ਚੰਡੀਗੜ੍ਹ 04 ਜਨਵਰੀ 2023: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ (Sandeep Singh) ਖ਼ਿਲਾਫ਼ ਬਿਆਨ ਦਰਜ ਕਰਵਾਉਣ ਲਈ ਜੂਨੀਅਰ ਮਹਿਲਾ ਕੋਚ ਚੰਡੀਗੜ੍ਹ ਅਦਾਲਤ ਪਹੁੰਚੀ । ਇੱਥੇ ਏਸੀਜੇਐਮ ਦੀ ਅਦਾਲਤ ਵਿੱਚ ਉਸ ਦੇ ਬਿਆਨ ਦਰਜ ਕੀਤੇ ਗਏ। ਇਸ ਦੌਰਾਨ ਜੂਨੀਅਰ ਮਹਿਲਾ ਕੋਚ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਮੈਂ ਦੋਸ਼ੀ ਹਾਂ।
ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਮੰਤਰੀ ਸੰਦੀਪ ਸਿੰਘ ਦੇ ਬਿਆਨ ਦਰਜ ਕਰਕੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸੈਕਟਰ 26 ਥਾਣੇ ਦੀ ਪੁਲਿਸ ਬਿਆਨ ਦਰਜ ਕਰਨ ਲਈ ਸੰਦੀਪ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੀ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਸਿੰਘ ਘਰ ਵਿੱਚ ਮੌਜੂਦ ਨਹੀਂ ਸੀ। ਹਾਲਾਂਕਿ ਉੱਥੇ ਮੌਜੂਦ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਨੋਟਿਸ ਲਿਆ ਹੈ।
ਜਿਕਰਯੋਗ ਹੈ ਕਿ ਮਹਿਲਾ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ‘ਤੇ ਛੇੜਛਾੜ ਵਰਗੇ ਗੰਭੀਰ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਸੰਦੀਪ ਸਿੰਘ ਨੂੰ ਖੇਡ ਵਿਭਾਗ ਛੱਡਣਾ ਪਿਆ। ਕੱਲ੍ਹ ਹੀ ਚੰਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਤੋਂ 8 ਘੰਟੇ ਲੰਬੀ ਪੁੱਛਗਿੱਛ ਕੀਤੀ। ਜਿੱਥੇ ਉਸ ਦੇ ਬਿਆਨ ਵੀ ਦਰਜ ਕੀਤੇ ਗਏ।
ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਿਲਾ ਕੋਚ ਛੇੜਛਾੜ ਮਾਮਲੇ ਬਾਰੇ ਕਿਹਾ ਕਿ ਸਿਰਫ਼ ਦੋਸ਼ ਲਾਉਣ ਨਾਲ ਕਿਸੇ ਦਾ ਦੋਸ਼ੀ ਸਾਬਤ ਨਹੀਂ ਹੁੰਦਾ। ਚੰਡੀਗੜ੍ਹ ਪੁਲਿਸ ਦੀ ਐਸਆਈਟੀ ਅਤੇ ਹਰਿਆਣਾ ਪੁਲਿਸ ਦੀ ਫੈਕਟ ਫਾਈਂਡਿੰਗ ਕਮੇਟੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਸੰਦੀਪ ਨੂੰ ਖੇਡ ਵਿਭਾਗ ਤੋਂ ਹਟਾ ਦਿੱਤਾ ਗਿਆ ਹੈ ਤਾਂ ਜੋ ਜਾਂਚ ਪ੍ਰਭਾਵਿਤ ਨਾ ਹੋਵੇ। ਇਸਦੇ ਨਾਲ ਹੀ ਹਰਿਆਣਾ ਦੇ ਡੀਜੀਪੀ ਪੀਕੇ ਅਗਰਵਾਲ ਨੇ ਜਾਂਚ ਲਈ 3 ਮੈਂਬਰਾਂ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ।
31 ਦਸੰਬਰ ਨੂੰ ਮੁਢਲੀ ਜਾਂਚ ਵਿੱਚ ਮਹਿਲਾ ਕੋਚ ਦੇ ਬਿਆਨ ’ਤੇ ਸੰਦੀਪ ਸਿੰਘ (Sandeep Singh) ਖ਼ਿਲਾਫ਼ ਸੈਕਟਰ-26 ਪੁਲਿਸ ਸਟੇਸ਼ਨ ਚੰਡੀਗੜ੍ਹ ਵਿੱਚ ਧਾਰਾ 354, 354ਏ, 354ਬੀ, 342 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ ।ਮਹਿਲਾ ਕੋਚ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਭਾਵੇਂ ਹੀ ਆਪਣਾ ਖੇਡ ਮੰਤਰਾਲਾ ਛੱਡ ਦਿੱਤਾ ਹੋਵੇ, ਪਰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦਬਾਅ ਅਜੇ ਵੀ ਉਨ੍ਹਾਂ ਉੱਤੇ ਘੱਟ ਨਹੀਂ ਹੋਇਆ ਹੈ।