ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ

ਲਿਖਾਰੀ
ਕਮਲਦੀਪ ਸਿੰਘ ਬਰਾੜ

ਮਾਨਸਾ ਚੋਂ ਟਿੱਬੇ ਲਗਭੱਗ ਖਤਮ ਹੋ ਚੁੱਕੇ ਨੇ। ਪਰ ਸਿੱਧੂ ਮੂਸੇਵਾਲਾ ਨੇ ਆਪਣੀ ਕਲਾ ਰਾਹੀਂ ਖਤਮ ਹੋ ਚੁੱਕੇ ਟਿੱਬਿਆਂ ਨੂੰ ਦੁਨੀਆਂ ਦੇ ਨਕਸ਼ੇ ‘ਤੇ ਦੁਬਾਰਾ ਲਿਆ ਕੇ ਖੜਾ ਕਰਤਾ। ਲੋਕ ਬਾਹਰ ਜਾ ਕੇ ਵਾਪਸ ਆਉਣਾ ਭੁੱਲ ਗਏ। ਸਿੱਧੂ ਆਪਣੇ ਪਿੰਡ ਆ ਕੇ ਵਸ ਗਿਆ।ਦੁਨੀਆਂ ਦੀ ਇਕ ਹੀ ਆਰਥਿਕ ਨੀਤੀ ਹੈ। ਜਿੱਥੇ ਹੋ ਸਕੇ ਫੈਕਟਰੀਆਂ ਲਾ ਦਿਉ। ਪਰ ਪੰਜਾਬ ਵਿੱਚ ਹਾਲੇ ਵੀ ਪੱਛੜੇ ਲੋਕ ਨੇ ਜੋ ਇਸ ਨੂੰ ਫੈਕਟਰੀ ਬਣਨ ਤੋਂ ਰੋਕਣਾ ਚਾਹੁੰਦੇ ਨੇ ਤੇ ਟਿੱਬਿਆਂ ਨੂੰ ਚੇਤਿਆਂ ਚੋਂ ਵਿਸਾਰਨਾ ਨਹੀਂ ਚਾਹੁੰਦੇ। ਪੰਜਾਬ ਬੋਰਡ ਦੀ ਚੌਥੀ ਦੀ ਕਿਤਾਬ ‘ਚ ਲਿਖਿਆ ਹੁੰਦਾ ਸੀ। ਮਾਨਸਾ ਤੇ ਬਠਿੰਡਾ ਪੰਜਾਬ ਦੇ ਪੱਛੜੇ ਇਲਾਕੇ ਨੇ। ਸਿੱਧੂ ਨੇ ਇਨਾਂ ਪੱਛੜਿਆਂ ਦਾ ਗੀਤ ਗਾਇਆ।

ਸਿੱਧੂ ਮੂਸੇਵਾਲਾ ਨੇ ਭਲਾ ਮਿਥਿਆ ਨਾ ਹੋਵੇ। ਪਰ ਉਹ ਪੰਜਾਬ ਦੀ ਪੱਛੜੀ ਸੋਚ ਦਾ ਗਲੋਬਲ ਬਰੈਂਡ ਹੈ। ਸਲੋ ਮੋਸ਼ਨ ‘ਚ ਟਰੈਕਟਰਾਂ ਤੇ ਹਲਾਂ ਦੀ ਵੀਡੀਉ ਕੌਣ ਬਣਾਉਂਦਾ ਸੀ ਭਲਾ। ਸਕੂਲਾਂ ਕਾਲਜਾਂ ਨੇ ਖੇਤੀ ਬਾਰੇ ਮੁੰਡਿਆਂ ਦੇ ਮਨਾਂ ‘ਚ ਹੀਣਤਾ ਭਰਤੀ। ਇਸ ਹੀਣਤਾ ਨੂੰ ਗੀਤਾਂ ਰਾਹੀਂ ਚਨੌਤੀ ਦੇਣਾ ਰਵਿਲਿਊਸ਼ਨ ਹੀ ਸੀ। ਉਸ ਨੇ ਆਪਣੇ ਇਕ ਗੀਤ ਵਿੱਚ ਕਿਹਾ ਵੀ ਸੀ।

ਉਸਦਾ ਕੁਦਰਤੀ ਮੁਹਾਨ ਪੰਜਾਬ ਵੱਲ ਸੀ। ਨਾਬਰੀ ਵੱਲ ਸੀ। ਉਸ ਨੇ ਪੱਛੜੀ ਗੱਲ ਕਰਨੀ ਸੀ। ਉਹ ਗੱਲ ਜਿੱਸ ਵਿੱਚ ਮੌਤ ਦਾ ਜਸ਼ਨ ਸੀ। ਹਥਿਆਰਾਂ ਦੀ ਮਹਿਮਾਂ। ਜਿਉਣੇ ਤੇ ਸੁੱਚੇ ਦੀ ਗਾਥਾ। ਉਸ ਨੇ ਬਣੇ ਬਣਾਏ ਖਾਕਿਆਂ ਨੂੰ ਤੋੜ ਕੇ ਇਕ ਅਰਾਜਕਤਾ ਫੈਲਾ ਦਿੱਤੀ।ਇਸ ਕਰਕੇ ਉਹ ਜਿਆਦਾ ਪੜਿਆਂ ਲਿਖਿਆਂ ਦਾ ਪਸੰਦੀਦਾ ਨਹੀਂ ਸੀ। ਉਸ ਦੇ ਫੈਨ ਸਿਰਫ ਜੱਟਾਂ ਦੇ ਕਾਕੇ ਨਹੀਂ ਸਨ। ਉਸ ਦੇ ਸਿਵਿਆਂ ‘ਚ ਜਾਂਦੇ ਕੱਠ ‘ਚ ਉਹ ਮਿਹਨਤੀ ਲੋਕ ਸਨ ਜੋ ਮੁੜਕੇ ਦੇ ਮੁਸ਼ਕ ਨੂੰ ਸਹਾਰ ਸਕਦੇ ਸੀ।

ਦੁਨੀਆਂ ‘ਚ ਇਕ ਹੀ ਤਰਾਂ ਦਾ ਪ੍ਰੋਪੇਗੰਡਾ ਚੱਲ ਰਿਹਾ। ਉਸ ਦੀ ਗਾਇਕੀ ਵਿਚੋਂ ਜਗੀਰੂ ਮਾਨਸਿਕਤਾ, ਹੈਂਕੜ ਤੇ ਮਰਦਾਨਵੀ ਧੋਂਸ ਨੂੰ ਲੱਭਦੇ ਬੁੱਧੀਜੀਵੀ ਉਸੇ ਪ੍ਰੋਪੇਗੰਡੇ ਨੂੰ ਅੱਗੇ ਵਧਾਉਂਦੇ ਨੇ। ਇਸ ਪ੍ਰੋਪੇਗੰਡੇ ਦਾ ਮਕਸਦ ਲੋਕਾਂ ਦੀਆਂ ਸਾਰੀਆਂ ਅੱਡਰੀਆਂ ਪਛਾਣਾਂ ਖਤਮ ਕਰਕੇ ਮਨੁੱਖੀ ਦੇਹ ਨੂੰ ਸਿਰਫ ਅਧਾਰ ਕਾਰਡ ਦੇ ਨੰਬਰ ਨਾਲ ਪ੍ਰਭਾਸ਼ਿਤ ਕਰਨਾ ਹੈ।

ਮੂਸੇ ਵਾਲਾ ਸਹਿਜ ਸੁਭਾਅ ਉਸ ਪ੍ਰੋਪੇਗੰਡੇ ਦੇ ਦੂਜੇ ਪਾਸੇ ਜਾ ਖਲੋਤਾ। ਉਸ ਦੇ ਸਰੋਤੇ ਵੀ ਉਸੇ ਸੁਭਾਅ ਚੋਂ ਨਿਕਲੇ ਨੇ। ਜਿੰਨਾ ਨੂੰ ਜਿਆਦਾ ਪਤਾ ਨਹੀਂ ਕਿ ਮੂਸੇ ਵਾਲਾ ਕੀ ਗਾ ਰਿਹਾ ? ਕਿਉਂ ਗਾ ਰਿਹਾ ? ਸ਼ਾਇਦ ਮੂਸੇ ਆਲੇ ਨੂੰ ਵੀ ਨਹੀਂ ਪਤਾ ਸੀ। ਪਰ ਉਨਾਂ ਦੀਆਂ ਰਗਾਂ ਅੰਦਰ ਵਗਦੇ ਖੂਨ ਵਿਚਲਾ ਕੋਈ ਦੈਵੀ ਤੱਤ ਮੂਸੇਆਲੇ ਤੇ ਉਸ ਦੇ ਸਰੋਤਿਆਂ ਨੂੰ ਇਕਮਿੱਕ ਕਰ ਦਿੰਦਾ ਸੀ। ਇਹ ਉਹੀ ਤੱਤ ਹੋਵੇਗਾ ਜਿਸ ਚੋਂ ਪੰਜਾਬ ਦਾ ਖੂਨ ਬਣਿਆ ਤੇ ਜਿਹੜਾ ਤੱਤ ਖਤਮ ਕਰਨ ਵਾਸਤੇ ਯੂਨੀਵਰਸਟੀਆਂ ਦਾ ਜੋਰ ਲੱਗਿਆ ਹੋਇਆ। ਪਰ ਫੇਰ ਕੋਈ ਮੂਸੇਆਲਾ ਉਗਰ ਆਉਂਦਾ।

ਪਰ ਮਰ ਕੇ ਵੀ ਮੂਸੇਵਾਲਾ ਉਸ ਪ੍ਰੋਪੇਗੰਡੇ ਨੂੰ ਖਤਰਾ ਬਣਿਆ ਰਹੂ ਜਿਸ ਵਿੱਚ ਗੁਰਦਾਸ ਮਾਨ ਟਾਈਪ ਬੁੱਧੀਜੀਵੀ ਜਿਉਂਦੇ ਜਿਉਂ ਸਮਾ ਗਏ। ਜਿਉਂਦਾ ਬੰਦਾ ਚੰਗਾ ਵੀ ਕਰਦਾ ਤੇ ਮਾੜਾ ਵੀ। ਮੂਸੇਵਾਲੇ ‘ਚ ਜੇ ਕੋਈ ਕਮੀ ਰਹਿ ਗਈ ਸੀ ਤਾਂ ਉਸਦੀ ਮੌਤ ਨੇ ਪੂਰੀ ਕਰਤੀ। ਉਸ ਨੂੰ ਮੂਹੋਂ ਮੰਗੀ ਮੌਤ ਮਿਲੀ। ਉਸ ਨੇ ਆਪਣੀ ਮੌਤ ਦਾ ਗਾਣਾ ਆਪ ਗਾਇਆ। ਐਨੀ ਛੋਟ ਕਿਹਨੂੰ ਮਿੱਲਦੀ ਆ ? ਕੋਈ ਛੱਕ ਨਹੀਂ ਵਡੇਰਿਆਂ ਨੂੰ ਮੱਥਾ ਟੇਕਣ ਆਲੇ ਉਸ ਨੂੰ ਵੱਡਾ ਸਮਝ ਕੇ ਪੂਜਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।