Religious Education Bill

ਓਹਾਇਓ ਸੂਬੇ ਦੇ ਸੱਭਿਆਚਾਰਕ ਸਿੱਖਿਆ ਬਿੱਲ ਸੰਬੰਧੀ ਦੂਜੀ ਸੁਣਵਾਈ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਦਸੰਬਰ 25, 2023 (ਕੋਲੰਬਸ, ਓਹਾਇਓ): ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਵੱਖ ਵੱਖ ਸਭਿਆਚਾਰਾ ਅਤੇ ਧਰਮਾਂ ਸੰਬੰਧੀ ਬਹੁ-ਸੱਭਿਚਾਰਕ ਸਿੱਖਿਆ ਬਿੱਲ (ਐਚ ਬੀ 171) (Religious Education Bill) ਦੇ ਸਮਰਥਕਾਂ ਨੇ ਓਹਾਇਓ ਸਟੇਟ ਹਾਉਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ।

ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀ ਲਾਈਟਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਏਸ਼ੀਅਨ ਅਮੈਰੀਕਨ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਇਸ ਸਮੇਂ ਸਕੂਲੀ ਪਾਠਕ੍ਰਮ ਵਿੱਚ ਸਿੱਖਾਂ ਸਣੇ ਕਈ ਹੋਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਜਾਣਕਾਰੀ ਪੜਾਈ ਵਿੱਚ ਸ਼ਾਮਲ ਨਹੀਂ ਹੈ।

ਇਸ ਬਿੱਲ (Religious Education Bill) ਨੂੰ ਓਪੀਏਡਬਲਉਐਲ ਸੰਸਥਾ ਦੇ ਯਤਨਾਂ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਦੀ ਪ੍ਰਬੰਧਕ ਅਰਿਆਨਾ ਕੋਲਾਵਾਲਾ, ਲੀਜ਼ਾ ਫੈਕਟੋਰੀ ਬੋਰਚਰਜਸ਼, ਉਸਦੀ 8 ਸਾਲ ਦੀ ਧੀ ਰੋਜ਼ਾਰੀਓ ਬੋਰਚਰਜਸ਼ ਅਤੇ ਓਹਾਇਓ ਕੌਂਸਲ ਆਫ ਦਿ ਸੋਸ਼ਲ ਸਟੱਡੀਜ਼ ਦੇ ਦੋ ਪ੍ਰਤੀਨਿਧਾਂ ਨੇ ਬਿੱਲ ਦੇ ਹੱਕ ਵਿੱਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕੀਤਾ। ਸੁਣਵਾਈ ਤੋਂ ਪਹਿਲਾਂ, ਕਲੀਵਲੈਂਡ ਤੋਂ ਅਧਿਆਪਕ ਸਨਮਪ੍ਰੀਤ ਕੋਰ ਗਿੱਲ ਸਣੇ ਹੋਰਨਾਂ ਭਾਈਚਾਰਿਆਂ ਦੇ ਤਕਰੀਬਨ 70 ਸਮਰਥਕਾਂ ਨੇ ਵੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਪੱਖ ਭੇਜਿਆ ਸੀ।

ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਿੱਖ ਧਰਮ ਸਮੇਤ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਬਾਰੇ ਜਾਣਕਾਰੀ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ ਅਤੇ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ ਪੈ ਸਕੇਗੀ।ਇਸ ਸੁਣਵਾਈ ਤੋਂ ਪਹਿਲਾਂ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਸਣੇ ਓਹਾਇਓ ਐਜੁਕੇਸ਼ਨ ਐਸੋਸੀਏਸ਼ਨ, ਇਸਲਾਮੀਕ ਅਮੈਰੀਕਨ ਰੀਲੇਸ਼ਨ ਅਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆ ਨੇ ਇਸ ਬਿੱਲ ਦੇ ਹੱਕ ਵਿੱਚ ਪ੍ਰੈੱਸ ਅਤੇ ਹਾਜ਼ਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸੰਸਥਾ ਸਿੱਖ ਕੋਲੀਸ਼ਨ ਦੇ ਸੱਦੇ ‘ਤੇ ਸਿੱਖ ਭਾਈਚਾਰੇ ਵੱਲੋਂ ਸਮੀਪ ਸਿੰਘ ਗੁਮਟਾਲਾ ਨੇ ਸੰਬੋਧਨ ਕਰਦਿਆਂ ਬਿੱਲ ਨੂੰ ਪੇਸ਼ ਕਰਨ ਲਈ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਿੱਖ 125 ਸਾਲਾਂ ਤੋਂ ਅਮਰੀਕਾ ਦਾ ਹਿੱਸਾ ਹਨ ਪਰ ਬਹੁਤੇ ਅਮਰੀਕਨ ਲੋਕਾਂ ਨੂੰ ਸਿੱਖਾਂ ਅਤੇ ਉਹਨਾਂ ਦੀ ਵੱਖਰੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ। ਸਕੂਲਾਂ ਵਿੱਚ ਹੋਰਨਾਂ ਧਰਮਾਂ ਦੀ ਜਾਣਕਾਰੀ ਦੇਣ ਸਮੇਂ ਸਿੱਖ ਧਰਮ ਬਾਰੇ ਨਾ ਦੱਸੇ ਜਾਣ ਕਾਰਨ ਸਿੱਖ ਬੱਚਿਆਂ ਨੂੰ ਕਈ ਵਾਰ ਵਿਤਕਰੇ (ਬੁਲਿੰਗ) ਦਾ ਸਾਹਮਣਾ ਕਰਨਾ ਪੈਂਦਾ ਹੈ।

ਸਿੱਖ ਕੋਲੀਸ਼ਨ ਵੱਲੋਂ ਸਕੂਲਾਂ ਵਿੱਚ ਬੱਚਿਆਂ ਨਾਲ ਹੁੰਦੀ ਬੁਲਿੰਗ ਸੰਬੰਧੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਗੁਮਟਾਲਾ ਨੇ ਦੱਸਿਆ ਕਿ 67% ਸਿੱਖ ਬੱਚਿਆਂ ਨੂੰ ਆਪਣੀ ਦਸਤਾਰ ਜਾਂ ਕਕਾਰਾਂ ਰੱਖਣ ‘ਤੇ ਬੁਲਿਂਗ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸਿੱਖ ਬੱਚਿਆਂ ਨਾਲ ਹੋ ਰਹੀ ਬੁਲਿੰਗ ਦੀ ਇਹ ਔਸਤ ਗਿਣਤੀ ਪੂਰੇ ਅਮਰੀਕਾ ਵਿੱਚ ਹੋਰਨਾਂ ਭਾਈਚਾਰਿਆਂ ਦੇ ਬੱਚਿਆਂ ਦੀ ਗਿਣਤੀ ਨਾਲੋਂ ਦੁਗਣੀ ਹੈ। ਮੈਂ ਸਕੂਲ ਵਿੱਚ ਪੜ ਰਹੇ 2 ਬੱਚਿਆਂ ਦਾ ਪਿਤਾ ਹਾਂ ਤੇ ਮੇਰੇ ਲਈ ਵੀ ਇਹਨੀ ਵੱਡੀ ਗਿਣਤੀ ਵਿੱਚ ਬੁਲਿੰਗ ਚਿੰਤਾਜਨਕ ਹੈ।

ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਨੇ ਗੁਮਟਾਲਾ, ਉਹਨਾਂ ਦੀ ਸਪੁੱਤਰੀ ਮਿਹਰ ਕੋਰ, ਸਕੂਲ ਅਧਿਆਪਕ ਸਨਮਦੀਪ ਕੋਰ ਗਿੱਲ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਸਕੂਲੀ ਪਾਠਕ੍ਰਮ ਵਿੱਚ ਸਿੱਖ ਕਮਿਉਨਿਟੀ ਬਾਰੇ ਵੀ ਜਾਣਕਾਰੀ ਓਹਾਇਓ ਦੇ ਵਿਦਿਆਰਥੀਆਂ ਨੂੰ ਮਿਲੇਗੀ।

ਜੂਨ ਮਹੀਨੇ ਵਿੱਚ ਪਹਿਲੀ ਸੁਣਵਾਈ ਤੋਂ ਪਹਿਲਾਂ ਸਿੱਖ ਕੋਲੀਸ਼ਨ ਵਲੌਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ, ਓਹਾਇਓ ਸਟੇਟ ਹਾਉਸ ਪੁੱਜੇ ਸਨ। ਇੱਥੇ ਉਹਨਾਂ ਨੇ ਇਸ ਬਿੱਲ ਦੇ ਸਮਰਥਕਾਂ ਹੋਰਨਾਂ ਭਾਈਚਾਰਿਆਂ ਨਾਲ ਮਿਲ ਕੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਕੋਲ ਜਾ ਕੇ ਹਾਉਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਲੋਂ ਵੀ ਇਸ ਬਿਲ ਦੇ ਹੱਕ ਵਿੱਚ ਦਸਤਖਤੀ ਮੁਹਿੰਮ ਅਰੰਭੀ ਗਈ ਸੀ ਤੇ ਆਪਣੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ।

Scroll to Top