ਪਟਿਆਲਾ, 23 ਸਤੰਬਰ 2024: ਪੰਜਾਬ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਪਟਿਆਲਾ ਵਿਖੇ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ (Sign language) ਦਿਹਾੜੇ ਦੇ ਸੂਬਾ ਪੱਧਰੀ ਸਮਾਗਮ ‘ਚ ਸ਼ਮੂਲੀਅਤ ਕੀਤੀ | ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਬੋਲਣ ਅਤੇ ਸੁਨਣ ਤੋਂ ਅਸਮਰੱਥ ਲੋਕ ਵੀ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹਨ | ਇਸਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਕੇਤਿਕ ਭਾਸ਼ਾ ਨੂੰ ਵੀ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ।
ਡਾ. ਬਲਜੀਤ ਕੌਰ ਕਿਹਾ ਕਿ ਛੇਤੀ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ
ਦੇ ਸੁਝਾਅ ਨਾਲ ਸਦਨ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਵੀ ਪਹੁੰਚਾਉਣ ਲਈ ਪੰਜਾਬ ਵਿਧਾਨ ਸਭਾ ‘ਚ ਵੀ ਸੰਕੇਤਿਕ ਭਾਸ਼ਾ (Sign language) ਨੂੰ ਲਾਗੂ ਕੀਤਾ ਜਾਵੇਗਾ। ਇਸਤੋਂ ਇਲਾਵਾ ਅਜਿਹੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਪੁਲਿਸ ਨੂੰ ਵੀ ਸੰਕੇਤਿਕ ਭਾਸ਼ਾ ਦੀ ਸਿਖਲਾਈ ਦਿੱਤੀ ਜਾਵੇਗੀ।
ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਦਰਤੀ ਹਰ ਇਨਸਾਨ ‘ਚ ਕੋਈ ਨਾ ਕੋਈ ਅਪੰਗਤਾ ਹੈ ਅਤੇ ਇਹ ਕਿਸੇ ਇੱਕ ਵਰਗ ਤੱਕ ਸੀਮਤ ਨਹੀਂ ਹੈ | ਸਦਾ ਸਭ ਦਾ ਫ਼ਰਜ਼ ਬਣਦਾ ਹੈ ਕਿ ਕਿਸੇ ਇੱਕ ਪੱਖੋਂ ਪਛੜੇ ਲੋਕਾਂ ਨੂੰ ਹੌਂਸਲਾ ਦੇ ਕੇ ਅੱਗੇ ਵਧਾਇਆ ਜਾਵੇ | ਇਨ੍ਹਾਂ ਵਿਅਕਤੀ ਅੰਦਰ ਇੱਕ ਵੱਡਾ ਤੁਫ਼ਾਨ ਹੁੰਦਾ ਹੈ ਤੇ ਉਨ੍ਹਾਂ ਅੰਦਰ ਲੁਕੀ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਉਣ ਦਾ ਕੰਮ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਕੋਈ ਵਿਅਕਤੀ ਸਰੀਰਕ ਪੱਖੋਂ ਕਿਸੇ ਅੰਗ ਤੋਂ ਵਾਂਝੇ ਹੋਣ ਨਾਲ ਉਹ ਅਧੂਰਾ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ‘ਤੇ ਅਧੂਰੇ ਹੋਣਾ ਵੱਡੀ ਘਾਟ ਹੁੰਦੀ ਹੈ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇੱਕ ਦੂਜੇ ਨੂੰ ਸਮਝਣ ਲਈ ਭਾਸ਼ਾ ਇੱਕ ਜ਼ਰੀਆ ਹੈ ਪਰ ਪਿਆਰ, ਮੁਹੱਬਤ, ਸਦਭਾਵਨਾ ਤੇ ਰਹਿਮ ਦਿਲ ਹੋਣਾ ਸਭ ਤੋਂ ਵੱਡੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਹਾਸ਼ੀਏ ਵੱਲ ਧੱਕੇ ਲੋਕ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ | ਪੰਜਾਬ ਸਰਕਾਰ ਵੱਲੋਂ ਅਜਿਹੇ ਦੱਬੇ-ਕੁਚਲੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਲਿਆਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੋਲਣ ਤੇ ਸੁਣਨ ਤੋਂ ਅਸਮਰਥ ਖਾਸ ਕਰਕੇ ਅਜਿਹੇ ਬੱਚੇ ਲਈ ਸੰਕੇਤਿਕ ਭਾਸ਼ਾ (Sign language) ਨਵੇਂ ਦਰਵਾਜੇ ਖੋਲ੍ਹੇਗੀ ਤਾਂ ਉਹ ਆਪਣੀ ਤਰੱਕੀ ਦੀ ਰਾਹ ‘ਚ ਰੁਕਾਵਟ ਨਾ ਸਮਝਣ | ਉਹ ਜੋ ਚਾਹੁੰਦੇ ਹਨ, ਉਹ ਹਾਸਲ ਕਰ ਸਕਦੇ ਹਨ। ਸਮਾਗਮ ਮੌਕੇ ਡਾ. ਬਲਜੀਤ ਕੌਰ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਸਰੀਰਕ ਪੱਖੋਂ ਚੁਣੌਤੀ ਭਰਪੂਰ ਬੱਚਿਆਂ ਨੂੰ ਅੱਗੇ ਵਧਣ ਲਈ ਵਧੀਆ ਮਾਹੌਲ ਦੇ ਕੇ ਪਟਿਆਲਾ ਜ਼ਿਲ੍ਹੇ ਨੇ ਸੂਬੇ ਦੇ ਬਾਕੀ ਜ਼ਿਲ੍ਹਿਆਂ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ।
ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗਾਂ ਦੇ ਮੰਤਰੀ ਡਾ. ਬਲਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ | ਇਸਦੇ ਨਾਲ ਹੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸਦੇ ਨਾਲ ਹੀ ਨੋਇਡਾ ਡੈਫ਼ ਸੁਸਾਇਟੀ ਦੀ ਰਵਿੰਦਰ ਕੌਰ ਨੇ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦੇ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਪੰਜਾਬ ਸਰਕਾਰ ਵੱਲੋਂ ਇਸ ਕੌਮਾਂਤਰੀ ਦਿਹਾੜੇ ਮੌਕੇ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ ।
ਇਸ ਸਮਾਗਮ ‘ਚ ਪਟਿਆਲਾ ਐਸੋਸੀਏਸ਼ਨ ਫ਼ਾਰ ਦੀ ਡੈਫ਼, ਪਟਿਆਲਾ ਸਕੂਲ ਫਾਰ ਦੀ ਡੈੱਫ਼, ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਹੀਅਰਿੰਗ ਇੰਪੇਅਰਡ, ਨੋਇਡਾ ਡੈਫ ਸੁਸਾਇਟੀ ਤੇ ਸਪੀਕਿੰਗ ਹੈਂਡਸ ਸੁਸਾਇਟੀ ਰਾਜਪੁਰਾ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾਗਿਆ ਹੈ।
ਇਸ ਸਮਾਗਮ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਐਸ.ਐਸ.ਪੀ. ਡਾ. ਨਾਨਕ ਸਿੰਘ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਅਰਵਿੰਦ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਸੁਸਾਇਟੀ ਫਾਰ ਵੈਲਫੇਅਰ ਆਫ਼ ਹੈਂਡੀਕੈਪਡ ਦੇ ਸਕੱਤਰ ਕਰਨਲ ਕਰਮਿੰਦਰ ਸਿੰਘ, ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੇ ਜਗਦੀਪ ਸਿੰਘ ਤੋਂ ਇਲਾਵਾ ਪੰਜਾਬ ਭਰ ਤੋਂ ਆਏ ਬੋਲਣ ਤੇ ਸੁਨਣ ਤੋਂ ਅਸਮਰਥ ਲੋਕਾਂ ਨੇ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ਹੈ।