ਮਾਨਸਾ 08 ਜੂਨ 2022: ਅੱਜ ਮਾਨਸਾ ਦੀ ਅਨਾਜ ਮੰਡੀ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੈ। ਇਸ ਸਬੰਧੀ ਭੋਗ ਸਮਾਗਮ ਕਰਵਾਇਆ ਗਿਆ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦੂਰੋਂ-ਦੂਰੋਂ ਪ੍ਰਸ਼ੰਸਕ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਕਈ ਰਾਜਨੇਤਾ ਅਤੇ ਕਲਾਕਾਰ ਵੀ ਮੌਜੂਦ ਰਹਿਣਗੇ। ਆਪਣੇ ਇਕਲੌਤੇ ਪੁੱਤ ਦੇ ਭੋਗ ਸਮਾਗਮ ‘ਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਆਪਣੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੈ। ਅੱਜ ਅੰਤਿਮ ਅਰਦਾਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਅੱਜ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਕੀਰਤਨ ਕਰਨਗੇ ਅਤੇ ਗਿਆਨੀ ਹਰਪਾਲ ਸਿੰਘ ਜੀ ਸ੍ਰੀ ਫ਼ਤਹਿਗੜ੍ਹ ਵਾਲੇ ਕਥਾ ਕਰਨਗੇ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਸਮੂਹ ਸੰਗਤਾਂ ਨਾਲ ਦਿਲ ਦੀਆ ਗੱਲਾਂ ਸਾਂਝੀਆਂ ਕਰਨਗੇ। ਪਰਿਵਾਰ ਵੱਲੋਂ ਸਮੂਹ ਸਮਰਥਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਸਾਰੇ ਦਸਤਾਰ ਸਜਾ ਕੇ ਆਉਣ। ਇਹੀ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।