ਚੰਡੀਗੜ੍ਹ , 21 ਜੂਨ 2023: ਗਾਇਕ ਅਤੇ ਰੈਪਰ ਹਨੀ ਸਿੰਘ (Honey Singh) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹਨੀ ਸਿੰਘ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ।
ਦਿੱਲੀ ਪੁਲਿਸ ਮੁਤਾਬਕ ਹਨੀ ਸਿੰਘ ਨੇ ਬੁੱਧਵਾਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਨਾਲ ਮੁਲਾਕਾਤ ਕੀਤੀ। ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਰੈਪਰ ਅਤੇ ਗਾਇਕ ਹਨੀ ਸਿੰਘ ਨੂੰ ਵਾਇਸ ਨੋਟ ਰਾਹੀਂ ਧਮਕੀ ਦਿੱਤੀ ਹੈ। ਹਨੀ ਸਿੰਘ ਦੇ ਦਫਤਰ ਦੀ ਤਰਫੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸਪੈਸ਼ਲ ਸੈੱਲ ਵੌਇਸ ਨੋਟ ਦੀ ਜਾਂਚ ਕਰਦੇ ਹੋਏ ਅੱਗੇ ਦੀ ਜਾਂਚ ਕਰ ਰਿਹਾ ਹੈ। ਹਨੀ ਸਿੰਘ ਨੇ ਦਿੱਲੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਹਨੀ ਸਿੰਘ (Honey Singh) ਨੇ ਦੱਸਿਆ ਕਿ ਜਦੋਂ ਮੇਰੇ ਮੈਨੇਜਰ ਦਾ ਮੈਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਫੋਨ ਆਇਆ ਤਾਂ ਮੈਂ ਉਸ ਸਮੇਂ ਅਮਰੀਕਾ ‘ਚ ਸੀ। ਮੈਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰਨਗੇ। ਮੈਨੂੰ ਲੱਗਦਾ ਹੈ ਕਿ ਵਿਸ਼ੇਸ਼ ਸੈੱਲ ਮਾਮਲੇ ਦੀ ਜਾਂਚ ਕਰੇਗਾ। ਮੈਂ ਉਨ੍ਹਾਂ ਨੂੰ ਪੂਰੀ ਜਾਣਕਾਰੀ ਅਤੇ ਸਬੂਤ ਦੇ ਦਿੱਤੇ ਹਨ। ਗੋਲਡੀ ਬਰਾੜ ਵੀ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਹੈ ਅਤੇ ਫਿਲਹਾਲ ਉਹ ਇਸ ਸਮੇਂ ਵਿਦੇਸ਼ ਵਿੱਚ ਹੈ।