Site icon TheUnmute.com

ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਆਪਣੇ ਮਾਫ਼ੀਆ ਸਬੰਧੀ ਸਟੈਂਡ ਤੋਂ ਬਦਲਿਆ : ਹਰਪਾਲ ਚੀਮਾ

aap

ਚੰਡੀਗੜ੍ਹ, 6 ਅਗਸਤ 2021 :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ ਲਾਇਆ ਹੈ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਿਰਗਟ ਤੋਂ ਵੀ ਤੇਜ ਰੰਗ ਬਦਲ ਰਹੇ ਹਨ ਅਤੇ ਉਨ੍ਹਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਜੱਫੀਆ ਪਾ ਰਹੇ ਹਨ, ਜਿਨ੍ਹਾਂ ਉਤੇ ਪੰਜਾਬ ਦੇ ਲੋਕ ਮਾਫੀਆ ਰਾਜ ਚਲਾਉਣ ਦੇ ਦੋਸ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਖਲਿਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸ਼ੁੱਕਰਵਾਰ ਨੂੰ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੋਹਰੇ ਚਰਿੱਤਰ ਤੇ ਦੋਹਰੇ ਸਟੈਂਡ ਦਾ ਮਾਲਕ ਹੈ, ਜੋ ਪਹਿਲਾ ਰੇਤ, ਸਰਾਬ, ਟਰਾਂਸਪੋਰਟ, ਜਮੀਨ ਆਦਿ ਮਾਫੀਆ ਰਾਜ ਖਤਮ ਕਰਨ ਦੀਆਂ ਟਾਹਰਾ ਮਾਰਦਾ ਸੀ, ਹੁਣ ਉਸੇ ਮਾਫੀਆ ਰਾਜ ਨੂੰ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਘਰ ਘਰ ਜਾ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਪ੍ਰਤੀਤ ਹੁੰਦਾ ਕਿ ਮਾਫੀਆ ਨੇ ਨਵਜੋਤ ਸਿੱਧੂ ਦੀ ਜੁਬਾਨ ‘ਤੇ ਲਗਾਮ ਲਾ ਦਿੱਤੀ ਹੈ ਕਿਉਂਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਮਾਫੀਆ ਕੋਲੋ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਉਹ ਹਿੱਸਾ ਹੁਣ ਨਵਜੋਤ ਸਿੱਧੂ ਨੇ ਲੈਣਾ ਸੁਰੂ ਕਰ ਦਿੱਤਾ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਪੰਜਾਬ ‘ਚ ਜਿਹੜਾ ਮਾਫੀਆ ਰਾਜ ਬਾਦਲਾਂ ਨੇ ਸਥਾਪਤ ਕੀਤਾ ਸੀ, ਉਸੇ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਲੂ ਰੱਖਿਆ ਅਤੇ ਹੁਣ ਨਵਜੋਤ ਸਿੱਧੂ ਵੀ ਨਜਾਇਜ ਸਰਾਬ, ਰੇਤ ਅਤੇ ਜਮੀਨ ਮਾਫੀਆ ਸਰਗਣੇ ਵਿਧਾਇਕਾਂ ਮੰਤਰੀਆਂ ਨਾਲ ਹੋ ਤੁਰੇ ਹਨ । ਚੀਮਾ ਨੇ ਕਿਹਾ ਕਿ 1992 ਤੋਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਮਾਫੀਆ ਰਾਜ ਸਥਾਪਤ ਕਰਕੇ ਪੰਜਾਬ ਨੂੰ ਤਿੰਨ ਲੱਖ ਕਰੋੜ ਰੁਪਏ ਦੇ ਕਰਜੇ ਵਿੱਚ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਮੇਂ ਨਵਜੋਤ ਸਿੰਘ ਸਿੱਧੂ ਬਾਹਾਂ ਉਲਾਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸਨ ਪ੍ਰੰਤੂ ਅੱਜ ਉਸ ਹੀ ਸ਼ਰਾਬ ਮਾਫੀਆ ਦੀ ਗੋਦੀ ਵਿੱਚ ਜਾ ਕੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਨਾਲ ਨੇੜਤਾ ਬਣਾ ਕੇ ਸਿੱਧੂ ਨੇ ਸ਼ਰਾਬ ਕਾਂਡ ਦੇ ਪੀੜਤਾਂ ਦੇ ਹਿਰਦੇ ਵਲੂੰਧਰੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ”ਤੇ ਸਰਾਬ, ਜਮੀਨ, ਰੇਤ, ਟਰਾਂਸਪੋਰਟ ਅਤੇ ਕੇਬਲ ਮਾਫੀਆ ਵਿੱਚ ਸਾਮਲ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਖਲਿਾਫ ਕਾਨੂੰਨੀ ਕਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਕੱਚਾ ਚਿੱਠਾ ਲੋਕਾਂ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਇਹ ਸਾਰਾ ਮਾਫ਼ੀਆ ਅਕਾਲੀ ਅਤੇ ਕਾਂਗਰਸੀ ਰਲ ਮਿਲ ਕੇ ਚਲਾ ਰਹੇ ਹਨ ਅਤੇ ਸਿਰਫ਼ ਚਿਹਰੇ ਹੀ ਬਦਲਦੇ ਹਨ ਜਦਕਿ ਉਨ੍ਹਾਂ ਦੇ ਕਾਰਜ ਉਹ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਬਾਕੀ ਅਕਾਲੀਆਂ ਅਤੇ ਕਾਂਗਰਸੀਆਂ ਵਾਂਗ ਹੀ ਮਾਫੀਆ ਦਾ ਹਿੱਸਾ ਹਨ ਜਦੋਂ ਕਿ ਪਹਿਲਾਂ ਉਹ ਸੱਚੇ ਹੋਣ ਦਾ ਮਖੌਟਾ ਪਾ ਕੇ ਘੁੰਮ ਰਹੇ ਸਨ।

Exit mobile version