TheUnmute.com

ਸ਼ਿਲੌਂਗ ‘ਚ ਵੱਸਦੇ ਸਿੱਖ ਪਰਿਵਾਰ ਇਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ

ਚੰਡੀਗੜ੍ਹ, 8 ਮਾਰਚ 2022 : ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ‘ਚ ਤਕਰੀਬਨ ਢਾਈ ਸੌ ਸਿੱਖ ਪਰਿਵਾਰ ਵੱਸਦੇ ਨੇ। ਅੰਗਰੇਜ਼ਾਂ ਨੇ ਪੰਜਾਬ ਦੇ ਗੁਰਦਾਸਪੁਰ ਇਲਾਕੇ ਤੋਂ ਲਿਆਕੇ ਏਥੇ ਸਿੱਖਾਂ ਨੂੰ ਵਸਾਇਆ ਸੀ। ਇਹ ਪਰਿਵਾਰ ਸਫਾਈ ਸੇਵਕਾਂ ਵਜੋੰ ਕੰਮ ਕਰਦੇ ਰਹੇ, ਇਹ ਲਗਭਗ 1850 ਦੇ ਨੇੜੇ ਤੇੜੇ ਦਾ ਵਰਤਾਰਾ।

ਇਹਨਾਂ ਪਰਿਵਾਰਾਂ ਨੂੰ ਏਥੇ ਰਿਹਾਇਸ਼ੀ ਥਾਂ ਅਲਾਟ ਕੀਤੇ ਗਏ ਤੇ ਬਕਾਇਦਾ ਲਿਖਤੀਨਾਮੇ ਹੋਏ। ਸਿੱਖ ਅਬਾਦੀ ਦੇ ਇਸ ਤਿੰਨ ਕ ਕਿੱਲੇ ਥਾਂ ਨੂੰ ‘ਪੰਜਾਬੀ ਲੇਨ’ ਕਿਹਾ ਜਾਂਦਾ। 1980 ਦੇ ਨੇੜੇ ਤੇੜੇ ਪਹਿਲੀ ਵਾਰ ਇਹਨ੍ਹਾਂ ਸਿੱਖਾਂ ਖਿਲਾਫ ਏਥੋਂ ਦੇ ਲੋਕਾਂ ਨੇ ਅਵਾਜ਼ ਚੱਕੀ। ਮੇਘਾਲਿਆ ਦੇ ਵਿਚਾਲੜਲੇ ਇਲਾਕੇ ‘ਚ ‘ਖਾਸੀ’ ਕਬੀਲੇ ਦੇ ਲੋਕ ਵੱਸਦੇ ਨੇ। ਇਹਨ੍ਹਾਂ ਨੂੰ ਖਸੀਏ ਕਿਹਾ ਜਾਂਦਾ।

ਹੁਣ ਮਸਲਾ ਕੀ ਹੈ ?

ਪੁਲਿਸ ਬਜ਼ਾਰ ਦਾ ਇਲਾਕਾ ਸ਼ਿਲੌਂਗ ਦਾ ਦਿਲ ਹੈ, ਸਾਰੀ ਰੌਣਕ ਏਥੇ ਹੁੰਦੀ ਹੈ । ਸਿੱਖਾਂ ਦੇ ਘਰ ਵੀ ਇਸ ਬਜ਼ਾਰ ਦੇ ਨਾਲ ਹੀ ਹਨ। ਇਥੋਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਖਸੀਏ ਲੋਕਾਂ ਦਾ ਵੋਟ ਕੈਸ਼ ਕਰਨ ਖਾਤਰ ਇਹਨ੍ਹਾਂ ਸਿੱਖਾਂ ਨੂੰ ਉਜਾੜਣਾ ਚਾਹੁੰਦੇ ਨੇ। ਪੂਰਾ ਪੌਸ਼ ਇਲਾਕਾ ਹੋਣ ਕਰਕੇ ਲੀਡਰ ਏਥੇ ਸ਼ਾਪਿੰਗ ਮਾਲ ਤੇ ਹੋਰ ਬਿਜ਼ਨਸ ਉਸਾਰਣੇ ਚਾਹੁੰਦੇ ਨੇ।

ਏਦੋਂ ਪਹਿਲਾਂ ਤਿੰਨ ਵਾਰ ਸਿੱਖਾਂ ਤੇ ਖਸੀਏ ਲੋਕਾਂ ਦੀ ਲੜਾਈ ਹੋ ਚੁੱਕੀ ਆ। ਵੋਟਾਂ ਵੇਲੇ ਇਹ ਮੁੱਦਾ ਵਾਹਵਾ ਭਖਾਇਆ ਜਾਂਦਾ। 2018 ‘ਚ ਦੱਸਦੇ ਆ ਚਿਰਾਪੂੰਜੀ ਤੱਕ ਦੇ ਪਿੰਡਾਂ ਦੇ ਖਸੀਏ ਬੱਸਾਂ ਭਰਕੇ ਏਥੇ ਆਏ ਤੇ ਸਿੱਖਾਂ ਤੇ ਤਕੜੇ ਹਮਲੇ ਹੋਏ | ਸਿੱਖ ਜਵਾਨਾਂ ਕਰੜਾ ਜਵਾਬ ਦਿੱਤਾ, ਹੁਣ ਓਸ ਗਲੀ ਦੇ ਦੋਹੇਂ ਪਾਸੇ ਫੌਜ ਦਾ ਨਾਕਾ ਲੱਗਾ ਹੋਇਆ ਹੈ ।

ਸਿੱਖਾਂ ਦੇ ਘਰ ਲੱਕੜ ਤੇ ਟੀਨਾਂ ਦੇ ਬਣੇ ਹੋਏ ਨੇ। ਪੱਕੇ ਮਕਾਨ ਪਾਓਣ ਲਈ ਮਨਜ਼ੂਰੀ ਲੈਣੀ ਪੈਂਦੀ ਆ ਤੇ ਮਨਜ਼ੂਰੀ ਸਰਕਾਰ ਦਿੰਦੀ ਨਹੀਂ। ਸਿੱਖਾਂ ਨੇ ਏਥੇ ਹੁਣ ਵੱਡਾ ਗੁਰਦੁਆਰਾ ਉਸਾਰਿਆ, ਮਾੜੇ ਹਾਲਾਤਾਂ ‘ਚ ਓਹ ਕਿਲ੍ਹੇ ਵਾਂਗ ਵਰਤ ਸਕਣਗੇ। ਮੇਘਾਲਿਆ ਹਾਈ ਕੋਰਟ ਨੇ ਪਹਿਲਾਂ ਸਿੱਖਾਂ ਦੇ ਹੱਕ ‘ਚ ਫੈਸਲਾ ਸੁਣਾਇਆ ਸੀ ਏਸੇ ਕਰਕੇ ਏਥੇ ਬੈਠੇ ਨੇ।

ਪਰ ਏਥੋਂ ਦੀ ਸਰਕਾਰ ਨੇ ਸਿੱਖਾਂ ਨੂੰ ਏਥੋਂ ਚੱਕਣ ਖਾਤਰ ਅਪੀਲ ਪਾਈ ਹੋਈ ਆ। ਸਮਾਂ ਫੈਸਲਾ ਕਰੂ। ਇਹ ਸਿੱਖ ਚੰਗੀ ਸ਼ਪੱਸ਼ਟ ਪੰਜਾਬੀ ਬੋਲਦੇ ਨੇ ਤੇ ਪੰਜਾਬੀ ਪਹਿਰਾਵਾ ਤੇ ਸਲੀਕਾ ਰੱਖਦੇ ਨੇ। ਇਹਨਾਂ ਤੋਂ ਬਿਨ੍ਹਾਂ 1947 ਵੇਲੇ ਉੱਜੜ ਕੇ ਆਏ ਸਿੱਖ ਪਰਿਵਾਰ ਵੀ ਸ਼ਿਲੌੰਗ ‘ਚ ਵੱਸੇ ਹੋਏ ਨੇ। ਓਹਨ੍ਹਾਂ ਦਾ ਗੁਰਦੁਆਰਾ ਤੇ ਰਹਿਣ ਸਹਿਣ ਰਾਜ ਭਵਨ ਵਾਲੇ ਪਾਸੇ ਆ। …

Exit mobile version