Pastor Bajinder Singh

ਪਾਦਰੀ ਬਜਿੰਦਰ ਸਿੰਘ ਖਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ‘ਚ SIT ਦਾ ਗਠਨ, ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

ਚੰਡੀਗੜ੍ਹ, 04 ਮਾਰਚ 2025: ਪੰਜਾਬ ਦੇ ਕਪੂਰਥਲਾ ‘ਚ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਤਾਰਪੁਰ ਚਰਚ ਦੇ ਪਾਦਰੀ ਬਜਿੰਦਰ ਸਿੰਘ (Pastor Bajinder Singh) ਵਿਰੁੱਧ ਐਫਆਈਆਰ ਦਰਜ ਹੋਣ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਹੈ। ਇਸ ਦੀ ਪੁਸ਼ਟੀ ਕਪੂਰਥਲਾ ਪੁਲਿਸ ਦੇ ਐਸਪੀ ਡੀ ਸਰਬਜੀਤ ਸਿੰਘ ਰਾਏ ਨੇ ਕੀਤੀ ਹੈ।

ਐਸਆਈਟੀ ‘ਚ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ, ਡੀਐਸਪੀ ਦੀਪਕਰਨ ਸਿੰਘ ਅਤੇ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਵਿਕਰਮਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਵੀ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਪੁਲਿਸ ਤੋਂ ਛੇਤੀ ਤੋਂ ਛੇਤੀ ਜਾਂਚ ਰਿਪੋਰਟ ਤਲਬ ਕੀਤੀ ਹੈ।

ਇਹ ਸ਼ਿਕਾਇਤ ਔਰਤ ਵੱਲੋਂ ਸਿਟੀ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਗਈ ਸੀ। ਐਫਆਈਆਰ ‘ਚ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਦੇ ਤਾਜਪੁਰ ਪਿੰਡ ‘ਚ ਸਥਿਤ ‘ਦ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਪ੍ਰੋਫੈਸਰ ਬਜਿੰਦਰ ਸਿੰਘ ਨੇ ਜਲੰਧਰ ‘ਚ ਉਸ ਨਾਲ ਛੇੜਛਾੜ ਕੀਤੀ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਉਸਦੇ ਮਾਤਾ-ਪਿਤਾ ਅਕਤੂਬਰ 2017 ਤੋਂ ਚਰਚ ਜਾਣਾ ਸ਼ੁਰੂ ਕਰ ਦਿੱਤਾ ਸੀ।

ਇਸ ਦੌਰਾਨ, ਬਜਿੰਦਰ ਸਿੰਘ (Pastor Bajinder Singh) ਨੇ ਉਸਦਾ ਫ਼ੋਨ ਨੰਬਰ ਲੈ ਲਿਆ ਅਤੇ ਕਥਿਤ ਤੌਰ ‘ਤੇ ਅਣਉਚਿਤ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਔਰਤ ਨੇ ਦੋਸ਼ ਲਗਾਇਆ ਕਿ 2022 ‘ਚ, ਬਜਿੰਦਰ ਸਿੰਘ ਨੇ ਉਸਨੂੰ ਚਰਚ ਦੇ ਇੱਕ ਕੈਬਿਨ ‘ਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਉਸ ਨਾਲ ਕਥਿਤ ਤੌਰ ‘ਤੇ ਅਣਉਚਿਤ ਵਿਵਹਾਰ ਕਰਦਾ ਸੀ।

ਮੋਹਾਲੀ ਜ਼ਿਲ੍ਹਾ ਜੱਜ (ਏਐਸਜੇ) ਹਰਸਿਮਰਨਜੀਤ ਸਿੰਘ ਨੇ ਸੋਮਵਾਰ ਨੂੰ ਜਲੰਧਰ ਦੇ ਪਾਦਰੀ ਬਜਿੰਦਰ ਸਿੰਘ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ । ਪਾਦਰੀ ਦੇ ਵਕੀਲ ਨੇ ਅਦਾਲਤ ਵਿੱਚ ਪੇਸ਼ ਹੋਣ ਵਿੱਚ ਕੁਝ ਨਿੱਜੀ ਮੁਸ਼ਕਲ ਦਾ ਹਵਾਲਾ ਦਿੰਦੇ ਹੋਏ ਛੋਟ ਦੀ ਅਰਜ਼ੀ ਦਾਇਰ ਕੀਤੀ ਸੀ।

ਸ਼ਿਕਾਇਤਕਰਤਾ ਲੜਕੀ ਵੱਲੋਂ ਪੇਸ਼ ਹੋਏ ਵਕੀਲ ਮੋਹਿਤ ਵਰਮਾ ਨੇ ਅਰਜ਼ੀ ਦਾ ਵਿਰੋਧ ਕੀਤਾ। ਦਲੀਲਾਂ ਸੁਣਨ ਤੋਂ ਬਾਅਦ, ਜੱਜ ਨੇ ਛੋਟ ਦੀ ਅਰਜ਼ੀ ਰੱਦ ਕਰ ਦਿੱਤੀ। ਉਪਰੋਕਤ ਘਟਨਾ ਕਾਰਨ ਈਸਾਈ ਭਾਈਚਾਰੇ ਨੇ ਕੱਲ੍ਹ ਹਾਈਵੇਅ ਬੰਦ ਕਰ ਦਿੱਤਾ ਸੀ। ਸ਼ਨੀਵਾਰ ਨੂੰ ਕਪੂਰਥਲਾ ਪੁਲਿਸ ਨੇ ਪਾਦਰੀ ਬਜਿੰਦਰ ਸਿੰਘ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕੀਤਾ।

ਬਜਿੰਦਰ ਸਿੰਘ ਨੇ ਆਪਣੇ ਖਿਲਾਫ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਕਿਹਾ ਕਿ ਔਰਤ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਜੇਕਰ ਦੋਸ਼ ਲਗਾਏ ਗਏ ਹਨ ਤਾਂ ਕੋਈ ਸਬੂਤ ਹੋਣਾ ਚਾਹੀਦਾ ਹੈ। ਬਜਿੰਦਰ ਨੇ ਕਿਹਾ ਕਿ ਔਰਤ ਨੂੰ ਦੌਰੇ ਪੈਂਦੇ ਸਨ। ਬੁਰੀਆਂ ਆਤਮਾਵਾਂ ਨਾਲ ਇੱਕ ਸਮੱਸਿਆ ਸੀ। ਉਹ ਸਾਡੇ ਕੋਲ ਇਲਾਜ ਲਈ ਆਈ ਸੀ। ਉਹ ਸਾਡੀ ਧੀ ਵਰਗੀ ਹੈ ਅਤੇ ਇੱਥੇ ਵੀ ਉਹ ਧੀ ਵਾਂਗ ਰਹਿੰਦੀ ਸੀ। ਬਜਿੰਦਰ ਨੇ ਕਿਹਾ- ਵਿਜੇ ਉਸੇ ਜਗ੍ਹਾ ਤੋਂ ਹੈ ਜਿੱਥੇ ਮੈਂ ਵੱਡਾ ਹੋਇਆ ਸੀ। ਵਿਜੇ ਮੈਨੂੰ ਦੇਖ ਕੇ ਈਰਖਾ ਕਰਦਾ ਹੈ। ਇਸ ਕਾਰਨ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Read More: ਪੰਜਾਬ ਦੇ ਮਸ਼ਹੂਰ ਪਾਦਰੀ ਲਾਭ ਬਰਜਿੰਦਰ ਸਿੰਘ ਖਿਲਾਫ ਕਥਿਤ ਤੌਰ ‘ਤੇ ਛੇੜਛਾੜ ਦਾ ਮਾਮਲਾ ਦਰਜ

Scroll to Top