ਮਾਨਸਾ, 19 ਅਕਤੂਬਰ 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਵਿੱਚ 25 ਨਾਮਜ਼ਦ ਵਿਅਕਤੀਆਂ ਦੀ ਪੇਸ਼ੀ ਸੀ, ਜਿਹਨਾਂ ਦੇ ਵਿੱਚੋਂ 22 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ | ਜਦੋਂਕਿ ਕਪਿਲ ਪੰਡਿਤ, ਸਚਿਨ ਬਿਵਾਨੀ ਤੇ ਜੱਗੂ ਭਗਵਾਨਪੁਰੀਏ ਨੂੰ ਪੇਸ਼ ਨਹੀਂ ਕੀਤਾ ਗਿਆ ਅਤੇ ਅਗਲੀ ਪੇਸ਼ੀ 2 ਨਵੰਬਰ 2023 ਨੂੰ ਤੈਅ ਕੀਤੀ ਗਈ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਦੇ ਦੌਰਾਨ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖ਼ੁਦ ਮਾਣਯੋਗ ਅਦਾਲਤ ਦੇ ਵਿੱਚ ਜੱਜ ਸਾਹਮਣੇ ਪੇਸ਼ ਹੋਏ ਅਤੇ ਉਹਨਾਂ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਹੈ, ਇਨਸਾਫ਼ ਦੇ ਦਿਓ | ਤਾਂ ਮਾਣਯੋਗ ਅਦਾਲਤ ਨੇ ਵੀ ਅੱਗੋਂ ਉਹਨਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ |
ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਆਸਵੰਦ, ਇਸ ਵਾਰ ਜ਼ਿਆਦਾ ਸੀ ਕਿ ਸ਼ਾਇਦ ਉਹਨਾਂ ਨੂੰ ਫਿਜੀਕਲ ਤੌਰ ‘ਤੇ ਪੇਸ਼ ਕੀਤਾ ਜਾਵੇਗਾ। ਪਰ ਇਸ ਵਾਰ ਵੀ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਸਾਰਿਆਂ ਨੂੰ ਪੇਸ਼ ਨਹੀਂ ਕੀਤਾ ਗਿਆ | ਉਹਨਾਂ ਕਿਹਾ ਕਿ ਹੁਣ ਤੱਕ 22 ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋ ਚੁੱਕੀ ਹੈ | ਜਦੋਂ ਕਿ ਤਿੰਨ ਅਜੇ ਤੱਕ ਟਰੇਸ ਨਹੀਂ ਹੋਏ ਕਿ ਕਿਸ ਜੇਲ੍ਹ ਦੇ ਵਿੱਚ ਬੰਦ ਹਨ |
ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਤਾਂ ਵਰਤ ਹੋਣ ਦੇ ਕਾਰਨ ਮੌਨ ਧਾਰ ਕੇ ਹੀ ਕੋਰਟ ਦੇ ਵਿੱਚ ਪੇਸ਼ ਹੋਇਆ ਅਤੇ ਉਸ ਵੱਲੋਂ ਕੁਝ ਵੀ ਕੋਰਟ ਦੇ ਅੱਗੇ ਨਹੀਂ ਬੋਲਿਆ ਗਿਆ | ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਣਯੋਗ ਅਦਾਲਤ ‘ਤੇ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਕੇਸ ਦੀ ਅਗਲੀ ਤਾਰੀਖ਼ 2 ਨਵੰਬਰ 2023 ਨੂੰ ਰੱਖੀ ਗਈ ਹੈ।