਦੇ ਬੈਂਚ ਨੇ ਈਡੀ ਦੇ ਡਾਇਰੈਕਟਰ ਦੇ ਕਾਰਜਕਾਲ ਨੂੰ ਵੱਧ ਤੋਂ ਵੱਧ ਪੰਜ ਸਾਲ ਤੱਕ ਵਧਾਉਣ ਲਈ ਕੇਂਦਰੀ ਵਿਜੀਲੈਂਸ ਕਮਿਸ਼ਨ ਐਕਟ ਅਤੇ ਦਿੱਲੀ ਸਪੈਸ਼ਲ ਪੁਲਿਸ ਸਥਾਪਨਾ ਐਕਟ ਵਿੱਚ ਸੋਧਾਂ ਨੂੰ ਬਰਕਰਾਰ ਰੱਖਿਆ।