ਪਟਿਆਲਾ, 12 ਜੁਲਾਈ 2023: ਪੰਜਾਬ ਭਰ ਅਤੇ ਨਾਲ ਲੱਗਦੇ ਸੂਬਿਆਂ ‘ਚ ਆਏ ਹੜ੍ਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਜਿਸਦੇ ਚੱਲਦੇ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ ਤੇ ਲੋਕ ਬੇਘਰ ਹੋ ਚੁੱਕੇ ਹਨ। ਇਸਦੇ ਹੀ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ। ਪਰ ਇਸ ਮੁਸ਼ਕਿਲ ਸਮੇਂ ਜਿੱਥੇ ਸਰਕਾਰਾਂ, ਸੁਰੱਖਿਆ ਟੀਮਾਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਆਪਣੀ ਸੇਵਾਵਾਂ ਦੇ ਰਹੀਆਂ ਹਨ, ਉੱਥੇ ਹੀ ਪੋਲੀਵੁੱਡ ਇੰਡਸਟਰੀ ਦੇ ਨਾਮੀ ਗਾਇਕ ਹਰਜੀਤ ਹਰਮਨ (Singer Harjit Harman) ਵੀ ਪਟਿਆਲਾ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਖੁਦ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਦੇ ਹੋਏ ਨਜ਼ਰ ਆਏ ਹਨ।
ਇਸ ਮੌਕੇ ਹਰਜੀਤ ਹਰਮਨ ਵਲੋਂ ਆਪਣੀ ਟੀਮ ਨਰਿੰਦਰ ਖੇੜੀਮਾਨੀਆਂ, ਜਿੰਦ ਜਵੰਦਾ, ਹਰਜੀਤ ਸਿੰਘ ਖੱਟੜਾ, ਲਾਡੀ ਖਹਿਰਾ ਅਤੇ ਤਰਨੀ ਭੁੱਲਰ ਸਮੇਤ ਸਥਾਨਕ ਅਰਬਨ ਸਟੇਟ ਫੈਸ ਟੂ ਅਤੇ ਚਿਨਾਰ ਨਗਰ ਵਿਖੇ ਪਹੁੰਚ ਕੇ ਲੋਕਾਂ ਨੂੰ ਲੰਗਰ, ਪੀਣ ਵਾਲਾ ਪਾਣੀ, ਦੁੱਧ, ਬਰੈਡ, ਰਸ ਅਤੇ ਬਿਸਕੁਟ ਆਦਿ ਵੰਡਣ ਦੀ ਸੇਵਾ ਕੀਤੀ ਗਈ ਹੈ । ਹਰਜੀਤ ਹਰਮਨ ਨੇ ਹੜ੍ਹਾਂ ਦੀ ਇਸ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਸਮੁੱਚੀ ਪੋਲੀਵੁੱਡ ਇੰਡਸਟਰੀ ਅਤੇ ਲੋਕਾਂ ਨੂੰ ਹੜ੍ਹਾਂ ਪੀੜ੍ਹਤ ਲੋਕਾਂ ਦੀ ਮੱਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਸ਼ਾਇਰ ਪਾਰਸ ਕਾਫ਼ਿਰ (ਪਾਰਸ ਸ਼ਰਮਾ) ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਜ਼ਬੂਤ ਹਨ ਅਤੇ ਸਥਿਤੀ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਰਹੇ ਹਨ ਅਤੇ ਜਲਦ ਹੀ ਇਸ ਬਿਪਤਾ ਨੂੰ ਪਾਰ ਕਰਨਗੇ।