ਚੰਡੀਗੜ੍ਹ,15 ਜੂਨ 2023: ਕਰਨਾਟਕ ਦੀ ਸਿੱਧਾਰਮਈਆ ਸਰਕਾਰ ਨੇ ਆਰਐਸਐਸ ਦੇ ਸੰਸਥਾਪਕ ਕੇਬੀ ਹੇਡਗੇਵਾਰ (K.B. Hedgewar) ਨਾਲ ਸਬੰਧਤ ਸਮੱਗਰੀ ਨੂੰ ਸਕੂਲੀ ਪਾਠ ਪੁਸਤਕਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਮਧੂ ਬੰਗਾਰੱਪਾ ਨੇ ਦਿੱਤੀ। ਕਰਨਾਟਕ ਦੇ ਸਾਬਕਾ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਸਿੱਧਾਰਮਈਆ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੁਸਲਮਾਨਾਂ ਦੀਆਂ ਵੋਟਾਂ ਚਾਹੁੰਦੀ ਹੈ ਅਤੇ ਸਿੱਧਾਰਮਈਆ ਦੀ ਸਰਕਾਰ ਹਿੰਦੂਆਂ ਦੇ ਵਿਰੁੱਧ ਹੈ।
ਕਰਨਾਟਕ ਦੇ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਪਹਿਲਾਂ ਕਿਹਾ ਸੀ ਕਿ ਸਾਡੇ ਕੋਲ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਸੱਚਮੁੱਚ ਯੋਗਦਾਨ ਪਾਇਆ ਹੈ। ਉਨ੍ਹਾਂ ਭਾਜਪਾ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਆਜ਼ਾਦੀ ਸੰਘਰਸ਼ ਦੀ ਗੱਲ ਕਰੀਏ ਤਾਂ ਆਜ਼ਾਦੀ ਸੰਘਰਸ਼ ‘ਚ ਹਿੱਸਾ ਲੈਣ ਵਾਲਿਆਂ ਨੂੰ ਹੀ ਦਿਖਾਇਆ ਜਾਵੇ ਨਾ ਕਿ ਤੁਹਾਡੀ ਨਿੱਜੀ ਪਸੰਦ ਜਾਂ ਜਿਸ ਨੂੰ ਤੁਸੀਂ ਆਪਣਾ ਆਦਰਸ਼ ਮੰਨਦੇ ਹੋ।